Laina te Dena

Giani Sant Singh ji Maskeen · ਕਥਾ ਅਤੇ ਲੈਕਚਰ · ੨੨੬ / ੩੧੨

ਲੈਣਾ ਤੇ ਦੇਣਾ ਜਗਤ ਵਿਚ ਇਕ ਅਟੱਲ ਨਿਯਮ ਕੰਮ ਕਰ ਰਿਹਾ ਹੈ ਕਿ ਲੈਣਾ ਦੇਣੇ ਦੀ ਬੁਨਿਆਦ ਤੇ ਖੜਾ ਹੈ। ਜੇ ਦੇਣਾ ਬੰਦ ਕਰ ਦਈਏ ਤਾਂ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਇਕ ਸਾਹ ਬਾਹਰ ਸਟੁਦੇ ਹਾਂ ਤਾਂ ਹੀ ਸਾਹ ਅੰਦਰ ਵਾਸਤੇ ਮਿਲਦਾ ਹੈ, ਜੇ ਬਾਹਰ ਕੱਢਣਾ ਬੰਦ ਕਰ ਦੇਈਏ ਤਾਂ ਲੈਣਾ ਵੀ ਔਖਾ ਹੋ ਜਾਵੇਗਾ। ਜਿਸ ਤਰ੍ਹਾਂ ਬਾਜ਼ਾਰ ਵਿਚ ਪੈਸੇ ਦੇ ਕੇ ਵਸਤੂਆਂ ਲਈਦੀਆਂ ਹਨ, ਇਸੇ ਤਰ੍ਹਾਂ ਇੱਜ਼ਤ ਦੇ ਕੇ ਹੀ ਇੱਜ਼ਤ ਮਿਲ ਸਕਦੀ ਹੈ। ਸੁਖ ਦੇ ਕੇ ਹੀ ਸੁਖ ਪ੍ਰਾਪਤ ਹੋ ਸਕਦਾ ਹੈ। ਭਾਈ ਗੁਰਦਾਸ ਜੀ ਇਸੇ ਹੀ ਅਟੱਲ ਨਯਮ ਦਾ ਜ਼ਿਕਰ ਆਪਣੀ ਰਚਨਾ ਅੰਦਰ ਕਰਦੇ ਹਨ: ਦਿਤਾ ਲਈਏ ਆਪਣਾ, ਅਣਦਿਤੇ ਕਿਛੁ ਹਥ ਨ ਆਵੈ॥ ਗੁਰੂ ਦੇਵ ਨੇ ਜਦ ਸਾਨੂੰ ਸਰਬੱਤ ਦਾ ਭਲਾ ਮੰਗਣ ਦਾ ਉਪਦੇਸ਼ ਦਿੱਤਾ ਹੈ, ਇਸ ਵਿਚ ਇਕ ਗਹਿਰੀ ਸੱਚਾਈ ਖੁਲ੍ਹੇ ਸ਼ਬਦਾਂ ਵਿਚ ਸਾਡੇ ਸਾਹਮਣੇ ਰੱਖੀ ਹੈ।

ਜਦ ਹਰ ਜੀਵ ਮਨੁੱਖ-ਮਾਤਰ ਦਾ ਭਲਾ ਮੰਗੇਗਾ ਉਸ ਵਿਚ ਸਾਡੇ ਮਨ ਅੰਦਰ ਇਕ ਪਵਿੱਤ੍ਰਤਾ ਦੀ ਲਹਿਰ ਦੌੜੇਗੀ। ਕਮ-ਅਜ਼-ਕਮ ਬੁਰਾਈ ਮੰਗਣ ਦਾ ਖ਼ਿਆਲ ਤਾਂ ਦੂਰ ਰਹੇਗਾ। ਤਾਂ ਜਦ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਤਾਂ ਅਗਲਾ ਵੀ ਅੰਦਰੂਨੀ ਤੌਰ ਤੇ ਪ੍ਰਭਾਵਤ ਹੁੰਦਾ ਹੈ ਤੇ ਉਹ ਵੀ ਸਾਡਾ ਭਲਾ ਮੰਗਣ ਲੱਗ ਪੈਂਦਾ ਹੈ। ਸਰਬੱਤ ਦੇ ਭਲੇ ਵਿਚ ਪਸ਼ੂ, ਪੰਛੀ, ਬਨਸਪਤੀ, ਕੀੜੇ ਮਕੌੜੇ ਆ ਜਾਂਦੇ ਹਨ। ਸਰਬੱਤ ਦੀ ਭਲਾਈ ਦੇ ਜਜ਼ਬਾਤ ਨਾਲ ਭਰੇ ਹੋਏ ਜੋ ਹਿਰਦੇ ਹਨ ਉਨ੍ਹਾਂ ਨੂੰ ਖ਼ੂੰਖਾਰ ਜਾਨਵਰ ਵੀ ਸਿਜਦੇ ਕਰਦੇ ਹਨ। ਜ਼ਹਿਰੀਲੇ ਕੀੜੇ ਵੀ ਆਪਣੀ ਜ਼ਹਿਰ ਨੂੰ ਦੂਰ ਰੱਖਦੇ ਹਨ। ਗ਼ਰਜ਼ ਕਿ ਜੋ ਕੁਝ ਅਸੀਂ ਦੂਜਿਆਂ ਵਾਸਤੇ ਚਾਹੁੰਦੇ ਹਾਂ, ਉਹ ਸਾਡੀ ਝੋਲੀ ਵਿਚ ਪਹਿਲੇ ਪੈਂਦਾ ਹੈ।

ਅਸੀਂ ਉਹੀ ਕੁਝ ਦੂਜਿਆਂ ਨੂੰ ਦੇ ਸਕਦੇ ਹਾਂ, ਜੋ ਕੁਛ ਸਾਡੇ ਕੋਲ ਹੈ ਤੇ ਜਦ ਅਸੀਂ ਦੇਂਦੇ ਹਾਂ ਤਾਂ ਸਾਡੇ ਕੋਲ ਕਈ ਗੁਣਾਂ ਵਧ ਜਾਂਦਾ ਹੈ। ਜੇ ਅਸ਼ੀਂ ਕਿਸੇ ਨੂੰ ਪ੍ਰੇਸ਼ਾਨ ਕਰ ਰਹੇ ਹਾਂ ਤਾਂ ਇਕ ਗੱਲ ਬਿਲਕੁਲ ਸਪਸ਼ਟ ਹੈ ਕਿ ਖ਼ੁਦ ਪ੍ਰੇਸ਼ਾਨ ਹੋਇਆਂ ਬਿਨਾਂ ਕੋਈ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰ ਸਕਦਾ। ਜਿਸ ਤਰ੍ਹਾਂ ਧਰਤੀ ਵਿਚ ਪਾਇਆ ਹੋਇਆ ਬੀਜ ਕਈ ਗੁਣਾਂ ਵਧ ਹੋ ਕੇ ਉਪਜਦਾ ਹੈ, ਇਸੇ ਤਰ੍ਹਾਂ ਦਿੱਤਾ ਹੋਇਆ ਸੁਖ ਯਾ ਦੁੱਖ ਕਈ ਗੁਣਾਂ ਵਧ ਹੋ ਕੇ ਮਿਲਦਾ ਹੈ। ਇਕ ਸੂਫ਼ੀ ਸੰਤ ਦਾ ਕਹਿਣਾ ਹੈ ਕਿ ਦੁਨੀਆਂ ਦਾ ਸਭ ਤੋਂ ਬਦਕਿਸਮਤ ਬੰਦਾ ਉਹ ਹੈ ਜਿਸ ਦੀਆਂ ਖ਼ੁਸ਼ੀਆਂ ਦੂਜਿਆਂ ਦੇ ਗ਼ਮ ਤੇ ਖੜੀਆਂ ਹਨ: ਗਰ ਇਨਸਾਫ ਪੁਰਸੀ ਬਦ ਅਖ਼ਤਰ ਕਸ ਅਸਤ।

ਕਿ ਦਰ ਰਾਹਤਸ਼ ਰੰਜ ਦੀਗਰ ਕਸ ਅਸਤ। ਦੀਵਾਰ ਤੇ ਗੇਂਦ ਮਾਰੀਏ ਵਾਪਸ ਆਪਣੇ ਹੱਥਾਂ ਵਿਚ ਆ ਜਾਂਦੀ ਹੈ। ਇਸ ਸੰਸਾਰ ਨੂੰ ਦਿੱਤਾ ਹੋਇਆ ਆਪਣੇ ਕੋਲ ਆ ਜਾਂਦਾ ਹੈ। ਸੋ ਸੰਸਾਰ ਵਿਚ ਸੁਖ, ਇੱਜ਼ਤ, ਸਨਮਾਨ ਜੇ ਕਿਸੇ ਨੂੰ ਚਾਹੀਦਾ ਹੈ ਤਾਂ ਇਹ ਸਭ ਕੁਝ ਦੇਣਾ ਪਵੇਗਾ। ਲੈਣਾ ਦੇਣ ਨਾਲ ਜੁੜਿਆ ਹੋਇਆ ਹੈ ਅਤੇ ਦੇਣਾ ਲੈਣੇ ਨਾਲ। ਇਹ ਪ੍ਰਭੂ ਅਕਾਲ ਪੁਰਖ ਦਾ ਅਟੱਲ ਨਿਯਮ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ