Kaamna te Dharam

Giani Sant Singh ji Maskeen · ਕਥਾ ਅਤੇ ਲੈਕਚਰ · ੨੦੨ / ੩੧੨

ਕਾਮਨਾ ਤੇ ਧਰਮ ਕਾਹੂ ਫਲ ਕੀ ਇਛਾ ਨਹੀ ਬਾਛੈ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ॥ {ਗਉੜੀ ਸੁਖਮਨੀ ਮ:੫, ਪੰਨਾ ੨੭੪} ਐ ਬੰਦੇ! ਤੂੰ ਕੀਰਤਨ ਕਰ, ਸਿਰਫ਼ ਕੀਰਤਨ ਕਰਨ ਲਈ; ਬਾਕੀ ਪਰਮਾਤਮਾ 'ਤੇ ਛਡ ਦੇਹ, ਉਸ ਨੇ ਕੀ ਕਰਨਾ ਹੈ। ਬਾਣੀ ਪੜ੍ਹ, ਸਿਰਫ਼ ਬਾਣੀ ਪੜ੍ਹਨ ਲਈ, ਬਾਕੀ ਗੁਰੂ 'ਤੇ ਛੱਡ ਦੇਹ, ਉਸ ਨੇ ਕੀ ਕਰਨਾ ਹੈ। ਕਾਮਨਾ ਨੂੰ ਇਕ ਪਾਸੇ ਰੱਖ ਦੇਹ। ਗ਼ਲਬਨ ਬਹੁਤ ਪੁਰਾਣੀ ਗੱਲ ਹੈ, ਦਸ ਬਾਰ੍ਹਾਂ ਉੱਘੇ ਦਾਰਸ਼ਨਿਕਾਂ ਨੇ ਮੈਨੂੰ ਕਹਿ ਦਿੱਤਾ ਕਿ ਕਾਮਨਾ ਤੋਂ ਬਿਨਾਂ ਇਹ ਕੰਮ ਹੋ ਹੀ ਨਹੀਂ ਸਕਦਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕਾਮਨਾ ਹੀ ਤਾਂ ਪ੍ਰੇਰਨਾ ਦਿੰਦੀ ਹੈ। ਇਹ ਹੀ ਤਾਂ ਮਨੁੱਖ ਨੂੰ ਰਾਜ਼ੀ ਕਰਦੀ ਹੈ ਕਿ ਇਹ ਕੰਮ ਤੂੰ ਕਰ।

ਜੇ ਕਾਮਨਾ ਹੀ ਨਹੀਂ ਤਾਂ ਕਿਉਂ ਕੰਮ ਕਰੀਏ? ਜੇ ਚੰਗੀ ਫ਼ਸਲ ਦੀ ਕਾਮਨਾ ਹੀ ਨਹੀਂ ਤਾਂ ਬੀਜ ਬੀਜਣ ਦੀ ਕੀ ਲੋੜ ਹੈ? ਜੇ ਸ਼ਾਮ ਤਕ ਚੰਗੇ ਮੁਨਾਫ਼ੇ ਦੀ ਕਾਮਨਾ ਹੀ ਨਾ ਰੱਖੀਏ ਤਾਂ ਦੁਕਾਨ ਖੋਲ੍ਹਣ ਦੀ ਲੋੜ ਕੀ ਹੈ? ਆਪਣੀ ਤਰਫ਼ੋਂ ਉਹ ਬੜੀ ਦਲੀਲ ਦੇ ਰਹੇ ਸਨ ਅਤੇ ਬੜੇ ਭਰੋਸੇ ਨਾਲ ਕਹਿ ਰਹੇ ਸਨ। ਇਕ ਨੇ ਤਾਂ ਗ਼ੁਸਤਾਖੀ ਵੀ ਕੀਤੀ ਕਿ ਭਾਰਤ ਦੇ ਜਿਤਨੇ ਵੀ ਸੰਤ ਹਨ, ਇਹ ਮਨੁੱਖ ਨੂੰ ਪਿੱਛੇ ਹੀ ਮੋੜਦੇ ਹਨ, ਬੱਸ। ਮੈਂ ਕਿਹਾ- ਗੱਲ ਇਤਨੀ ਏ, ਤੂੰ ਬਾਜ਼ਾਰ ਵਿਚ ਦੁਕਾਨ 'ਤੇ ਬੈਠਾ ਏਂ, ਕਾਮਨਾ ਨੂੰ ਮਨ ਵਿਚ ਰੱਖ ਕੇ ਦੁਕਾਨ ਚਲਾ, ਗੁਰੂ ਨਹੀਂ ਰੋਕਦੇ। ਉਹ ਕਰਮ ਧੰਦਾ ਹੈ। ਉਸ ਦੇ ਨਾਲ ਕਾਮਨਾ ਜੋੜਨੀ ਹੀ ਪਏਗੀ।

ਕਿਸਾਨ ਇਕ ਇਕ ਦਾਣਾ ਜ਼ਮੀਨ ਵਿਚ ਬੀਜ ਰਿਹਾ ਹੈ, ਇਹ ਕਾਮਨਾ ਤੋਂ ਬਿਨਾਂ ਨਹੀਂ ਹੁੰਦਾ। ਇਹ ਤਾਂ ਮੰਨਦੇ ਹਾਂ ਪਰ ਜਿਹੜਾ ਕਰਮ, ਧਰਮ ਹੈ ਇਥੇ ਕਾਮਨਾ ਪਿੱਛੇ ਸੁੱਟਣੀ ਪੈਂਦੀ ਹੈ। ਰੱਬ ਦੀ ਰਜ਼ਾ ਨੂੰ ਹੀ ਸਿਰ ਮਸਤਕ 'ਤੇ ਰੱਖਣਾ ਪੈਂਦਾ ਹੈ ਅਤੇ ਕਹਿਣਾ ਪੈਂਦਾ ਹੈ-ਹੇ ਪ੍ਰਭੂ! ਜੋ ਤੇਰੀ ਇੱਛਾ। ਉਹੋ ਹੀ ਮੈਨੂੰ ਪ੍ਰਵਾਨ ਹੈ। ਜੇਕਰ ਆਪਣੀ ਕਾਮਨਾ ਪਹਿਲਾਂ ਹੀ ਅੱਗੇ ਜੋੜ ਦਿੱਤੀ ਹੈ ਕਿ ਹੇ ਪ੍ਰਭੂ! ਐਹ ਤੂੰ ਕਰ, ਐਹ ਤੂੰ ਕਰ। ਆਪਣਾ ਫ਼ੈਸਲਾ ਤਾਂ ਤੂੰ ਪਹਿਲਾਂ ਹੀ ਸੁਣਾ ਦਿੱਤਾ। ਉਹ ਕਰਮ ਵੀ ਧੰਦਾ ਹੀ ਹੋ ਜਾਏਗਾ, ਧਰਮ ਨਹੀਂ ਹੁੰਦਾ। ਧਰਮ ਵਿਚ ਤਾਂ ਰਜ਼ਾ ਵਿਚ ਚੱਲਣਾ ਹੁੰਦਾ ਹੈ।

ਧਰਮੀ ਦੀ ਉਮੰਗ ਪਰਮਾਤਮਾ ਦਾ ਮਿਲਾਪ ਹੁੰਦੀ ਹੈ, ਸੌਦੇਬਾਜ਼ੀ ਨਹੀਂ, ਵਪਾਰ ਨਹੀਂ। ਧਰਮੀ ਤਾਂ ਪ੍ਰਭੂ ਨੂੰ ਧੰਨਵਾਦ ਦਿੰਦਾ ਹੈ, ਮੰਗਾਂ ਤੋਂ ਅੱਗੇ ਲੰਘ ਜਾਂਦਾ ਹੈ। ਬੱਸ ਇਹੋ ਸਮਝਣਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ