Sadhu Sant

Giani Sant Singh ji Maskeen · ਕਥਾ ਅਤੇ ਲੈਕਚਰ · ੧੭੯ / ੩੧੨

ਸਾਧੂ ਸੰਤ ਧਾਰਮਿਕ ਜਗਤ ਅੰਦਰ ਸਾਧੂ ਦੇ ਸੰਤ ਦਾ ਆਪਣਾ ਇਕ ਖ਼ਾਸ ਅਸਥਾਨ ਹੈ। ਦੋਵੇਂ ਪੂਜਯ ਹਨ, ਜੀਵਨ ਦੇ ਸਿਖ਼ਰ ਹਨ। ਇਨ੍ਹਾਂ ਤੋਂ ਜੀਵਨ ਨੂੰ ਉਚਾਇਆਂ ਵੱਲ ਲੈ ਜਾਣ ਦੀ ਪ੍ਰੇਰਨਾ ਮਿਲਦੀ ਹੈ। ਜੋ ਸਾਧਨਾ ਵਿਚ ਰਤਿ ਹੈ, ਉਸ ਨੂੰ ਸਾਧੂ ਆਖਦੇ ਹਨ। ਧਰਮ ਦੀ ਸਾਧਨਾ ਦਾ ਆਧਾਰ ਨਿਰਮਲ ਕਰਮ ਹੈ। ਇਸ ਵਾਸਤੇ ਗੁਰਬਾਣੀ ਸਾਧੂ ਨੂੰ ਨਿਰਮਲ ਕਰਮ ਕਰਨ ਵਾਲਾ ਦੱਸਦੀ ਹੈ: ਸਾਧ ਨਾਮ ਨਿਰਮਲ ਤਾਕੇ ਕਰਮ॥
{ਗਉੜੀ ਸੁਖਮਨੀ ਸਾਹਿਬ} ਜੇ ਸਾਧਨਾ ਪੂਰਨ ਹੋ ਜਾਵੇ, ਸਾਧਨਾ ਨੂੰ ਸਫ਼ਲਤਾ ਦਾ ਫਲ ਲੱਗ ਜਾਵੇ ਤਾਂ ਉਸ ਨੂੰ ਸੰਤ ਕਹਿੰਦੇ ਹਨ। ਸੰਤ ਸ਼ਬਦ ਸਤ ਦੇ ਨਿਕਟ ਹੈ। ਸੰਤ ਦਾ ਜਨਮ ਸਤ ਤੋਂ ਹੁੰਦਾ ਹੈ। ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ, ਉਹ ਹੈ ਸੁਤ ਪਰ ਸਤ ਦਾ ਜੋ ਤੱਤ ਹੈ, ਉਹ ਹੈ ਸੰਤ। ਮਾਂ ਬਾਪ ਸੁਤ ਨੂੰ ਜਨਮ ਦੇਂਦੇ ਹਨ। ਸਤ ਸੰਗਤ ਸੰਤ ਨੂੰ ਜਨਮ ਦੇਂਦੀ ਹੈ। ਇਕ ਪੁਰਾਣਿਕ ਗਾਥਾ ਹੈ ਕਿ ਸੁਕਦੇਵ ਮਾਤਾ ਦੇ ਉਦਰ ਵਿਚ ਕੋਈ ਬਾਰਾਂ ਸਾਲ ਤੱਕ ਰਿਹਾ: ਬਾਰਹਿ ਬਰਸ ਗਰਭਾਸਿ ਵਿਚਿ ਜਮਦੇ ਹੀ ਸੁਕ ਲਈ ਉਦਾਸੀ॥
ਗਰਭ ਕਾਲ ਦਾ ਸਮਾਂ ਹਰ ਜੀਵ ਲਈ ਪ੍ਰਕਿਰਤੀ ਨੇ ਨਿਰਧਾਰਤ ਕੀਤਾ ਹੋਇਆ ਹੈ। ਪੰਛੀ ਤਿੰਨ ਹਫਤਿਆਂ ਤੋਂ ਲੈ ਕੇ ਚਾਰ ਹਫਤਿਆਂ ਦੇ ਅੰਦਰ ਅੰਡਿਆਂ ਵਿਚੋਂ ਆਪਣੇ ਬੱਚਿਆਂ ਨੂੰ ਜਨਮ ਦੇ ਦੇਂਦੇ ਹਨ। ਕੁਝ ਚੋਪਾਇ ਜਾਨਵਰਾਂ ਦਾ ਗਰਭ ਕਾਲ ਤਿੰਨ ਮਹੀਨੇ, ਛੇ ਮਹੀਨੇ ਹੈ। ਗਊ, ਮੱਝ, ਹਾਥੀ ਤੇ ਊਠ ਆਦਿ ਨੌਂ ਯਾ ਦਸ ਮਹੀਨੇ ਵਿਚ ਜਨਮ ਦੇਂਦੇ ਹਨ। ਮਨੁੱਖੀ ਬੱਚੇ ਦਾ ਗਰਭ ਕਾਲ ਦਸ ਮਹੀਨਿਆਂ ਦਾ ਹੈ। ਪਰ ਸੁਕਦੇਵ ਬਾਰੇ ਪੁਰਾਤਨ ਕਥਾ ਹੈ ਤੇ ਭਾਈ ਗੁਰਦਾਸ ਜੀ ਨੇ ਵੀ ਹਵਾਲਾ ਦਿੱਤਾ ਹੈ ਕਿ ਉਹ ਮਾਤਾ ਦੇ ਗਰਭ ਵਿਚ ਬਾਰਾਂ ਸਾਲ ਤੱਕ ਰਿਹਾ। ਇਹ ਪ੍ਰਾਕਿਰਤਕ ਰੂਪ ਵਿਚ ਸਹੀ ਨਹੀਂ ਲੱਗਦਾ। ਦਰਅਸਲ ਇਸ ਕਥਾ ਵਿਚ ਗਰਭ ਕਾਲ ਨੂੰ ਪ੍ਰਤੀਕ ਰੂਪ ਵਿਚ ਲਿਆ ਗਿਆ ਜਾਪਦਾ ਹੈ। ਸਤ ਸੰਗਤ ਵੀ ਜਨਨੀ ਹੈ, ਸਤ ਸੰਗਤ ਵਿਚ ਬੈਠਾ ਮਨੁੱਖ ਗਰਭ ਵਿਚ ਬੈਠਾ ਹੈ। ਨਵਾਂ ਜੀਵਨ ਪ੍ਰਾਪਤ ਕਰਨ ਲਈ, ਪਰ ਇਥੇ ਸਮਾਂ ਨਿਰਧਾਰਤ ਨਹੀਂ ਹੈ। ਕੋਈ ਇਕ ਦਿਨ ਵਿਚ ਵੀ ਨਵਾਂ ਜੀਵਨ ਪ੍ਰਾਪਤ ਕਰ ਸਕਦਾ ਹੈ। ਦਿਵਜ ਦਾ ਮਤਲਬ ਹੈ ਦੂਜਾ ਜਨਮ ਤੇ ਇਹ ਜਨਮ ਸਤ ਸੰਗਤ ਤੋਂ ਮਿਲਦਾ ਹੈ। ਕੋਈ ਨਵਾਂ ਜਨਮ ਇਕ ਮਹੀਨੇ ਵਿਚ ਪ੍ਰਾਪਤ ਕਰ ਲੈਂਦਾ ਹੈ। ਕਿਸੇ ਨੂੰ ਸਾਲ, ਦੋ ਸਾਲ ਤੇ ਦਸ ਸਾਲ ਵੀ ਲੱਗ ਜਾਂਦੇ ਹਨ। ਕਿਸੇ ਦਾ ਪੂਰਾ ਜੀਵਨ ਨਵ-ਜੀਵਨ ਦੀ ਪ੍ਰਾਪਤੀ ਲਈ ਲੱਗ ਜਾਂਦਾ ਹੈ ਤੇ ਕਿਸੇ ਦੇ ਕਈ ਜਨਮ ਵੀ ਲੱਗ ਜਾਂਦੇ ਹਨ ਤਾਂ ਕਿਧਰੇ ਨਵਾਂ ਜੀਵਨ ਮਿਲਦਾ ਹੈ। ਜਾਪਦਾ ਹੈ ਸੁਕਦੇਵ ਬਾਰਾਂ ਸਾਲਾਂ ਤੱਕ ਸੰਤ ਸੰਗਤ ਕਰਦਾ ਰਿਹਾ। ਫਿਰ ਕਿਧਰੇ ਇਸ ਨੂੰ ਨਵਾਂ ਜਨਮ ਮਿਲਿਆ ਤੇ ਨਵੇਂ ਜੀਵਨ ਦੇ ਮਿਲਦਿਆਂ ਹੀ ਸੰਸਾਰ ਤੋਂ ਉਦਾਸ ਹੋ ਗਿਆ। ਫਿਰ ਇਹ ਜੋ ਲਿਖਿਆ ਹੈ ਕਿ 'ਜੰਮਦੇ ਹੀ ਸੁਕ ਲਈ ਉਦਾਸੀ', ਜੰਮਦਾ ਬੱਚਾ ਕਿਸ ਤਰ੍ਹਾਂ ਉਪਰਾਮ ਹੋ ਕੇ ਵਿਰੱਕਤ ਹੋ ਸਕਦਾ ਹੈ, ਅਸੰਭਵ ਹੈ। ਸੰਤ ਹੋਵੇ ਬਿਨਾਂ ਪੂਰਨ ਪਦ ਪ੍ਰਾਪਤ ਨਹੀਂ ਹੋ ਸਕਦਾ। ਪੂਰਨ ਪਦ ਸਾਧਨਾ ਤੋਂ ਬਿਨਾਂ ਮਿਲਦਾ ਨਹੀਂ ਤੇ ਸਾਧਨਾ ਦੀ ਪ੍ਰੇਰਨਾ ਸਤ ਸੰਗ ਤੋਂ ਹੀ ਮਿਲ ਸਕਦੀ ਹੈ, ਸਾਧੂ ਦੀ ਸੰਗਤ ਜੀਵਨ ਨੂੰ ਸਾਧਨਾ ਵੱਲ ਪ੍ਰੇਰਦੀ ਹੈ। ਸੰਤ ਦੀ ਸੰਗਤ ਸਤ ਨਾਲ ਅਭੇਦ ਕਰਦੀ ਹੈ। ਸਾਧਨਾ ਕਰਨ ਵਿਚ ਜਿਸ ਨੂੰ ਰਸ ਆ ਰਿਹਾ ਹੋਵੇ ਮਜਬੂਰੀ ਯਾ ਬੱਧਾ ਚੱਟੀ ਨਾ ਕਰ ਰਿਹਾ ਹੋਵੇ, ਉਹ ਸਾਧੂ ਹੈ ਤੇ ਸਾਧੂ ਦੀ ਆਪਣੀ ਮਹਿਮਾ ਹੈ: ਮਹਿਮਾ ਸਾਧੂ ਸੰਗ ਕੀ ਸੁਨਿਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਇ ਚੀਤਾ॥
{ਬਿਲਾਵਲ ਮਹਲਾ ੫, ਪੰਨਾ ੮੦੯} ਯਥਾ: ਸਾਧ ਕੀ ਮਹਿਮਾ ਬੇਦ ਨ ਜਾਨਹਿ॥
ਜੇਤਾ ਸੁਨਹਿ ਤੇਤਾ ਬਖਿਆਨਹਿ॥
{ਗਉੜੀ ਸੁਖਮਨੀ, ਪੰਨਾ ੨੭੨} ਮਾਧੋ ਸਾਧੂ ਜਨ ਦੇਹੁ ਮਿਲਾਇ॥
{ਬਸੰਤੁ ਹਿੰਡੋਲ ਮਹਲਾ ੪, ਪੰਨਾ ੧੧੭੮} ਜਿਸ ਨੂੰ ਸਾਧਨਾ ਕਰਨ ਵਿਚ ਰਸ ਆ ਰਿਹਾ ਹੋਵੇ, ਬਾਣੀ ਰਸ ਨਾਲ ਪੜ੍ਹਦਾ ਹੋਵੇ, ਕੀਰਤਨ ਨਾਮ-ਰਸ ਨਾਲ ਜਪਦਾ ਹੋਵੇ, ਉਸ ਦੀ ਸੰਗਤ ਸਾਧਨਾ ਵਿਚ ਰਸ ਪੈਦਾ ਕਰ ਦੇਂਦੀ ਹੈ। ਪਰ ਜੋ ਅੱਠੇ ਪਹਿਰ ਸਦਾ ਇਕ-ਰਸ ਵਿਚ ਰਹਿੰਦਾ ਹੈ ਉਹ ਸੰਤ ਹੈ: ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨਿ ਮੰਤੁ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥
{ਸਲੋਕ ਮ:੫, ਪੰਨਾ ੩੧੯} ਸੰਤ ਦੇ ਦਰਸ਼ਨ ਕਰਦਿਆਂ ਮਨ ਵਿਚ ਪਵਿੱਤ੍ਰਤਾ ਦੀ ਲਹਿਰ ਪੈਦਾ ਹੋ ਜਾਂਦੀ ਹੈ। ਜਿਸ ਤਰ੍ਹਾਂ ਹਿਮਾਲਿਆ ਪਰਬਤ ਤੇ ਚਲੇ ਜਾਈਏ ਤਾਂ ਠੰਢ ਮੰਗਣੀ ਨਹੀਂ ਪੈਂਦੀ ਆਪੇ ਹੀ ਮਿਲਦੀ ਹੈ। ਜਲਦੇ ਦੀਪਕ ਕੋਲ ਬੈਠ ਜਾਈਏ ਤਾਂ ਰੌਸ਼ਨੀ ਬਿਨਾਂ ਮੰਗਿਆਂ ਹੀ ਮਿਲਦੀ ਹੈ। ਇਸੇ ਤਰ੍ਹਾਂ ਸੰਤ ਦੇ ਦਰਸ਼ਨ ਕਰਨ ਮਾਤ੍ਰ ਨਾਲ ਹੀ ਰੂਹਾਨੀ ਖ਼ੁਸ਼ੀ ਤੇ ਪਵਿੱਤ੍ਰਤਾ ਨਸੀਬ ਹੋ ਜਾਂਦੀ ਹੈ: ਸਾਧ ਕੈ ਸੰਗਿ ਨਹੀ ਕਿਛੁ ਘਾਲ॥
ਦਰਸਨੁ ਭੇਟਤ ਹੋਤ ਨਿਹਾਲ॥
{ਗਉੜੀ ਸੁਖਮਨੀ, ਪੰਨਾ ੨੭੨} ਇਸ ਵਾਸਤੇ ਸਾਡੇ ਦੇਸ਼ ਅੰਦਰ ਸਾਧੂ ਸੰਤ ਦੀ ਸੰਗਤ ਦੀ ਬੜੀ ਮਹਿਮਾ ਗਾਇਨ ਕੀਤੀ ਗਈ ਹੈ। ਕਿਧਰੇ ਪੂਰਬਲੇ ਭਾਗ ਜਾਗਣ ਤੇ ਅਕਾਲ ਪੁਰਖ ਮਹਾਨ ਮਿਹਰਾਮਤ ਹੋਵੇ ਤਾਂ ਹੀ ਦਰਸ਼ਨ ਭੇਟ ਨਸੀਬ ਹੁੰਦੀ ਹੈ: ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ॥
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥
{ਗਉੜੀ ਮਹਲਾ ੫, ਪੰਨਾ ੨੦੪}

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ