Rizak di khed

Giani Sant Singh ji Maskeen · ਕਥਾ ਅਤੇ ਲੈਕਚਰ · ੨੩੧ / ੩੧੨

ਰਿਜ਼ਕ ਦੀ ਖੇਡ ਦੂਜੇ ਗੁਰੂ ਨਾਨਕ ਜੀ ਦੇ ਬੋਲ ਸੁਣੋ: ਨਕਿ ਨਥ ਖਸਮ ਹਥ ਕਿਰਤੂ ਧਕੇ ਦੇ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥
{ਵਾਰ ਸੋਰਠਿ, ਮ:੨, ਪੰਨਾ ੬੫੩} ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਕ ਸੱਚਾਈ ਮੇਰੇ ਕੋਲੋਂ ਸੁਣ ਲਉ। ਮਨੁੱਖ ਜਿਥੇ ਬੈਠਾ, ਉਥੇ ਉਸ ਦਾ ਰਿਜ਼ਕ ਨਹੀਂ, ਰਿਜ਼ਕ ਲੱਭਣਾ ਪੈਣੈ- ਮਨੁੱਖ ਘਰ ਤੋਂ ਬਾਜ਼ਾਰ ਤਕ ਆਏਗਾ, ਫੈਕਟਰੀ ਤਕ ਆਏਗਾ, ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਏਗਾ, ਇਕ ਮੁਲਕ ਤੋਂ ਦੂਜੇ ਮੁਲਕ ਜਾਏਗਾ; ਮਨੁੱਖ ਜਿਥੇ ਹੈ, ਉਥੇ ਰਿਜ਼ਕ ਨਹੀਂ। 'ਜਹਾ ਦਾਣੇ ਤਹਾਂ ਖਾਣੇ' ਜਿਥੇ ਰਿਜ਼ਕ ਪਿਆ, ਇਹ ਰਿਜ਼ਕ ਉਸ ਨੂੰ ਖਿੱਚ ਕੇ ਉਥੇ ਲੈ ਜਾਏਗਾ। ਲੱਭਦਾ ਲੱਭਦਾ ਉਥੇ ਹੀ ਚਲਾ ਜਾਏਗਾ, ਕਿਥੇ? ਜਿਥੇ ਇਸ ਦਾ ਰਿਜ਼ਕ ਹੈ। ਬਹੁਤ ਪੁਰਾਣੀ ਗੱਲ ਹੈ- ਅੰਦਾਜ਼ਨ ਮੈਂ ਕਹਿ ਸਕਦਾਂ, ਕੋਈ ਚਾਲ੍ਹੀ ਸਾਲ ਪੁਰਾਣੀ ਹੋਵੇਗੀ। ਸੰਨ ਬਾਹਠ ਤ੍ਰੇਹਠ ਦੀ ਗੱਲ ਹੈ। ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਗਿਆਨੀ ਮਾਨ ਸਿੰਘ ਜੀ ਝੋਰ ਕਥਾ ਕਰ ਰਹੇ ਸਨ। ਅੱਜ ਤੋਂ ਤੀਹ ਪੈਂਤੀ ਸਾਲ ਪਹਿਲੇ ਕੁਛ ਅੱਠ ਦਸ ਵਿਦਵਾਨ ਬੜੇ ਚੋਟੀ ਦੇ ਹੋਏ ਨੇ। ਬੇਦੀ ਵੱਲਡ ਸਿੰਘ ਜੀ, ਗਿਆਨੀ ਤੀਰਥ ਸਿੰਘ ਜੀ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਝੋਰ। ਚੰਗੀਆਂ ਚੰਗੀਆਂ ਹਸਤੀਆਂ ਸਨ। ਅਨੁਭਵੀ ਅਰਥ ਕਰਨ ਵਾਲੇ ਸਨ, ਗੁਰਬਾਣੀ ਦੀ ਬੜੀ ਗਹਿਰਾਈ ਵਿਚ ਜਾਣ ਵਾਲੇ ਸਨ। ਊਨ੍ਹਾਂ ਵਿਚ ਪ੍ਰਿੰਸੀਪਮ ਗੰਗਾ ਸਿੰਘ ਜੀ ਵੀ ਸਨ। ਮੈਂ ਸਵੇਰੇ-ਸਵੇਰੇ ਟਰੇਨ ਤੋਂ ਉਤਰਿਆ, ਆਸਨਸੋਲ ਤੋਂ ਆਇਆ ਸਾਂ। ਫਿਰ ਨਹਾ ਧੋ ਕੇ ਜਿਉਂ ਹੀ ਮੱਥਾ ਟੇਕਣ ਗਿਆ ਤਾਂ ਗਿਆਨੀ ਮਾਨ ਸਿੰਘ ਜੀ ਝੋਰ ਕਥਾ ਕਰ ਰਹੇ ਸਨ। ਭਾਵੇਂ ਮੈਂ ਅਲਵਰ ਲਈ ਚਾਲੇ ਪਾਉਣੇ ਸਨ, ਪਰ ਮੈਂ ਰੁਕ ਗਿਆ ਤੇ ਬੈਠ ਗਿਆ। ਮੈਂ ਕਿਹਾ ਕਿ ਬਜ਼ੁਰਗ ਨੇ, ਵਿਦਵਾਨ ਨੇ। ਉਦੋਂ ਉਹ ਚੌਰਾਸੀ ਕੁ ਸਾਲ ਦੇ ਸਨ, ਮੇਰੀ ਚੜ੍ਹਦੀ ਜੁਆਨੀ ਸੀ। ਮੈਂ ਕਿਹਾ ਕਿ ਬਜ਼ੁਰਗ ਨੇ, ਇਨ੍ਹਾਂ ਦੀ ਕਥਾ ਸੁਣੀਏ। ਉਹ ਸਨਾਤਨ ਧਰਮ ਦਾ ਇਕ ਮਿਥਿਹਾਸ ਸੁਣਾ ਰਹੇ ਸਨ, ਬਈ ਬ੍ਰਹਮੇ ਨੇ ਸੰਸਾਰ ਬਣਾਇਆ, ਵਿਸ਼ਨੂੰ ਪਾਲਣਾ ਕਰ ਰਿਹੈ, ਸ਼ਿਵ ਜੀ ਪ੍ਰਲੈ ਕਰਦੈ। ਵਿਸ਼ਨੂੰ ਦੀ ਗਾਥਾ ਸੁਹ ਬੜੇ ਸੋਹਣੇ ਢੰਗ ਨਾਲ ਸੁਣਾ ਰਹੇ ਸਨ। ਇਸ ਮਿਥਿਹਾਸ ਨੂੰ ਪੇਸ਼ ਕਰਨ ਦਾ ਉਨ੍ਹਾਂ ਦਾ ਆਪਣਾ ਇਕ ਢੰਗ ਸੀ। ਬੜਾ ਸੋਹਣਾ ਤਰੀਕਾ ਸੀ। ਕਹਿਣ ਲੱਗੇ- ਜੀਵਾਂ ਦੀ ਬਣਤਰ ਤੋਂ ਬਾਅਦ ਜਦ ਵਿਸ਼ਨੂੰ ਨੇ ਆਪਣਾ ਕੰਮ ਸੰਭਾਲਿਆ, ਬਈ ਸਾਰਿਆਂ ਦੀ ਝੋਲੀ ਵਿਚ ਰਿਜ਼ਕ ਪਾਉਣਾ ਹੈ। ਕਹਿੰਦੇ ਕਿ ਬੜੀਆਂ ਵੱਡੀਆ- ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਨ-ਪਸ਼ੂਆਂ ਦੀਆਂ, ਪੰਖੀਆਂ ਦੀਆ, ਮਨੁੱਖਾਂ ਦੀਆਂ-ਮੈਂ ਵੀ ਉਸੇ ਲਾਈਨ ਵਿਚ ਖੜਾ ਹੋ ਗਿਆ। ਵਿਸ਼ਨੂੰ ਹਰ ਇਕ ਦੀ ਝੋਲੀ ਵਿਚ ਮੁੱਠ ਨਾਲ ਦਾਣੇ ਭਰ ਕੇ ਪਾ ਦਿੰਦੈ। ਹਰ ਇਕ ਦੀ ਝੋਲੀ ਵਿਚ ਉਹਦਾ ਰਿਜ਼ਕ ਪਾ ਦਿੰਦੈ ਔਰ ਜੀਵ ਅੱਗੇ ਚਲੇ ਜਾਂਦੇ ਨੇ। ਕਹਿੰਦੇ ਕਿ ਸਹਿਜੇ ਸਹਿਜੇ ਮੇਰੀ ਵਾਰੀ ਆਈ। ਮੈਂ ਆਪਣੀ ਝੋਲੀ ਅੱਗੇ ਕੀਤੀ। ਵਿਸ਼ਨੂੰ ਨੇ ਦਾਣਿਆਂ ਦੀ ਮੁੱਠ ਭਰੀ ਤੇ ਦੂਰ ਤਕ ਖਲਾਰ ਦਿੱਤੀ। ਫਿਰ ਨਾਲ ਹੀ ਆਖਿਆ-ਗਿਆਨੀ ਸਿੰਘ! ਜਿਥੇ ਜਿਥੇ ਹੁਣ ਇਹ ਦਾਣੇ ਖਿਲਰੇ ਪਏ ਨੇ, ਚੁਣ ਲੈ। ਗਿਆਨੀ ਜੀ ਕਹਿਣ ਲੱਗੇ ਕਿ ਜਨਮ ਤੋਂ ਲੈ ਕੇ ਹੁਣ ਤਕ ਚੁੱਣਦੇ ਹੀ ਪਏ ਆਂ। ਜਿਸ ਦਿਨ ਦਾਣੇ ਮੁੱਕ ਗਏ, ਉਸ ਦਿਨ ਮਾਨ ਸਿੰਘ ਮੁੱਕ ਜਾਏਗਾ। ਇੰਜ ਕਹਿਣ ਲੱਗੇ, ਜਿਸ ਦਿਨ ਦਾਣੇ ਮੁੱਕ ਗਏ, ਉਸ ਦਿਨ ਗਿਆਨੀ ਮਾਨ ਸਿੰਘ ਮੁੱਕ ਜਾਏਗਾ: ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥
ਕਿਰਤ ਭਜਾਈ ਫਿਰਦੀ ਹੈ। ਸਾਰੀ ਖੇਡ ਰਿਜ਼ਕ ਦੀ ਹੈ। ਇਸ ਲਈ ਐ ਬੰਦੈ! ਤੇਰਾ ਰਿਜ਼ਕ ਮੁੱਕ ਜਾਵੇ। ਇਸ ਤੋਂ ਪਹਿਲੇ ਪਹਿਲੇ ਰੋਜ਼ੀ ਦਹਿੰਦ ਨਾਲ ਸਾਂਝ ਬਣਾ ਲੈ। ਪਰਮਾਤਮਾ ਨਾਲ ਸਾਂਝ ਬਣਾ ਲੈ। ਤੇਰਾ ਜਨਮ ਸਫਲ ਹੋ ਜਾਵੇ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ