ਬੋਲਨਹਾਰੁ ਪਰਮ ਗੁਰੁ ਏਹੀ ਰਸਨਾ ਮਨੁੱਖ ਕੋਲ ਕਰਤੇ ਦਾ ਬਹੁਤ ਵੱਡਾ ਵਰਦਾਨ ਹੈ। ਜਿਥੇ ਭੋਜਨ ਦਾ ਰਸ ਰਸਨਾ ਕਰਕੇ ਮਿਲਦਾ ਹੈ, ਉਥੇ ਅਸੀਂ ਰਸਨਾ ਨਾਲ ਬੋਲ, ਸੰਸਾਰ ਨਾਲ ਤੇ ਕਰਤਾਰ ਨਾਲ ਸੰਬੰਧ ਜੋੜਦੇ ਹਾਂ। ਕੋਈ ਕੰਨਾਂ ਨਾਲ ਸੁਣ ਰਿਹਾ ਹੈ ਯਾ ਨਹੀਂ, ਨਾਸਕਾ ਨਾਲ ਸੁੰਘ ਰਿਹਾ ਹੈ ਯਾ ਨਹੀਂ, ਔਰ ਅੱਖਾਂ ਨਾਲ ਵੇਖ ਰਿਹਾ ਹੈ ਯਾ ਨਹੀਂ, ਇਸ ਦਾ ਪਤਾ ਨਹੀਂ ਚੱਲਦਾ। ਪਰ ਕੋਈ ਰਸਨਾ ਨਾਲ ਬੋਲ ਰਿਹਾ ਹੈ, ਫੌਰਨ ਪਤਾ ਚੱਲਦਾ ਹੈ। ਰਸਨਾ ਦਾ ਕਰਮ ਪ੍ਰਗਟ ਹੈ ਤੇ ਸਭ ਤੋ ਜ਼ਿਆਦਾ ਮਨੁੱਖ ਸ਼ਬਦਾਂ ਤੋਂ ਪ੍ਰਭਾਵਤ ਹੁੰਦਾ ਹੈ। ਇਕ ਨੇਤਾ ਆਪਣੇ ਬੋਲਾਂ ਨੂੰ ਲੋਕਾਂ ਦੇ ਹਿਰਦਿਆਂ ਤਕ ਪਹੁੰਚਾ ਦੇਵੇ, ਕਾਮਯਾਬ ਸਮਝਿਆ ਜਾਂਦਾ ਹੈ। ਰਸਨਾ ਸਾਰੇ ਇੰਦ੍ਰਿਆਂ ਨਾਲੋਂ ਮਹਾਨ ਹੈ। ਨੇਤਰਹੀਨ ਮਨੁੱਖ ਵਾਸਤੇ ਵਿਕਾਸ ਦੇ ਦੁਆਰ ਬੰਦ ਨਹੀਂ ਹਨ। ਉਹ ਚਾਹਵੇ ਤਾਂ ਚੰਗਾ ਸੰਗੀਤਕਾਰ, ਕਵੀ ਤੇ ਦਾਰਸ਼ਨਿਕ ਬਣ ਸਕਦਾ ਹੈ। ਨੇਤਰਹੀਨ ਮਨੁੱਖ ਬ੍ਰਹਮ ਗਿਆਨੀ ਵੀ ਬਣੇ ਹਨ। ਭਗਤ ਸੂਰਦਾਸ ਨੇਤਰ-ਹੀਨ ਸਨ। ਸਰੀਰ ਵਿਚ ਪਵਨ ਤੱਤ ਪ੍ਰਧਾਨ ਹੈ। ਇੰਦ੍ਰਿਆਂ ਵਿਚ ਰਸਨਾ ਹੈ। ਅਸੀਂ ਜੋ ਕੁਛ ਬੋਲਦੇ ਹਾਂ, ਪਵਨ ਕਰਕੇ ਬੋਲਦੇ ਹਾਂ: ਦੇਹੀ ਮਾਟੀ ਬੋਲੈ ਪਉਣੁ॥
{ਗਉੜੀ ਮ:੧, ਪੰਨਾ ੧੫੨} ਇਸ ਮਿੱਟੀ ਦੀ ਦੇਹੀ ਵਿਚ ਪਵਨ ਬੋਲਦੀ ਹੈ। ਬੋਲਣਾ ਪਵਨ ਤੱਤ ਦੀ ਦੇਣ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਪਵਨ ਨੂੰ ਗੁਰੂ ਵੀ ਆਖ ਦਿੱਤਾ ਹੈ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
{ਜਪੁਜੀ ਸਾਹਿਬ} ਪਉਣੁ ਗੁਰੂ ਗੁਰ ਸਬਦੁ ਹੈ ਵਾਹਿਗੁਰੂ ਗੁਰ ਸਬਦੁ ਸੁਣਾਇਆ॥
{ਭਾਈ ਗੁਰਦਾਸ ਜੀ, ਵਾਰ ੬, ਪਉੜੀ ੫} ਵੇਖਣ ਨਾਲ, ਸੁੰਘਣ ਨਾਲ ਸੰਬੰਧ ਨਹੀਂ ਜੁੜਦੇ। ਬੋਲਣ ਨਾਲ ਸੰਬੰਧ ਜੁੜਦੇ ਹਨ। ਕਿਹਾ ਜਾਂਦਾ ਹੈ ਕਿ ਅੱਖਾਂ ਨਿਆਮਤ ਹਨ। ਅੱਖਾਂ ਗਈਆਂ, ਸੰਸਾਰ ਗਿਆ। ਪਰ ਐਸਾ ਕਹਿਣਾ ਚਾਹੀਦਾ ਹੈ-ਰਸਨਾ ਬੜੀ ਨਿਆਮਤ ਹੈ, ਰਸਨਾ ਗਈ, ਸੰਸਾਰ ਗਿਆ। ਨੇਤਰਹੀਨ ਮਨੁੱਖ ਜੀਵਨ ਦੇ ਵਸੀਲੇ ਲੱਭ ਲੈਂਦਾ ਹੈ। ਨੇਤਰਹੀਨ ਮਨੁੱਖ ਸਮਾਜਕ ਜੀਵਨ ਵੀ ਜ਼ਿੰਮੇਵਾਰੀ ਨਾਲ ਨਿਭਾ ਲੈਂਦਾ ਹੈ, ਪਰ ਗੁੰਗੇ ਵਾਸਤੇ ਵਿਕਾਸ ਦੇ ਸਾਰੇ ਦਵਾਰ ਬੰਦ ਜਨ। ਐਸਾ ਸੰਸਾਰ ਦੇ ਇਤਿਹਾਸ ਵਿਚ ਘੱਟ ਹੀ ਹੋਇਆ ਹੈ ਕਿ ਕੋਈ ਗੁੰਗਾ ਮਨੁੱਖ, ਕਵੀ, ਸੰਗੀਤਕਾਰ, ਦਾਰਸ਼ਨਿਕ ਯਾ ਫ਼ਿਲਾਸਫਰ ਬਣ ਗਿਆ ਹੈ। ਧਾਰਮਿਕ ਦੁਨੀਆ ਵਿਚ ਵੀ ਗੁੰਗੇ ਦੀ ਅਣਹੋਂਦ ਹੈ। ਕੋਈ ਗੁੰਗਾ ਭਗਤ ਬਣ ਗਿਆ ਹੋਵੇ, ਦਿਖਾਈ ਨਹੀਂ ਦੇਂਦਾ। ਸੰਬੰਧ ਜੁੜਦੇ ਹਨ ਬੋਲਣ ਨਾਲ ਤੇ ਬੋਲਣਾ ਗੁੰਗੇ ਕੋਲ ਨਹੀਂ ਹੈ। ਗੁੰਗੇ ਦੇ ਮਿੱਤਰ ਵੀ ਨਹੀਂ ਹੁੰਦੇ, ਕਿਉਂਕਿ ਜਗਤ ਦੇ ਸਾਰੇ ਸੰਬੰਧ ਬੋਲਣ 'ਤੇ ਖੜੇ ਹਨ। ਗੁੰਗੇ ਕੋਲ ਸਿਰਫ਼ ਇਸ਼ਾਰੇ ਹਨ ਤੇ ਇਹ ਇਸ਼ਾਰੇ ਵੀ ਉਸ ਦੀ ਮਾਂ ਹੀ ਸਮਝ ਸਕਦੀ ਹੈ। ਬੋਲ-ਚਾਲ ਦਾ ਟੁੱਟਣਾ ਸੰਬੰਧ ਦੇ ਟੁੱਟਣ ਦੀ ਨਿਸ਼ਾਨੀ ਹੈ। ਜਿਥੇ ਬੋਲ-ਚਾਲ ਬੰਦ ਹੋ ਗਈ ਹੋਵੇ, ਸਿਆਣਾ ਮਨੁੱਖ ਅੰਦਾਜ਼ਾ ਲਾ ਲੈਂਦਾ ਹੈ ਕਿ ਸੰਬੰਧ ਟੁੱਟੇ ਹੋਏ ਹਨ। ਦੋ ਭਾਈ ਨਾ ਬੋਲਣ, ਪਤੀ-ਪਤਨੀ ਤੇ ਮਿੱਤਰ ਆਪਸ ਵਿਚ ਬੋਲਣਾ ਬੰਦ ਕਰ ਦੇਣ ਤਾਂ ਵਕਤੀ ਤੌਰ ਤੇ ਸੰਬੰਧ ਟੁੱਟ ਜਾਂਦੇ ਹਨ। ਭਾਸ਼ਾ ਬੋਲੀ ਸਿਰਫ਼ ਮਨੁੱਖ ਕੋਲ ਹੈ। ਪਸ਼ੂ-ਜਗਤ ਕੋਲ ਆਵਾਜ਼ ਤਾਂ ਹੈ ਪਰ ਅੱਖਰ ਨਾ ਹੋਣ ਕਰਕੇ ਬੋਲੀ (ਭਾਸ਼ਾ) ਨਹੀਂ ਹੈ। ਇਸ ਵਾਸਤੇ ਉਨ੍ਹਾਂ ਦੀ ਦੁਨੀਆ ਵਿਚ ਗਿਆਨ-ਵਿਗਿਆਨ ਵਿਕਸਤ ਨਹੀਂ ਹੋ ਸਕਿਆ। ਸੋ ਇਹ ਗੱਲ ਸਪੱਸ਼ਟ ਰੂਪ ਵਿਚ ਦਿਖਾਈ ਦੇ ਰਹੀ ਹੈ ਕਿ ਸੰਬੰਧ ਸਾਰੇ ਬੋਲਣ 'ਤੇ ਖੜੇ ਹਨ। ਅਸੀਂ ਪਹਿਲੇ ਮਨੁੱਖ ਨੂੰ ਵੇਖਦੇ ਹਾਂ, ਫਿਰ ਬੋਲਦੇ ਹਾਂ ਪਰ ਪਰਮਾਤਮਾ ਨਾਲ ਤਾਂ ਪਹਿਲੇ ਬੋਲਣਾ ਪਵੇਗਾ, ਵੇਖਣਾ (ਦਰਸ਼ਨ) ਬਾਅਦ ਵਿਚ ਨਸੀਬ ਹੋਵੇਗਾ। ਪਰ ਕੀ ਬੋਲੀਏ? ਕਿਤਨਾ ਬੋਲੀਏ ਤੇ ਕਦੋਂ ਬੋਲੀਏ? ਜਿਸ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਪਾਵੇ ਤੇ ਅਸੀਂ ਉਸ ਨਾਲ ਜੁੜ ਸਕੀਏ: ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
{ਜਪੁਜੀ ਸਾਹਿਬ} ਬੋਲਣਾ ਅੰਮ੍ਰਿਤ ਵੇਲੇ ਹੈ ਤੇ ਕੀ ਬੋਲਣਾ ਹੈ, ਕਿਤਨਾ ਬੋਲਣਾ ਹੈ, ਇਸ ਦਾ ਉੱਤਰ ਗੁਰੂ ਨਾਨਕ ਦੇਵ ਜੀ ਇਨ੍ਹਾਂ ਸ਼ਬਦਾਂ ਵਿਚ ਦੇਂਦੇ ਹਨ: ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥
{ਜਪੁਜੀ ਸਾਹਿਬ} ਇਕ ਅਕਾਲ ਪੁਰਖ ਦਾ ਨਾਮ ਉਚਾਰਨ ਕਰੀ ਜਾਣਾ ਹੈ ਔਰ ਸ਼ਬਦ ਵਿਚ ਸੁਰਤ ਜੋੜਨੀ ਹੈ। ਧੁਨ ਵਿਚ ਧਿਆਨ ਜੋੜਨਾ ਹੈ। ਸ਼ਬਦ ਦੀ ਧੁਨ ਸੂਈ ਹੈ ਤੇ ਇਸ ਵਿਚ ਧਿਆਨ ਜੋੜਨਾ ਧਾਗਾ ਹੈ। ਸੂਈ ਅੱਗੇ ਚੱਲਦੀ ਹੈ, ਧਾਗਾ ਪਿੱਛੇ ਚੱਲਦਾ ਹੈ। ਸ਼ਬਦ ਦੀ ਧੁਨ ਪਹਿਲੇ ਕਰਨੀ ਹੈ, ਫਿਰ ਉਸ ਵਿਚ ਧਿਆਨ ਜੋੜਨਾ ਹੈ, ਇਸ ਤਰ੍ਹਾਂ ਚਿਤ ਉਸ ਪਰਮ ਪਿਤਾ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ: ਸੁਇਨੇ ਕੀ ਸੂਈ ਰੁਪੇ ਕਾ ਧਾਗਾ॥
ਨਾਮੇ ਕਾ ਚਿਤੁ ਹਰਿ ਸਿਉ ਲਾਗਾ॥
{ਆਸਾ ਨਾਮਦੇਉ ਜੀ, ਪੰਨਾ ੪੮੫} ਇਸ ਗੱਲ ਦੀ ਸਾਵਧਾਨੀ ਰੱਖਣੀ ਹੈ ਕਿ ਰਸਨਾ ਝੂਠ ਨਾ ਬੋਲੇ। ਰਸਨਾ ਦਾ ਬੋਲਿਆ ਝੂਠ ਹਿਰਦੇ ਵਿਚ ਪ੍ਰਵੇਸ਼ ਕਰ ਜਾਂਦਾ ਹੈ ਤੇ ਇਸ ਤਰ੍ਹਾਂ ਧੁਨ ਧਿਆਨ ਦੀ ਸਾਧਨਾ ਨਿਸਫਲ ਚਲੀ ਜਾਂਦੀ ਹੈ। ਵੇਖਣ ਵਿਚ ਆਇਆ ਹੈ ਕਿ ਜਿਸ ਝੂਠ ਨਾਲ ਕੋਈ ਸਵਾਰਥ ਸਿੱਧੀ ਵੀ ਨਹੀਂ ਹੁੰਦੀ, ਉਹ ਝੂਠ ਵੀ ਬੋਲੀ ਜਾ ਰਿਹਾ ਹੈ ਔਰ ਇਸ ਤਰ੍ਹਾਂ ਝੂਠ ਬੋਲਣ ਦੀ ਇਕ ਵਾਦੀ ਪੈ ਜਾਂਦੀ ਹੈ। ਮਾਂ-ਬਾਪ ਬੱਚੇ ਨਾਲ ਤੇ ਬੱਚੇ ਮਾਂ-ਬਾਪ ਨਾਲ ਝੂਠ ਬੋਲੀ ਜਾ ਰਹੇ ਹਨ। ਮਾਲਕ ਨੌਕਰ ਨਾਲ ਔਰ ਨੌਕਰ ਮਾਲਕ ਨਾਲ, ਦੁਕਾਨਦਾਰ ਗਾਹਕ ਨਾਲ, ਹਾਕਮ ਪਰਜਾ ਨਾਲ ਤੇ ਪਰਜਾ ਹਾਕਮ ਨਾਲ ਝੂਠ ਬੋਲੀ ਜਾ ਰਹੀ ਹੈ। ਸਾਰਾ ਜੀਵਨ-ਕਾਫ਼ਲਾ ਝੂਠ ਦੇ ਆਸਰੇ 'ਤੇ ਚੱਲ ਰਿਹਾ ਹੈ। ਸੁਚੇਤ ਰਹਿਣਾ ਹੈ ਕਿ ਰਸਨਾ ਤੋਂ ਝੂਠ ਨਾ ਨਿਕਲੇ: ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥
{ਆਸਾ ਸੇਖ ਫਰੀਦ, ਪੰਨਾ ੪੮੮} ਰਸਨਾ 'ਤੇ ਪਿਆ ਹੋਇਆ ਸੱਚ ਆਖ਼ਿਰ ਹਿਰਦੇ ਵਿਚ ਪਰਵੇਸ਼ ਕਰ ਜਾਂਦਾ ਹੈ। ਜਿਸ ਭੋਜਨ ਦੀ ਬੁਰਕੀ ਪਹਿਲੇ ਮੂੰਹ ਵਿਚ ਪਾਈਦੀ ਹੈ ਤੇ ਸੁਆਦ ਰਸਨਾ ਨੂੰ ਪਹਿਲੇ ਮਿਲਦਾ ਹੈ, ਫਿਰ ਇਹ ਬੁਰਕੀ ਮੇਹਦੇ ਵਿਚ ਜਾ ਕੇ ਰਸ ਬਣਦੀ ਹੈ ਤੇ ਫਿਰ ਖ਼ੂਨ ਬਣ ਕੇ ਜੀਵਨ ਦਾ ਆਧਾਰ ਬਣਦੀ ਹੈ। ਇਸ ਤਰ੍ਹਾਂ ਪਹਿਲੇ ਸੱਚ ਰਸਨਾ 'ਤੇ, ਫਿਰ ਇਹ ਸੱਚ ਹਿਰਦੇ ਵਿਚ ਵੱਸ ਰੋਮ-ਰੋਮ ਵਿਚ ਸਮਾ ਜਾਂਦਾ ਹੈ। ਸ਼ਬਦ ਦਾ ਜਾਪ ਤੇ ਸੱਚ ਬੋਲਣਾ ਮਨੁੱਖ ਨੂੰ ਪਰਮ-ਸਤਿ ਅਕਾਲ ਪੁਰਖ ਨਾਲ ਜੋੜ ਦੇਂਦਾ ਹੈ। ਸ਼ਬਦ ਦਾ ਜਾਪ ਔਸ਼ਧੀ ਹੈ, ਪਰ ਸੱਚ ਬੋਲਣਾ ਪਥ ਪਰਹੇਜ਼ ਹੈ। ਇਸ ਤਰ੍ਹਾਂ ਤਮਾਮ ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਤੇ ਪਰਮ ਆਨੰਦ ਪ੍ਰਾਪਤ ਹੁੰਦਾ ਹੈ।
Bolanhaar Param Guru Ehi
Giani Sant Singh ji Maskeen · ਕਥਾ ਅਤੇ ਲੈਕਚਰ · ੧੯੧ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ