ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ਜੀਵ ਦੇ ਮਨ ਦੀਆਂ ਤਿੰਨ ਹਾਲਤਾਂ ਹਨ-ਰਜੋ, ਤਮੋ, ਸਤੋ। ਇਸ ਤਰ੍ਹਾਂ ਸਰੀਰ ਦੀਆਂ ਤਿੰਨ ਅਵਸਥਾ ਹਨ- ਬਚਪਨ, ਜਵਾਨੀ ਔਰ ਬੁਢੇਪਾ। ਗੁਰੂ ਗੁਰਬਾਣੀ ਨੇ ਤਿੰਨੇ ਹੀ ਅਵਸਥਾ ਨੂੰ ਸਫਲ ਬਣਾਉਣ ਦਾ ਉਪਦੇਸ਼ ਦਿੱਤਾ ਹੈ। ਹਰ ਅਵਸਥਾ ਦਾ ਆਪਣਾ ਔਗੁਣ ਹੈ ਤੇ ਆਪਣੀ ਮਹਾਨਤਾ ਹੈ। ਔਗੁਣ ਤਿਆਗ ਮਹਾਨਤਾ ਲੱਭ ਲੈਣੀ ਏਹੀ ਜੀਵਨ ਦੀ ਬਾਜੀ ਜਿੱਤਣੀ ਹੈ। ਬਾਲਪਨ ਅਚੇਤ ਹੈ: ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ॥
{ਸਿਰੀਰਾਗੁ ਮ:੧, ਪੰਨਾ ੭੫} ਬੁੱਧ ਵਿਕਸਤ ਨਹੀਂ ਹੋਈ। ਇਸ ਜੀਵਨ ਦਾ ਬਹੁਮੁੱਲਾ ਪ੍ਰਵਾਹ ਵਿਅਰਥ ਹੀ ਲੰਘ ਜਾਂਦਾ ਹੈ। ਖੇਡ ਤੇ ਖਿਡੌਣਿਆਂ ਤੋਂ ਸੁਰਤ ਉੱਚੀ ਨਹੀਂ ਜਾਂਦੀ। ਬਾਲਪਨ ਕਿਸ ਤਰ੍ਹਾਂ ਸਫਲ ਹੋਵੇ ਤੇ ਜੀਵਨ ਦਾ ਇਕ-ਤਿਹਾਈ ਭਾਗ ਵਿਅਰਥ ਨਾ ਚਲਾ ਜਾਵੇ, ਇਸ ਨੂੰ ਸਫਲ ਕਰਨ ਲਈ ਗੁਰੂ ਗੁਰਬਾਣੀ ਵਿਚ ਕੁਛ ਪ੍ਰੇਰਨਾ ਮਿਲਦੀਆਂ ਹਨ। ਬੱਚੇ ਨੂੰ ਅਗਰ ਗਰਭ ਕਾਲ ਤੋਂ ਮਾਂ ਚੰਗੇ ਸੰਸਕਾਰ ਦੇ ਕੇ ਸ਼ੁਰੂ ਕਰੇ ਤੇ ਜਨਮ ਤੋਂ ਬਾਅਦ ਉਸ ਦੀ ਪਰਵਰਿਸ਼ ਵਿਚ ਖ਼ਾਸ ਖ਼ਿਆਲ ਰੱਖਿਆਂ, ਬੱਚੇ ਨੂੰ ਡਾਕਟਰ ਬਣਾਉਣਾ ਹੈ, ਇੰਜੀਨੀਅਰ ਬਣਾਉਣਾ ਹੈ, ਕੁਛ ਮਿਹਨਤ ਕਰਨੀ ਪੈਂਦੀ ਹੈ, ਬੱਚੇ ਨੂੰ ਭਗਤ ਬਣਾਉਣਾ ਹੈ, ਬਹੁਤ ਹੀ ਮਿਹਨਤ ਕਰਨੀ ਪਵੇਗੀ। ਮਾਂ ਦੀ ਦਿੱਤੀ ਹੋਈ ਪ੍ਰੇਰਨਾ ਨਾਲ ਧਰੂ, ਗੋਪੀ ਚੰਦ ਤੇ ਬਾਬਾ ਫ਼ਰੀਦ ਪਰਮਾਤਮਾ ਵੱਲ ਆਪਣਾ ਜੀਵਨ ਮੋੜਨ ਵਿਚ ਸਫਲ ਹੋ ਸਕੇ। ਜਦ ਕੋਈ ਛੋਟਾ ਬੱਚਾ ਵੀ ਪ੍ਰਭੂ ਚਿੰਤਨ ਵਿਚ ਲੀਨ ਹੋ ਜਾਂਦਾ ਹੈ ਯਾ ਧਰਮ ਦੀ ਖ਼ਾਤਿਰ ਸ਼ਹਾਦਤ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਹੁਣ ਅਚੇਤ ਨਹੀਂ ਰਿਹਾ, ਸੁਚਤੇ ਹੋ ਗਿਆ ਹੈ ਯਾ ਜਦ ਕੋਈ ਬੱਚਾ ਸੁਚੇਤ ਹੋ ਜਾਵੇ ਤਾਂ ਫਿਰ ਬਚਪਨ ਸਫਲ ਹੋ ਗਿਆ। ਜੀਵਨ ਦੀ ਸਿਖਰਤਾ ਬਾਲਪਨ ਵਿਚ ਲੱਭ ਪਈ: ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ॥
{ਮਾਰੂ ਮ:੫, ਪੰਨਾ ੯੯੯} ਪੰਜ ਸਾਲ ਦਾ ਪ੍ਰਹਿਲਾਦ ਪਾਂਧੇ ਨੂੰ ਕਹਿੰਦਾ ਹੈ ਕਿ ਮੈਨੂੰ ਰਾਮ ਨਾਮ ਦਾ ਗਿਆਨ ਦੇਹ, ਵਿਅਰਥ ਦੀ ਵਿੱਦਿਆ ਮੈਂ ਨਹੀਂ ਪੜ੍ਹਨੀ: ਮੋ ਕਉ ਕਹਾ ਪੜੑਵਸਿ ਆਲ ਜਾਲ॥
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋਪਾਲ॥
{ਬਸੰਤੁ ਕਬੀਰ ਜੀ, ਪੰਨਾ ੧੧੯੪} ਸ਼ੱਕਰ ਦੇ ਲਾਲਚ ਵਿਚ ਫ਼ਰੀਦ ਜੀ ਨੇ ਬਾਲਪਨ ਵਿਚ ਨਿਮਾਜ਼ ਪੜ੍ਹਨੀ ਆਰੰਭ ਕੀਤੀ, ਪਰ ਜਦ ਨਿਮਾਜ਼ ਵਿਚ ਲੀਨ ਹੋ ਕੇ ਨਾਮ ਦਾ ਰਸ ਆ ਗਿਆ ਤਾਂ ਜਗਤ ਦੇ ਸਾਰੇ ਰਸ ਫਿੱਕੇ ਪੈ ਗਏ: ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ॥
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ॥੨੭॥
{ਸਲੋਕ ਸੇਖ ਫਰੀਦ, ਪੰਨਾ ੧੩੭੯} ਬੱਚਿਆ ਨਾਲ ਅਗਰ ਥੋੜੀ ਵੀ ਮਿਹਨਤ ਕੀਤੀ ਜਾਵੇ ਤਾਂ ਬੱਚੇ ਦੀ ਸਮਾਧੀ ਛੇਤੀ ਲੱਗ ਸਕਦੀ ਹੈ, ਕਿਉਂਕਿ ਬੱਚੇ ਕੋਲ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ ਕਈ ਗੁਣ ਸਹਿਜੇ ਹੀ ਹੁੰਦੇ ਹਨ। ਉਹ ਭੋਲਾ ਹੈ, ਅੰਦਰੋਂ-ਬਾਹਰੋਂ ਇਕ ਹੈ। ਨਿਰਵੈਰ ਹੈ ਤੇ ਤ੍ਰਿਸ਼ਨਾ-ਰਹਿਤ ਹੈ। ਅਗਰ ਬੱਚੇ ਨੂੰ ਸੁਚੇਤ ਕਰ ਦਿੱਤਾ ਜਾਵੇ ਤਾਂ ਇਨ੍ਹਾਂ ਗੁਣਾਂ ਦੇ ਆਸਰੇ ਉਹ ਗੁਣ ਸਾਗਰ ਨੂੰ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦਾ ਹੈ, ਇਸ ਤਰ੍ਹਾਂ ਬਾਲਪਨ ਸੁਚੇਤ ਹੋ ਕੇ ਸਫਲ ਹੋ ਜਾਂਦਾ ਹੈ। ਜਵਾਨੀ ਇਕ ਜੋਸ਼ ਦਾ ਨਾਮ ਹੈ, ਇਕ ਹੜ੍ਹ ਹੈ, ਇਕ ਤੂਫ਼ਾਨ ਹੈ, ਸ਼ਕਤੀ ਬਹੁਤ ਹੈ, ਪਰ ਇਸ ਦਾ ਇਸਤੇਮਾਲ ਕਿਸ ਤਰ੍ਹਾਂ ਕਰੀਏ, ਇਸ ਦੀ ਘਾਟ ਹੈ, ਇਸ ਵਾਸਤੇ ਜਵਾਨੀ ਵਿਕਾਰਾਂ ਵਿਚ ਰੁੜ੍ਹ ਜਾਂਦੀ ਹੈ। ਉਪੱਦਰ, ਭੰਨ-ਤੋੜ ਤੇ ਲੜਾਈ ਝਗੜੇ ਦੀ ਭੇਟ ਹੋ ਜਾਂਦੀ ਹੈ। ਹੜ੍ਹ ਦੇ ਪਾਣੀ ਨੂੰ ਜਿਵੇਂ ਬੰਨ੍ਹ ਲਾ ਕੇ ਉਸ ਨੂੰ ਵਰਤੋਂ ਵਿਚ ਲਿਆ ਕੇ ਲਾਭ ਉਠਾਇਆ ਜਾਂਦਾ ਹੈ ਤੇ ਹੜ੍ਹ ਦੀ ਮਾਰ ਤੋਂ ਵੀ ਰੱਖਿਆ ਹੋ ਜਾਂਦੀ ਹੈ, ਇਸੇ ਤਰ੍ਹਾਂ ਜਵਾਨੀ ਦਾ ਤੀਬਰ ਸ਼ਕਤੀ ਦਾ ਵੇਗ ਅਸਰ ਇਸ ਗੁਰ-ਸ਼ਬਦ ਦੇ ਆਸਰੇ 'ਤੇ ਰੋਕ ਪਾ, ਸੁਚੱਜੇ ਪਾਸੇ ਲਾਇਆ ਜਾਵੇ ਤਾਂ ਸਦਾਚਾਰ ਦਾ ਜਨਮ ਹੋ, ਆਪ ਸੁਖੀ ਤੇ ਪਰਉਪਕਾਰ ਰਾਹੀਂ ਜਗਤ ਨੂੰ ਸੁਖ ਦੇਣ ਵਿਚ ਲੀਨ ਹੋ ਜਾਂਦਾ ਹੈ। ਸੰਸਾਰ ਦੇ ਬਹੁਤ ਸਾਰੇ ਉਸਾਰੂ ਕੰਮ ਜਵਾਨ ਹੀ ਕਰ ਸਕਦੇ ਹਨ ਤੇ ਜਵਾਨ ਕਰਦੇ ਰਹੇ ਹਨ, ਪਰ ਇਸ ਸ਼ਕਤੀ ਦੇ ਪ੍ਰਵਾਹ 'ਤੇ ਰੋਕ ਨਾ ਲਾਈ ਗਈ ਤਾਂ ਦੁਰਾਚਾਰ ਤੇ ਕਤਲ ਤੇ ਡਾਕੇ ਵੀ ਜਵਾਨਾਂ ਹੱਥੋਂ ਹੁੰਦੇ ਹਨ। ਅਗਰ ਜੀਵਨ ਉੱਚਾ ਨਾ ਹੋਇਆ ਤਾਂ ਥੱਲੇ ਜਾਏਗਾ, ਪ੍ਰਕਾਸ਼ਤ ਨਾ ਕਰ ਸਕਿਆ ਤਾਂ ਅੰਧਕਾਰ ਵਿਚ ਭਟਕੇਗਾ। ਅਗਾਂਹ ਨਾ ਜਾ ਸਕਿਆ ਤਾਂ ਪਿਛਾਹਾਂ ਚਲਾ ਜਾਵੇਗਾ। ਜੀਵਨ ਗਤੀਮਾਨ ਹੈ, ਇਸ ਵਾਸਤੇ ਇਹ ਰੁਕੇਗਾ ਨਹੀਂ, ਅੱਗੇ ਨਾ ਗਿਆ ਤਾਂ ਪਿੱਛੇ ਜ਼ਰੂਰ ਜਾਵੇਗਾ। ਪਾਣੀ ਦਾ ਪ੍ਰਵਾਹ ਜਿਵੇਂ ਨਿਵਾਣ ਨੂੰ ਜਾਂਦਾ ਹੈ, ਉਪਰ ਚਾੜ੍ਹਨ ਲਈ ਦਬਾਓ ਚਾਹੀਦਾ ਹੈ, ਇਸ ਤਰ੍ਹਾਂ ਜ਼ਿੰਦਗੀ ਨਿਵਾਣ ਵਿਚ ਤਾਂ ਆਪਣੇ ਆਪ ਚਲੀ ਜਾਂਦੀ ਹੈ। ਜੀਵਨ ਉੱਚਾ ਹੋ ਸਕੇ ਤਾਂ ਉੱਚਿਆਂ ਦੀ ਸੰਗਤ ਦਾ ਆਸਰਾ ਚਾਹੀਦਾ ਹੈ। ਜਵਾਨੀ ਵਿਚ ਜਿਸ ਨੇ ਨਾਮ ਦਾ ਰਸ ਪਾ ਲਿਆ ਤੇ ਸਦਾਚਾਰ ਦੀ ਸਿਖਰਤਾ ਨੂੰ ਛੂਹ ਲਿਆ, ਉਸ ਨੇ ਜਵਾਨੀ ਸਫਲ ਕਰ ਲਈ: ਫਰੀਦਾ ਉਮਰ ਸੁਹਾਵੜੀ ਸੰਗਿ ਸੁੰਵਨੜੀ ਦੇਹ॥
ਵਿਰਲੇ ਕੇਈ ਪਾਈਅਨਿ ਜਿੰਨੑ ਪਿਆਰੇ ਨੇਹ॥
{ਸਲੋਕ ਸੇਖ ਫਰੀਦ, ਪੰਨਾ ੧੩੮੨} ਜਵਾਨੀ ਵਿਚ ਧਨ ਤੇ ਜੋਬਨ ਤੋਂ ਸੁਰਤ ਉੱਚੀ ਨਹੀਂ ਉਠਦੀ: ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ॥
{ਸਿਰੀਰਾਗੁ ਮ:੧, ਪੰਨਾ ੭੫} ਸਰੀਰ ਦੀ ਬੁੱਢੀ ਅਵਸਥਾ ਨੂੰ ਇਕ ਰੋਗ ਆਖਿਆ ਹੈ। ਸਰੀਰ ਕੋਲ ਹੈ, ਪਰ ਇਸ ਦੀ ਵਰਤੋਂ ਕਰਨੀ ਔਖੀ ਹੈ, ਹੱਥ ਕੰਬਦੇ ਹਨ, ਸਿਰ ਵੀ ਕੰਬ ਰਿਹਾ ਹੈ। ਪੈਰਾਂ ਵਿਚ ਚੱਲਣ-ਸ਼ਕਤੀ ਨਹੀਂ ਰਹੀ, ਜ਼ਬਾਨ ਲੜਖੜਾ ਜਾਂਦੀ ਹੈ। ਐਸੀ ਹਾਲਤ ਰੋਗ ਹੀ ਹੈ: ਜਬ ਲਗੁ ਜਰਾ ਰੋਗੁ ਨਹੀ ਆਇਆ॥
{ਭੈਰਉ ਕਬੀਰ ਜੀ, ਪੰਨਾ ੧੧੫੯} ਜਰਾ ਇਕ ਰੋਗ ਹੈ ਔਰ ਸਰੀਰ ਦੀ ਅਤੀ ਦੁਖ ਭਰੀ ਹਾਲਤ ਹੈ, ਧੀਆਂ ਪੁੱਤਾਂ ਦੇ ਨਵੇਂ ਸੰਬੰਧ ਜੁੜਨ ਕਰਕੇ ਉਹ ਵੀ ਇਕ ਪਾਸੇ ਹੋ ਜਾਂਦੇ ਹਨ, ਤਨ ਸਾਰੀ ਕ੍ਰਿਆ ਕਰਨ ਵਿਚ ਅਸਮਰੱਥ ਹੈ। ਇਸ ਵਾਸਤੇ ਇਸ ਅਵਸਥਾ ਨੂੰ ਪ੍ਰਬਲ ਰੋਗ ਆਖਿਆ ਹੈ: ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ॥
ਰੂਧਾ ਕੰਨੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ॥
{ਸੋਰਠਿ ਭਗਤ ਭੀਖਨ ਜੀ, ਪੰਨਾ ੬੫੯} ਪੰਡਿਤ ਗੁਲਾਬ ਸਿੰਘ ਜੀ ਨੇ ਬੁਢੇਪੇ ਦੀ ਦੁਖਾਂਤ-ਭਰੀ ਹਾਲਤ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ: ਤਨ ਕੇ ਬਲ ਨੇ ਅਬ ਪੀਠ ਦਈ, ਅਰੁ ਹਾਲ ਚਲੇ ਦ੍ਰਿਗ ਬਾਲ ਸੰਗਾਤੀ। ਤਜਿ ਕੇ ਇਹ ਲੋਕ ਬਿਖੈ ਹਮ ਕਉ, ਚਲ ਆਪ ਗਏ ਮੁਰ ਲੋਕ ਸਜਾਤੀ। ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁਛੇ ਮਮ ਬਾਤੀ। ਮਮ ਆਹਿ ਪਲਾਂਗਮ ਹੇ ਤ੍ਰਿਸ਼ਨੇ, ਇਕ ਤੂ ਮਮ ਸੰਗ ਰਹੀ ਦਿਨ ਰਾਤੀ। ਤਨ ਦੀ ਸ਼ਕਤੀ ਚਲੀ ਗਈ, ਪਰ ਤ੍ਰਿਸ਼ਨਾ ਬਲਵਾਨ ਹੈ। ਸਰੀਰ ਦਾ ਜ਼ੋਰ ਘਟਦਾ ਗਿਆ, ਵਾਸ਼ਨਾ ਦਾ ਜ਼ੋਰ ਵਧਦਾ ਗਿਆ। ਐਸੀ ਹਾਲਤ ਵਿਚ ਅਕਸਰ ਬ੍ਰਿਧ ਪੁਰਸ਼ ਦਾ ਸੁਭਾ ਚਿੜਚਿੜਾ ਹੋ ਜਾਂਦਾ ਹੈ। ਬਚਪਨ ਤੇ ਜਵਾਨੀ ਦੇ ਤਜਰਬੇ ਕੋਲ ਹਨ। ਜਾਣਕਾਰੀ ਬਹੁਤ ਹੈ, ਇਸ ਵਾਸਤੇ ਬੁਢੇਪੇ ਦਾ ਪ੍ਰਬਲ ਰੋਗ ਹੰਕਾਰ ਹੈ। ਬੁੱਢਾ ਅਤੀ ਹੰਕਾਰੀ ਹੋ ਜਾਂਦਾ ਹੈ। ਸਰੀਰ ਝੁਕ ਗਿਆ, ਮਨ ਨਹੀਂ ਝੁਕਦਾ। ਇਸ ਦੀ ਜਾਣਕਾਰੀ ਤੋਂ ਕੋਈ ਲਾਭ ਨਾ ਉਠਾਵੇ ਤਾਂ ਪੀੜਾ ਬਹੁਤ ਹੁੰਦੀ ਹੈ। ਇਸ ਵਾਸਤੇ ਬਿਰਧ ਪੁਰਸ਼ ਖਿਝਿਆ-ਖਿਝਿਆ ਰਹਿੰਦਾ ਹੈ। ਚਿਹਰੇ 'ਤੇ ਅਤੀ ਮਾਯੂਸੀ ਦੇ ਆਸਾਰ ਦਿਖਾਈ ਦੇਂਦੇ ਹਨ। ਜੀਵਨ ਹੱਥੋਂ ਜਾ ਰਿਹਾ ਹੈ। ਜੀਵਨ ਸਫਲ ਨਹੀਂ ਹੋਇਆ, ਇਸ ਦੀ ਵੀ ਬਹੁਤ ਪੀੜਾ ਹੁੰਦੀ ਹੈ। ਅਗਰ ਬ੍ਰਿਧ ਅਵਸਥਾ ਵਿਚ ਹੋਸ਼ ਦੇ ਨਾਲ-ਨਾਲ ਜੋਸ਼ ਵੀ ਹੋਵੇ, ਉਤਸ਼ਾਹ ਹੋਵੇ, ਉਮੰਗ ਹੋਵੇ, ਜੀਵਨ ਦੀ ਤਰੰਗ ਹੋਵੇ, ਰੱਬੀ ਰਸ ਨਾਲ ਤੇ ਦੈਵੀ ਗੁਣਾਂ ਨਾਲ ਹਿਰਦਾ ਭਰਿਆ ਹੋਵੇ, ਐਸੇ ਪੁਰਸ਼ ਕੋਲ ਬੁਢੇਪੇ ਵਿਚ ਵੀ ਇਕ ਤਾਜ਼ਗੀ ਹੁੰਦੀ ਹੈ: ਗੁਰਮੁਖਿ ਬੁਢੇ ਕਦੇ ਨਾਹੀ ਜਿਨੑ ਅੰਤਰਿ ਸੁਰਤਿ ਗਿਆਨੁ॥
{ਸਲੋਕ ਮ:੩, ਪੰਨਾ ੧੪੧੮} ਅਗਰ ਬੁਢੇਪੇ ਵਿਚ ਨਾਮ ਜਪਿਆ ਜਾਵੇ ਤਾਂ ਅਤੀ ਨਿਰਮਾਣਤਾ ਤੇ ਨਿਰਮਲਤਾ ਦਾ ਜਨਮ ਹੁੰਦਾ ਹੈ: ਫਰੀਦਾ ਕਾਲਂ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥੧੨॥
{ਸਲੋਕ ਸੇਖ ਫਰੀਦ, ਪੰਨਾ ੧੩੭੮} ਬੱਚਾ ਅਚੇਤ ਹੈ। ਜਵਾਨੀ ਪ੍ਰਬਲ ਵਾਸਨਾ ਦੇ ਵੇਗ ਵਿਚ ਹੈ। ਬੁਢੇਪਾ ਹੰਕਾਰੀ ਹੈ, ਨਾਮ ਜਪਣ ਨਾਲ ਬੱਚਾ ਸੁਚੇਤ ਹੋ ਜਾਂਦਾ ਹੈ। ਜਵਾਨ ਦੀ ਵਾਸਨਾ ਦਾ ਵੇਗ ਸੀਮਾ ਵਿਚ ਹੋ ਜਾਂਦਾ ਹੈ ਤੇ ਬੁੱਢਾ ਅਤੀ ਨਿਰਮਾਣ ਹੋ ਜਾਂਦਾ ਹੈ। ਇਸ ਤਰ੍ਹਾਂ ਤਿੰਨੇ ਅਵਸਥਾ ਸਫਲ ਹੋ ਸਕਦੀਆਂ ਹਨ-ਨਹੀਂ ਤਾਂ ਤਿੰਨੇ ਵਿਅਰਥ ਚਲੀਆਂ ਜਾਂਦੀਆਂ ਹਨ: ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ॥
{ਸਲੋਕ ਮ:੯, ਪੰਨਾ ੧੪੨੮}