ਧਰਮ ਖੰਡ ਕਾ ਏਹੋ ਧਰਮੁ (ਪਾਰਟ ੩)

Giani Sant Singh ji Maskeen · ਕਥਾ ਅਤੇ ਲੈਕਚਰ · ੨੨ / ੩੧੨

ਧਰਮ ਖੰਡ ਕਾ ਏਹੋ ਧਰਮੁ (ਪਾਰਟ ੩) ਧਰਤੀ ਉੱਤੇ ਜਨਸੰਖਿਆ ਦਾ ਵਧ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਮੌਤ ਡਰਾ ਰਹੀ ਹੈ। ਇਹ ਜੀਵ ਫੇਲ੍ਹ ਹੋ ਕੇ ਮੁੜ ਇਥੇ ਆ ਰਹੇ ਹਨ। ਕੁਛ ਪਸ਼ੂ ਜੂਨਾਂ, ਪਸ਼ੂ ਤਨ ਨੂੰ ਤਿਆਗ ਕੇ ਵਿਕਾਸ ਕਰਦੀਆਂ ਹੋਈਆਂ ਮਨੁੱਖ ਬਣ ਰਹੀਆਂ ਹਨ, ਉਨ੍ਹਾਂ ਨੇ ਵੀ ਇਸ ਧਰਤੀ 'ਤੇ ਵਿਚਰਨਾ ਹੈ। ਮਨੁੱਖ ਮਰ ਕੇ ਫਿਰ ਮਨੁੱਖ ਬਣ ਰਿਹਾ ਹੈ, ਅਗਾਹ ਨਹੀਂ ਜਾ ਰਿਹਾ, ਮੁਕਤੀ ਪ੍ਰਾਪਤ ਨਹੀਂ ਹੋ ਰਹੀ। ਸੋ ਇਸ ਤਰ੍ਹਾਂ ਸਹਿਜੇ ਸਹਿਜੇ ਜਨਗਣਨਾ ਵਧਦੀ ਜਾ ਰਹੀ ਹੈ, ਵਧਦੀ ਜਾ ਰਹੀ ਹੈ। ਇਸ ਵਧਣ ਦਾ ਇਹ ਇਕ ਮੂਲ ਕਾਰਨ ਹੈ ਕਿ ਧਾਰਮਿਕ ਦ੍ਰਿਸ਼ਟੀਕੋਣ ਅਨੁਸਾਰ ਜੇ ਇਸ ਜੀਵ ਨੇ ਮੁਕਤ ਹੀ ਨਹੀਂ ਹੋਣਾ, ਜੇ ਇਸ ਵਗਦੀ ਧਾਰਾ ਨੇ ਸਾਗਰ ਵਿਚ ਲੀਨ ਹੋ ਕੇ ਸਾਗਰ ਦਾ ਰੂਪ ਹੀ ਨਹੀਂ ਬਣਨਾ ਅਤੇ ਇਸ ਨੇ ਆਪਣੇ ਰਸਤੇ ਦੀ ਜ਼ਮੀਨ ਨੂੰ ਥਾਂ ਥਾਂ 'ਤੇ ਛੱਪੜ ਬਣ ਕੇ, ਤਲਾਬ ਬਣ ਕੇ ਘੇਰਨਾ ਹੈ, ਤਾਂ ਧਰਤੀ ਦੀ ਜਨਸੰਖਿਆ ਵਧਣ ਦਾ ਧਾਰਮਿਕ ਦ੍ਰਿਸ਼ਟੀਕੋਣ ਇਹੀ ਹੈ ਕਿ ਮਨੁੱਖ ਮਰ ਕੇ ਫਿਰ ਇਸ ਧਰਤੀ 'ਤੇ ਆ ਰਿਹਾ ਹੈ ਤੇ ਪਸ਼ੂ-ਜੂਨਾਂ ਸਹਿਜੇ ਸਹਿਜੇ ਪਸ਼ੂ-ਤਨ ਤਿਆਗ ਕੇ ਵਿਕਾਸ ਕਰਦੀਆਂ ਹੋਈਆਂ ਮਨੁੱਖਾ ਤਨ ਪ੍ਰਾਪਤ ਕਰ ਰਹੀਆਂ ਹਨ। ਜਿਵੇਂ ਵਿਦਿਆਰਥੀ ਬਾਰ ਬਾਰ ਫੇਲ੍ਹ ਹੁੰਦਾ ਰਿਹਾ ਹੈ, ਜੇ ਸਾਰੇ ਫੇਲ੍ਹ ਹੁੰਦੇ ਰਹਿਣ ਤੇ ਨਵੇਂ ਦਾਖਲਾ ਲੈਂਦੇ ਰਹਿਣ, ਕਲਾਸ ਵਿਚ ਤਾਂ ਬਹੁਤ ਭੀੜ ਹੋ ਜਾਵੇਗੀ। ਧਰਤੀ ਦੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਦੀ ਸੁਰਤਿ ਅਗਾਂਹ ਨੂੰ ਨਹੀਂ ਜਾ ਰਹੀ। ਸਾਹਿਬ ਕਹਿੰਦੇ ਹਨ-ਇਹ ਜੀਵਾਂ ਦੇ ਧਰਮ ਕਮਾਣ ਦੀ ਜਗ੍ਹਾ ਹੈ: ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥
ਇਸ ਧਰਤੀ ਵਿਚ ਜੀਵਨ ਦੀਆਂ ਅਣਗਿਣਤ ਜੁਗਤੀਆਂ ਹਨ। ਜੀਵ ਬਥੇਰੇ ਹਨ ਪਰ ਇਕ ਜੁਗਤੀ ਨਾਲ ਨਹੀਂ ਜਿਊਂਦੇ। ਜਿਵੇਂ ਕਈ ਜੀਵ, ਚੌਪਾਏ ਜਾਨਵਰ ਹਨ, ਉਹ ਜ਼ਬਾਨ ਨਾਲ ਚੱਟ ਕੇ ਪਾਣੀ ਪੀਂਦੇ ਹਨ ਅਤੇ ਮਾਸ ਖਾਂਦੇ ਹਨ, ਘਾਹ ਨਹੀਂ ਖਾਂਦੇ। ਭੁੱਖਾ ਮਰ ਜਾਏਗਾ ਪਰ ਸ਼ੇਰ ਘਾਹ ਨਹੀਂ ਖਾਏਗਾ। ਗਾਂ ਭੁੱਖੀ ਮਰ ਜਾਏਗੀ ਪਰ ਮਾਸ ਨਹੀਂ ਖਾਏਗੀ। ਇਨ੍ਹਾਂ ਦੀਆਂ ਜੀਵਨ ਜੁਗਤੀਆਂ ਪਰੀਪੂਰਨ ਪਰਮਾਤਮਾ ਨੇ ਨਿਸ਼ਚਿਤ ਕਰ ਦਿੱਤੀਆ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਪਸ਼ੂ ਭੋਗ ਜੂਨ ਹੈ ਤੇ ਮਨੁੱਖ ਕਰਮ ਜੂਨ ਹੈ। ਇਹ ਕੁਛ ਭੋਗਣ ਵਾਸਤੇ ਵੀ ਆਇਆ ਹੈ ਤੇ ਕੁਛ ਕਰਨ ਵਾਸਤੇ ਵੀ ਆਇਆ ਹੈ। ਪਰ ਪਸ਼ੂਆਂ ਦੀ ਤਾਂ ਜੀਵਨ ਜੁਗਤੀ ਵੀ ਬੱਝੀ ਹੋਈ ਹੈ। ਉਹ ਆਪਣੀ ਜੀਵਨ ਜੁਗਤੀ ਤੋਂ ਇਕ ਪਾਸੇ ਨਹੀਂ ਹੋ ਸਕਦੇ। ਉਨ੍ਹਾਂ ਨੂੰ ਉਸੇ ਵਿਚ ਹੀ ਮਜਬੂਰਨ ਜਿਊਣਾ ਪੈਂਦਾ ਹੈ। ਮਨੁੱਖ ਨੂੰ ਆਪਣੀ ਜੀਵਨ ਜੁਗਤੀ ਆਪ ਤਲਾਸ਼ ਕਰਨੀ ਪੈਂਦੀ ਹੈ। ਕੀ ਪਹਿਨਣਾ ਹੈ, ਕੀ ਨਹੀਂ ਪਹਿਨਣਾ; ਕਿਥੇ ਰਹਿਣਾ ਅਤੇ ਕੀ ਖਾਣਾ ਹੈ, ਕੀ ਨਹੀਂ ਖਾਣਾ। ਦਰਅਸਲ ਸਾਰੀਆ ਜੁਗਤੀਆਂ ਮਨੁੱਖ ਨੂੰ ਆਪ ਲੱਭਣੀਆਂ ਪੈਂਦੀਆਂ ਹਨ। ਸਾਹਿਬ ਕਹਿੰਦੇ ਹਨ-ਅਨੇਕਾਂ ਤਰ੍ਹਾਂ ਦੇ ਜੀਵ ਜੋ ਇਸ ਧਰਤੀ 'ਤੇ ਜੀ ਰਹੇ ਹਨ, ਉਹਨਾਂ ਦੀਆ ਅਨੇਕਾਂ ਜੀਵਨ ਜੁਗਤੀਆਂ ਹਨ। ਉਨ੍ਹਾਂ ਦੇ ਅਨੇਕਾਂ ਰੰਗ ਹਨ: ਤਿਨ ਕੇ ਨਾਮ ਅਨੇਕ ਅਨੰਤ॥
ਸਾਹਿਬ ਕਹਿੰਦੇ ਹਨ-ਇਨ੍ਹਾਂ ਜੀਵਾਂ ਦੇ ਨਾਮ ਵੀ ਅਨੇਕਾਂ ਹਨ ਅਤੇ ਰੂਪ ਵੀ ਅਨੇਕਾਂ ਹਨ, ਰੰਗ ਵੀ ਅਨੇਕ ਹਨ ਅਤੇ ਜੀਵਨ ਜੁਗਤੀਆਂ ਵੀ ਅਨੇਕਾਂ ਹਨ ਪਰ ਹੁਣ ਸਾਹਿਬ ਫੁਰਮਾਉਂਦੇ ਹਨ: ਕਰਮੀ ਕਰਮੀ ਹੋਇ ਵੀਚਾਰੁ॥
ਪ੍ਰਭੂ ਦੇ ਦਰ 'ਤੇ ਕਰਮਾਂ ਦੀ ਵੀਚਾਰ ਹੁੰਦੀ ਹੈ। ਕਰਮ ਕੀ ਹਨ? ਕਿਉਂਕਿ ਮਨੁੱਖ ਹੈ ਹੀ ਕਰਮ ਜੂਨ ਵਿਚ, ਇਹ ਭੋਗ ਜੂਨੀ ਨਹੀਂ ਹੈ, ਇਹ ਕਰਮ ਜੂਨੀ ਹੈ। ਮਨੁੱਖ ਨੇ ਕਿਤਨਾ ਭੋਗਿਆ ਹੈ ਇਸ ਗੱਲ ਦੀ ਮਹਾਨਤਾ ਉਥੇ ਨਹੀਂ ਮੰਨੀ ਜਾਏਗੀ। ਇਸ ਨੇ ਕੀ ਕਰਮ ਕੀਤੇ, ਇਸ ਗੱਲ ਦੀ ਗਣਨਾ ਹੋਵੇਗੀ। ਕਰਮ ਉਹੀ ਸ਼ੁਭ ਹੁੰਦੇ ਹਨ, ਜਿਸ ਦੇ ਨਾਲ ਦੂਜਿਆਂ ਦੀ ਜ਼ਿੰਦਗੀ ਦੀ ਉਸਾਰੀ ਹੋਵੇ, ਤੇ ਆਪਣੀ ਸੁਰਤਿ ਉੱਚੀ ਹੋਵੇ। ਜਿਸ ਕਰਮ ਤੋਂ ਮਨ ਨੂੰ ਹੁਲਾਸ ਮਿਲੇ, ਦੂਜਿਆਂ ਨੂੰ ਸੁੱਖ ਮਿਲੇ, ਉਹ ਤਾਂ ਸ਼ੁਭ ਕਰਮ ਹੈ। ਜਿਸ ਕਰਮ ਨੂੰ ਕਰਦਿਆਂ ਦੂਜੇ ਨੂੰ ਦੁੱਖ ਮਿਲੇ, ਮਨ ਵਿਚ ਗਿਲਾਨੀ ਪੈਦਾ ਹੋਵੇ, ਉਹ ਅਸ਼ੁਭ ਕਰਮ ਹੈ। ਸਾਹਿਬ ਕਹਿੰਦੇ ਹਨ-ਉਸ ਪ੍ਰਭੂ ਦੇ ਦਰਬਾਰ ਵਿਚ ਫਿਰ ਜੀਵਾਂ ਦੇ ਕਰਮਾਂ ਦੀ ਵੀਚਾਰ ਹੁੰਦੀ ਹੈ: ਤਿਥੈ ਸੋਹਨਿ ਪੰਚ ਪਰਵਾਣੁ॥
ਉਸ ਪਰਮਾਤਮਾ ਦੇ ਦਰਬਾਰ ਵਿਚ ਪੰਚ ਜਨ, ਸਿਰਮੌਰ ਮਨੁੱਖ, ਸੰਤ ਜਨ, ਭਰਤ ਜਨ, ਸੁਭਾਇਮਾਨ ਹੁੰਦੇ ਹਨ। ਇਹ ਪੰਚ ਹਨ, ਮਨੁੱਖਾਂ ਦੇ ਪੰਚ, ਸਿਰਮੌਰ, ਮਹਾਨ ਤੇ ਮੁਖੀ ਹਨ। ਮਹਾਰਾਜ ਕਹਿੰਦੇ ਹਨ-ਪ੍ਰਭੂ ਦੇ ਦਰ 'ਤੇ ਇਹ ਸ਼ੋਭਾ ਪਾਉਂਦੇ ਹਨ: ਨਦਰੀ ਕਰਮਿ ਪਵੈ ਨੀਸਾਣੁ॥
ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਇਨ੍ਹਾਂ ਦੇ ਮਸਤਕ ਉੱਤੇ ਰਹਿਮਤ ਦਾ ਨਿਸ਼ਾਨ ਪੈ ਜਾਂਦਾ ਹੈ। ਭਾਵ ਕਿ, ਭਾਉ ਭਗਤੀ ਮੱਥੇ 'ਤੇ ਪ੍ਰਗਟ ਹੁੰਦੀ ਹੈ। ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ-"ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ॥" ਕਰੋਧ ਮੱਥੇ 'ਤੇ ਪ੍ਰਗਟ ਹੁੰਦਾ ਹੈ, ਲੋਭ ਮੱਥੇ 'ਤੇ ਪ੍ਰਗਟ ਹੁੰਦਾ ਹੈ, ਵਾਸ਼ਨਾ ਮੱਥੇ 'ਤੇ ਪ੍ਰਗਟ ਹੁੰਦੀ ਹੈ, ਪ੍ਰੇਮ ਭਾਉ ਮੱਥੇ 'ਤੇ ਪ੍ਰਗਟ ਹੁੰਦਾ ਹੈ, ਭਗਤੀ ਰਸ ਮੱਥੇ 'ਤੇ ਪ੍ਰਗਟ ਹੁੰਦਾ ਹੈ। ਮਸਤਕ ਦੱਸ ਦਿੰਦਾ ਹੈ, ਅੱਖਾਂ ਦੱਸ ਦਿੰਦੀਆਂ ਹਨ ਕਿ ਇਹ ਮਨੁੱਖ ਕਿਥੇ ਖੜਾ ਹੈ। ਸਾਹਿਬ ਕਹਿੰਦੇ ਹਨ ਕਿ ਮੈਨੂੰ ਇਕ ਗੁਪਤ ਲਾਲ ਲੱਭਿਆ ਹੈ ਪਰ ਮੈਂ ਉਸ ਗੁਪਤ ਲਾਲ ਨੂੰ ਛੁਪਾ ਕੇ ਨਹੀਂ ਰੱਖ ਸਕਿਆ। ਮੱਥੇ 'ਤੇ ਪ੍ਰਗਟ ਹੋ ਗਿਆ। ਭਾਉ ਮੱਥੇ 'ਤੇ ਪ੍ਰਗਟ ਹੋਵੇਗਾ, ਪ੍ਰੇਮ ਮੱਥੇ 'ਤੇ ਪ੍ਰਗਟ ਹੋਵੇਗਾ। "ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ॥" ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ॥
" ਸੋ ਲਾਜ਼ਮੀ ਮਸਤਕ 'ਤੇ ਪ੍ਰਗਟ ਹੁੰਦਾ ਹੈ। ਸਾਹਿਬ ਕਹਿੰਦੇ ਹਨ ਕਿ ਜਿਹੜਾ ਭਗਤੀ ਭਾਉ ਮਸਤਕ 'ਤੇ ਪ੍ਰਗਟ ਹੋਇਆ ਹੈ, ਇਹ ਪਰਮਾਤਮਾ ਦੀ ਬਖ਼ਸ਼ਿਸ਼ ਦਾ ਨਿਸ਼ਾਨ ਹੈ, ਟਿੱਕਾ ਹੈ। ਸਾਹਿਬ ਕਹਿੰਦੇ ਹਨ-ਪਰਮਾਤਮਾ ਨੇ ਬਖ਼ਸ਼ਿਸ਼ ਦਾ, ਰਹਿਮਤ ਦਾ ਟਿੱਕਾ ਲਾ ਦਿੱਤਾ ਹੈ: ਕਚ ਪਕਾਈ ਓਥੈ ਪਾਇ॥
ਕੌਣ ਕੱਚਾ ਹੈ, ਕੌਣ ਪੱਕਾ ਹੈ, ਇਹ ਫੈਸਲਾ ਤਾਂ ਪ੍ਰਭੂ ਦੇ ਦਰ 'ਤੇ ਹੋਵੇਗਾ। ਇਥੇ ਮਨੁੱਖ ਕਿਸੇ ਬਾਰੇ ਇਹ ਨਹੀਂ ਕਹਿ ਸਕਦਾ ਕਿ ਇਹ ਕੱਚਾ ਹੈ, ਇਹ ਪੱਕਾ ਹੈ। ਜਿਵੇਂ ਪੱਕਾ ਫਲ ਮਿੱਠਾ ਹੁੰਦਾ ਹੈ, ਪੱਕਾ ਸੰਤ ਵੀ ਮਿਠਾਸ ਨਾਲ ਭਰਿਆ ਹੁੰਦਾ ਹੈ। ਕੱਚਾ ਸੰਤ ਅਜੇ ਕਰਮ ਕਾਂਡ ਵਿਚ ਹੈ। ਪੱਕਾ ਸੰਤ ਨਾਮ ਰਸ ਤਕ ਪਹੁੰਚ ਚੁੱਕਿਆ ਹੈ। ਸਾਹਿਬ ਉਪਦੇਸ਼ ਕਰਦੇ ਹਨ-"ਨਾਨ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥" ਕੱਚੇ ਫਲ ਫਿੱਕੇ ਹੁੰਦੇ ਹਨ, ਕੌੜੇ ਹੁੰਦੇ ਹਨ, ਉਨ੍ਹਾਂ ਵਿਚ ਰਸ ਨਹੀਂ ਹੁੰਦਾ, ਸਵਾਦ ਨਹੀਂ ਹੁੰਦਾ। ਕਰਮ ਕਾਂਡੀ ਦੇ ਕੋਲ ਤੁਅੱਸਸ ਹੁੰਦਾ ਹੈ, ਤੰਗ-ਦਿਲੀ ਹੁੰਦੀ ਹੈ। ਉਸਦੇ ਹਿਰਦੇ ਵਿਚ ਦੂਜੇ ਵਾਸਤੇ ਥਾਂ ਨਹੀਂ ਹੁੰਦੀ। ਪਰ ਕਰਮ ਕਾਂਡੀ ਜਦ ਗਿਆਨ ਕਾਂਡ ਤਕ ਪਹੁੰਚਦਾ ਹੈ, ਭਗਤੀ ਰਸ ਤਕ ਪਹੁੰਚਦਾ ਹੈ, ਤਾਂ ਸਾਰੇ ਸੰਸਾਰ ਲਈ ਉਸਦਾ ਹਿਰਦਾ ਖੁੱਲ੍ਹ ਜਾਂਦਾ ਹੈ। ਉਹ ਸਾਰੇ ਕਵਾੜ ਖੁੱਲ੍ਹੇ ਰੱਖਦਾ ਹੈ। ਹਰ ਇਕ ਨੂੰ ਮਿੱਤਰ ਕਹਿੰਦਾ ਹੈ। ਸਾਹਿਬ ਕਹਿੰਦੇ ਹਨ-ਕੌਣ ਕੱਚਾ ਹੈ, ਕੌਣ ਪੱਕਾ ਹੈ, ਕੌਣ ਸੰਤ ਹੈ, ਕੌਣ ਅਸੰਤ ਹੈ, ਇਹ ਤਾਂ ਪਰਮਾਤਮਾ ਦੇ ਦਰ 'ਤੇ ਹੀ ਫੈਸਲਾ ਹੋਵੇਗਾ: ਨਾਨਕ ਗਇਆ ਜਾਪੈ ਜਾਇ॥
ਜਿਸ ਨੇ ਮਰ ਕੇ ਅਗਾਂਹ ਜਾਣਾ ਹੈ, ਤਾਂ ਪਤਾ ਚਲਣਾ ਹੈ ਕੌਣ ਕੱਚਾ ਹੈ, ਕੌਣ ਪੱਕਾ ਹੈ। ਇਥੇ ਕਿਸੇ ਬਾਰੇ ਫੈਸਲਾ ਨਹੀਂ ਕੀਤਾ ਜਾ ਸਕਦਾ। ਇਹ ਗੱਲ ਵੱਖਰੀ ਹੈ ਕਿ ਕੋਈ ਮਰ ਜਾਏ, ਅਸੀਂ ਉਸਨੂੰ ਕਹਿ ਦਿੰਦੇ ਹਾਂ ਉਹ ਸਵਰਗਵਾਸ ਹੋ ਗਿਆ ਹੈ। ਕਿਸੇ ਇਕ ਮਨੁੱਖ ਲਈ ਵੀ ਇਹ ਨਹੀਂ ਆਖਿਆ ਜਾਂਦਾ ਕਿ ਉਹ ਨਰਕ-ਵਾਸ ਹੋਇਆ ਹੈ। ਇਹੀ ਆਖਿਆ ਜਾਂਦਾ ਹੈ, ਸਵਰਗਵਾਸ ਹੋਇਆ ਹੈ। ਗੁਰਮਤਿ ਵਿਚ ਇਸ ਨੂੰ ਸੱਚਖੰਡ ਪਿਆਨਾ ਕਰ ਜਾਣਾ ਕਹਿੰਦੇ ਹਨ। ਸੱਚਖੰਡ ਮਰ ਕੇ ਨਸੀਬ ਨਹੀਂ ਹੁੰਦਾ। ਜਿਸਨੂੰ ਜਿਉਂਦੇ ਜੀਅ ਸੱਚਖੰਡ ਪ੍ਰਾਪਤ ਨਹੀਂ ਹੋਇਆ, ਉਸਨੂੰ ਮਰਨ ਤੋਂ ਬਾਅਦ ਵੀ ਸੱਚਖੰਡ ਨਸੀਬ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਹਨ-ਧਰਮ ਖੰਡ ਦੀ ਇਹ ਪਹਿਚਾਣ ਹੈ ਕਿ ਉਸ ਮਨੁੱਖ ਦੀ ਜ਼ਿੰਦਗੀ ਸਾਰੀ ਵਿਧਾਨਕ ਹੋਵੇਗੀ। ਉਸਦਾ ਉਠਣਾ ਬੈਠਣਾ, ਖਾਣਾ ਪੀਣਾ, ਸੌਣਾ ਜਾਗਣਾ, ਪਹਿਨਣਾ ਹਾਲਾਂ ਕਿ ਹੱਸਣਾ ਤੇ ਰੋਣਾ ਸਭ ਵਿਧਾਨਕ ਹੋਵੇਗਾ। ਉਸਦੇ ਉਠਣ, ਬੈਠਣ, ਹੱਸਣ, ਰੌਣ ਤੋਂ ਕਿਸੇ ਨੂੰ ਚੋਟ ਨਹੀਂ ਪਹੁੰਚੇਗੀ। ਉਸਦੇ ਪਹਿਨਣ ਤੋਂ, ਉਸਦੇ ਖਾਣ ਪੀਣ ਤੋਂ ਅਤੇ ਉਸਦੀ ਦਿਨ ਭਰ ਦੀ ਕਿਰਿਆ ਤੋਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚੇਗਾ। ਉਸਦੀ ਸਾਰੀ ਦੀ ਸਾਰੀ ਜ਼ਿੰਦਗੀ ਸਿਮਟੀ ਹੋਈ ਹੋਵੇਗੀ, ਵਿਧਾਨ ਵਿਚ ਹੋਵੇਗੀ। ਜਿਵੇਂ ਨਦੀ ਦਾ ਪਾਣੀ ਦੋ ਕਿਨਾਰਿਆਂ ਦੇ ਬੰਧਨ ਵਿਚ ਚੱਲਦਾ ਹੈ, ਇਸੇ ਤਰ੍ਹਾਂ ਉਸ ਮਨੁੱਖ ਦੀ ਜੀਵਨ ਧਾਰਾ ਧਰਮ ਦੇ ਬੰਧਨ ਵਿਚ ਚੱਲਦੀ ਹੈ, ਵਿਧਾਨ ਦੇ ਬੰਧਨ ਵਿਚ ਚੱਲਦੀ ਹੈ। ਕਿਸੇ ਨੂੰ ਹਾਨੀ ਨਹੀਂ ਪਹੁੰਚਾਉਂਦੀ। ਜਿਵੇਂ ਕਿਨਾਰਿਆਂ ਦੀ ਉਲੰਘਣਾ ਕਰਕੇ ਦਰਿਆ ਦੇ ਪਾਣੀ ਵਿਚ ਉਛਾਲ ਆ ਜਾਵੇ, ਤਾਂ ਉਹ ਬਹੁਤ ਸਾਰੇ ਕਸਬਿਆਂ ਨੂੰ, ਸ਼ਹਿਰਾਂ ਨੂੰ, ਖੇਤਾਂ ਨੂੰ ਤਬਾਹ ਕਰ ਦਿੰਦਾ ਹੈ। ਇਸੇ ਤਰ੍ਹਾਂ ਦੀ ਗੈਰ-ਵਿਧਾਨਕ ਜ਼ਿੰਦਗੀ ਕਈਆਂ ਲਈ ਦੁੱਖ ਦਾ ਕਾਰਨ ਬਣਦੀ ਹੈ, ਕਲੇਸ਼ ਦਾ ਕਾਰਨ ਬਣਦੀ ਹੈ। ਸਾਹਿਬ ਕਹਿੰਦੇ ਹਨ ਕਿ ਧਰਮ ਖੰਡ ਦੀ ਇਹ ਪਹਿਚਾਣ ਹੈ ਕਿ ਜਪ ਕਰਦਿਆਂ ਹੋਇਆਂ ਉਸ ਮਨੁੱਖ ਨੂੰ ਸਮਝ ਆ ਗਈ ਹੈ ਕਿ ਮੈਂ ਜ਼ਿੰਦਗੀ ਨੂੰ ਇਕ ਵਿਧਾਨ ਦੇਣਾ ਹੈ, ਮੈਂ ਜ਼ਿੰਦਗੀ ਨੂੰ ਇਕ ਧਰਮ ਦੇਣਾ ਹੈ, ਇਕ ਅਸੂਲ ਦੇਣਾ ਹੈ। ਅਸੂਲ ਵਿਚ ਜੋ ਜੀਅ ਰਿਹਾ ਹੈ, ਧਰਮ ਵਿਚ ਜੋ ਜੀਅ ਰਿਹਾ ਹੈ, ਵਿਧਾਨਕ ਢੰਗ ਨਾਲ ਜੀ ਰਿਹਾ ਹੈ, ਉਹ ਭਗਤੀ ਕਰ ਰਿਹਾ ਹੈ, ਨਾਮ ਜਪ ਰਿਹਾ ਹੈ, ਇਸ ਤਰ੍ਹਾਂ ਦੇ ਬੰਦੇ ਨੂੰ ਧਰਮਖੰਡੀ ਕਹਿੰਦੇ ਹਨ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ