ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥
ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥
ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥
ਜੇਠ ਤੋਂ ਮੁਰਾਦ ਹੈ ਵੱਡਾ, ਮੁਖੀ। ਚੱਲ ਰਹੇ ਬਾਰਹਮਾਹਾ ਦਾ ਗੁਰੂ ਅਰਜਨ ਦੇਵ ਜੀ ਅਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਾਲ ਦਾ ਤੀਸਰਾ ਮਹੀਨਾ। ਸੰਸਕ੍ਰਿਤ ਦੇ 'ਚ ਇਸ ਨੂੰ ਜਏਸ਼ਠ ਕਹਿ ਦਿੰਦੇ ਨੇ। ਇਹ ਮਹੀਨਾ ਦਿਨ ਦੇ ਲਿਹਾਜ ਨਾਲ ਵੱਡਾ ਮਹੀਨਾ ਹੁੰਦਾ ਹੈ। ਰਾਤ ਛੋਟੀ ਹੋ ਜਾਂਦੀ ਏ, ਦਿਨ ਵੱਡਾ ਹੋ ਜਾਂਦਾ। ਕਿਰਤੀਆਂ ਲਈ, ਮਜ਼ਦੂਰਾਂ ਲਈ, ਕਾਮਿਆਂ ਲਈ ਇਹ ਮਹੀਨਾ ਖ਼ੁਸ਼ੀਆਂ ਭਰਿਆ ਹੁੰਦਾ, ਕਿਉਂਕਿ ਦਿਨ ਵੱਡਾ ਹੈ, ਕੰਮ ਜ਼ਿਆਦਾ ਹੋ ਸਕੇਗਾ। ਇਸ ਮਹੀਨੇ ਨੂੰ ਮੁੱਖ ਰੱਖਦਿਆਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਇੰਝ ਫਰਮਾਨ ਕਰਦੇ ਨੇ: ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਜੇਠ ਦੇ ਮਹੀਨੇ ਲੋੜ ਕਰੋ, ਉਸ ਦੀ ਜੋ ਸਭ ਤੋਂ ਵੱਡਾ ਹੈ, ਸਿਰਮੌਰ ਹੈ। ਜਿਸ ਦੇ ਅੱਗੇ ਤਮਾਮ ਪ੍ਰਿਥਵੀ ਦੇ ਜੀਵ ਝੁਕਦੇ ਨੇ, ਨਮਸਕਾਰ ਕਰਦੇ ਨੇ। ਤਾਂ ਹੀ ਇਹ ਜੇਠ ਦਾ ਮਹੀਨਾ ਸੁਹਾਵਣਾ, ਜੇ ਜੇਠ ਚੇਤੇ ਆ ਜਾਏ, ਵੱਡਾ ਚੇਤੇ ਆ ਜਾਏ। ਮਨ ਵਿਚ ਉਸ ਦੀ ਲੋੜ ਪੈਦਾ ਹੋ ਜਾਏ। ਹਿਰਦਾ ਉਸ ਦੀ ਜ਼ਰੂਰਤ ਮਹਿਸੂਸ ਕਰੇ ਤਾਂ ਸਤਿ ਉਪਦੇਸ਼ ਕਰਦੇ ਨੇ ਕਿ ਜਦ ਕੋਈ ਜੇਠਿ ਦੇ ਮਹੀਨੇ 'ਚ ਜੇਠ ਦੀ ਜ਼ਰੂਰਤ ਮਹਿਸੂਸ ਕਰਦਾ ਹੈ। ਵੱਡੇ ਦੀ ਲੋੜ ਮਹਿਸੂਸ ਕਰਦਾ ਹੈ ਤਾਂ ਉਹ ਪਰੀ-ਪੂਰਨ ਪ੍ਰਮਾਤਮਾ ਐਸਾ ਬਖ਼ਸ਼ਿੰਦ ਹੈ, ਜਿਹੜਾ ਵੀ ਉਸ ਦੇ ਲੜ ਲੱਗ ਜਾਂਦਾ ਹੈ: ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਉਸ ਦੀ ਪ੍ਰਕਰਮਾ ਕਰਦਾ, ਉਸ ਦੇ ਲੜ ਲੱਗ ਜਾਂਦਾ, ਫਿਰ ਕਿਸੇ ਹੋਰ ਬੰਧਨਾਂ 'ਚ ਉਹ ਨਹੀਂ ਪੈਦਾ। ਸੰਸਾਰ ਦੇ 'ਚ ਬੜੀਆਂ ਫਾਹੀਆਂ ਨੇ, ਔਰ ਬੜੇ ਸੰਗਲ ਨੇ। ਜੈਸੇ-ਜੈਸੇ ਕੋਈ ਇਸ ਪਰੀ-ਪੂਰਨ ਪ੍ਰਮਾਤਮਾ ਦੇ ਲੜ ਤੋਂ ਟੁੱਟਦਾ ਹੈ, ਅਨੇਕਾਂ ਫਾਹੀਆਂ, ਅਨੇਕਾਂ ਰੱਸੇ, ਅਨੇਕਾਂ ਸੰਗਲ ਉਸ ਦੇ ਗਲ ਵਿਚ ਪੈਂਦੇ ਨੇ। ਪਾਤਸ਼ਾਹ ਦੀ ਬਾਣੀ ਦਾ ਐਸਾ ਫਰਮਾਨ: 'ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ॥' {ਮਾਰੂ ਮਹਲਾ ੧ ਅੰਗ ੯੯੦} ਐਸੇ ਪੁਰਸ਼ ਲਈ ਜੋ ਉਸ ਜੇਠ ਤੋਂ ਟੁੱਟਿਆ ਹੋਇਆ ਹੈ ਦਿਨ ਵੀ ਜਾਲ ਦੀ ਤਰ੍ਹਾਂ ਤੇ ਰਾਤ ਵੀ ਜਾਲ ਦੀ ਤਰ੍ਹਾਂ। ਦਿਨ ਤੇ ਰਾਤ ਦੀਆਂ ਜਿਤਨੀਆਂ ਘੜੀਆਂ ਨੇ, ਸਭ ਫਾਹੀਆਂ ਨੇ: 'ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ॥੧॥
' {ਅੰਗ ੯੯੦} ਵਿਕਾਰਾਂ ਦੇ ਰਸ ਵਿਚ ਫਸਿਆ ਹੋਇਆ ਚੁਗਦਾ ਹੈ ਵਿਕਾਰਾਂ ਦੇ ਵਿਚ ਲੀਨ ਹੁੰਦਾ ਹੈ ਫਸਦਾ। ਇਸ ਤਰ੍ਹਾਂ ਹਰ ਘੜੀ, ਹਰ ਦਿਨ, ਹਰ ਰਾਤ ਉਸ ਲਈ ਬੰਧਨ ਹੋ ਜਾਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜੇਠ ਦੇ ਮਹੀਨੇ ਜਿਹੜਾ ਪ੍ਰਮਾਤਮਾ ਦੇ ਲੜ ਲੱਗਦਾ ਹੈ ਉਸ ਨੂੰ ਕੋਈ ਹੋਰ ਬੰਧਨ ਨਹੀਂ ਪੈਂਦਾ। ਤਾਂ ਸਾਹਿਬ ਕਹਿੰਦੇ ਨੇ: ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥
ਜਗਤ ਦੀ ਜਿੰਨੀ ਵੀ ਦੌਲਤ ਹੈ, ਇਹ ਲੁੱਟੀ ਜਾ ਸਕਦੀ ਹੈ ਜਾਂ ਫਿਰ ਜਲਾਈ ਜਾ ਸਕਦੀ ਹੈ, ਇਸ ਨੂੰ ਚੋਰ ਵੀ ਚੁਰਾ ਸਕਦਾ ਹੈ। ਇਕ ਐਸੀ ਦੌਲਤ ਵੀ ਹੈ, ਜਿਸ ਤੱਕ ਚੋਰ ਦੀ ਪਹੁੰਚ ਨਹੀਂ, ਡਾਕੂ ਦੀ ਪਹੁੰਚ ਨਹੀਂ ਔਰ ਅਗਨੀ ਦੀ ਵੀ ਪਹੁੰਚ ਨਹੀਂ। ਪਾਣੀ ਵੀ ਨਹੀਂ ਡੋਬ ਸਕਦਾ। ਸਾਹਿਬ ਕਹਿੰਦੇ ਨੇ: ਗੁਰ ਕਾ ਬਚਨੁ ਬਸੈ ਜੀਅ ਨਾਲੇ॥
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ॥੧॥
{ਧਨਾਸਰੀ ਮ:੫, ਅੰਗ ੬੭੯} ਸਾਹਿਬ ਕਹਿ ਰਹੇ ਨੇ ਉਹ ਜੋ ਵੱਡਾ ਹੈ, ਜੇਠ ਹੈ, ਉਹਦਾ ਜੋ ਨਾਮ ਹੈ, ਐਸਾ ਮੋਤੀ ਹੈ, ਐਸਾ ਉਹ ਰਤਨ ਹੈ ਕਿ ਕੋਈ ਚੋਰ ਸੰਨ੍ਹ ਨਹੀਂ ਲਾ ਸਕਦਾ। ਆਪਣੀ ਸ਼ਕਤੀ ਨਾਲ ਭਗਤ ਦੇ ਹਿਰਦੇ 'ਚ ਉਹ ਇਹ ਹੀਰੇ ਕੱਢ ਨਹੀਂ ਸਕੇਗਾ ਇਹ ਇਕ ਹੀ ਦੌਲਤ ਹੈ ਜਿਸਦੇ ਲੁੱਟੇ ਜਾਣ ਦਾ ਡਰ ਨਹੀਂ। ਬਾਹਰ ਦੀ ਦੌਲਤ ਐਸੀ ਹੈ ਕਿ ਇਹ ਜਿਵੇਂ-ਜਿਵੇਂ ਵਧੇਗੀ, ਭੈ ਵੀ ਵਧਦਾ ਜਾਏਗਾ। ਬਾਹਰ ਕੁਝ ਵੀ ਸੁਰਖਿਅਤਾ ਨਹੀਂ ਹੈ। ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਕੀ ਹੋ ਜਾਣਾ ਹੈ। ਇਸ ਵਾਸਤੇ ਜਿਸ ਮਨੁੱਖ ਦਾ ਅੰਦਰ ਕੁਝ ਵੀ ਨਹੀਂ, ਸਭ ਕੁਝ ਬਾਹਰ ਹੈ, ਉਹ ਨਿਰਵੈਰ ਨਹੀਂ ਹੋ ਸਕਦਾ, ਤੇ ਨਿਰਭੈ ਨਹੀਂ ਹੋ ਸਕਦਾ। ਡਰਿਆ ਰਹੇਗਾ, ਭੈ-ਭੀਤ ਰਹੇਗਾ, ਕਿਉਂਕਿ ਅੰਦਰ ਤਾਂ ਕੁਝ ਹੈ ਨਹੀਂ, ਜੋ ਕੁਝ ਉਸਦਾ ਹੈ ਬਾਹਰ ਹੈ ਤੇ ਬਾਹਰ ਜੋ ਕੁਝ ਵੀ ਹੈ, ਉਸ ਨੂੰ ਅੱਗ ਜਲਾ ਸਕਦੀ ਹੈ, ਪਾਣ ਡੋਬ ਸਕਦਾ ਹੈ, ਔਰ ਕੋਈ ਲੁਟੇਰਾ ਲੁੱਟ ਸਕਦਾ ਹੈ। ਹੋਰ ਕਈ ਕਾਰਨਾ ਕਰਕੇ ਉਹ ਬਰਬਾਦ ਹੋ ਸਕਦਾ ਹੈ, ਇਕੋ ਇਕ ਨੀਲਮ, ਹੀਰਾ, ਮੋਤੀ ਪ੍ਰਮਾਤਮਾ ਦਾ ਨਾਮ ਹੈ, ਜਿਸ ਤੱਕ ਕਿਸੇ ਦੀ ਵੀ ਪਹੁੰਚ ਨਹੀਂ। ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
ਅਗਰ ਪ੍ਰਮਾਤਮਾ ਦਾ ਨਾਂ ਹਿਰਦੇ ਵਿਚ ਵਸ ਗਿਆ, ਵਸਣ ਦੇ ਨਾਲ, ਨਾਰਾਇਣ ਦੇ ਨਾਲ ਜੁੜਨ ਕਰਕੇ ਜੋ ਤਮਾਮ ਰੰਗ ਨੇ, ਉਹ ਮਾਣ ਸਕਦਾ ਹੈ, ਜਿਤਨੇ ਵੀ ਉਸ ਦੇ ਮਨ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਹਰ ਰੰਗ, ਹਰ ਖੇੜਾ, ਹਰ ਖੁਸ਼ੀ ਉਹ ਮਨ-ਭਾਉਂਦੀ ਪ੍ਰਾਪਤ ਕਰ ਸਕਦਾ ਹੈ। ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥
ਸਾਹਿਬ ਕਹਿੰਦੇ ਨੇ ਕਿ ਜੈਸਾ-ਜੈਸਾ ਹਰੀ ਚਾਹੁੰਦਾ ਹੈ ਤੈਸੇ-ਤੈਸੇ ਜੀਵ ਕਰਮ ਕਰਦੇ ਨੇ। ਪ੍ਰਭ ਡੋਰੀ ਹਾਥਿ ਤੁਮਾਰੇ॥
ਅਸੀਂ ਦੇਖਦੇ ਹਾਂ ਪਸ਼ੂ, ਪੰਛੀ, ਉਨ੍ਹਾਂ ਦਾ ਆਹਾਰ, ਉਨ੍ਹਾਂ ਦੀ ਦਿਨ ਚਰਿਆ ਸਾਰੀ ਦੀ ਸਾਰੀ ਪ੍ਰਭੂ ਦੇ ਹੱਥ 'ਚ ਹੈ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ, ਔਰ ਭੁੱਖੀ ਮਰ ਜਾਏਗੀ ਗਊ, ਮਾਸ ਨਹੀਂ ਖਾਏਗੀ। ਆਹਾਰ ਚੁਣਨ ਵਿਚ ਵੀ ਪਸ਼ੂ-ਪੰਛੀ ਸੁਤੰਤਰ ਨਹੀਂ ਨੇ, ਨੀਯਤ ਹੈ ਉਨ੍ਹਾਂ ਦਾ ਆਹਾਰ। ਮਨੁੱਖ ਸੁਤੰਤਰ ਹੈ। ਚੁੰਕਿ ਸੁਤੰਤਰਤਾ ਵੀ ਪ੍ਰਭੂ ਦੀ ਦਿਤੀ ਹੋਈ ਹੈ, ਇਸ ਵਾਸਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਕਿ ਅਗਰ ਸਭ ਕੁਝ ਤੇਰਾ ਹੀ ਦਿਤਾ ਹੋਇਆ ਹੈ ਔਰ ਸੁਤੰਤਰਤਾ ਵੀ ਤੇਰੀ ਦੇਣ ਹੈ, ਸੁਤੰਤਰ ਹੋ ਕੇ ਵੀ ਜਿਹੜੇ ਕਰਮ ਕਰਨੇ ਨੇ, ਉਹ ਵੀ ਵਾਸਤਵਿਕ ਉਹੀ ਕਰਮ ਨੇ, ਜੋ ਤੇਰੀ ਦਿੱਤੀ ਸੁਤੰਤਰਤਾ ਨਾਲ ਤੇਰੇ ਜੀਵਾਂ ਨੇ ਕੀਤੇ ਨੇ। ਇਸ ਵਾਸਤੇ ਹੇ ਪਰੀ ਪੂਰਨ ਪਰਮਾਤਮਾ! ਇਹ ਤੂੰ ਲੋੜਦਾ ਹੈ, ਤੂੰ ਇਹ ਚਾਹਨਾਂ ਕਿ ਜੀਵਾਂ ਨੂੰ, ਖ਼ਾਸ ਕਰਕੇ ਮਨੁੱਖਾਂ ਨੂੰ ਸੁਤੰਤਰਤਾ ਦੇਈਏ ਤਾਂ ਕਿ ਉਹ ਸੁਤੰਤਰ ਹੋ ਕੇ ਕਰਮ ਕਰਨ, ਪਰ ਇਸੇ ਸੁਤੰਤਰਤਾ ਦੇ ਨਾਲ ਪ੍ਰਮਾਤਮਾ ਨੇ ਇਕ ਪਰਤੰਤਰਤਾ ਵੀ ਰੱਖ ਦਿੱਤੀ ਏ ਕਿ ਫਲ ਪ੍ਰਭੂ ਨੇ ਆਪਣੇ ਹੱਥ ਵਿਚ ਰੱਖ ਲਿਆ। ਜਿੱਥੇ ਬੀਜ ਸਾਡੀ ਹਥੇਲੀ 'ਚ ਹੈ, ਉੱਥੇ ਫਲ ਪ੍ਰਭੂ ਦੀ ਹਥੇਲੀ 'ਚ ਹੈ। ਜੈਸੇ-ਜੈਸੇ ਬੀਜ ਅਸੀਂ ਆਪਣੇ ਹੱਥਾਂ 'ਚ ਰੱਖਦੇ ਹਾਂ, ਜਿਸ ਰੂਪ ਦੇ, ਜਿਸ ਰੰਗ ਦੇ, ਵੈਸੇ-ਵੈਸੇ ਪ੍ਰਭੂ ਦੀ ਹਥੇਲੀ ਵਿਚ ਫਲ ਬਦਲਦੇ ਨੇ। ਜੋ ਕੁਝ ਪ੍ਰਭੂ ਚਾਹੁੰਦਾ ਹੈ, ਜੀਵ ਉਹ ਕੁਝ ਹੀ ਕਰ ਰਹੇ ਨੇ। ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
ਧੰਨਤਾ ਦੇ ਯੋਗ ਨੇ ਉਹ ਜੀਵ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣਾ ਲਿਆ, ਕੰਠ ਨਾਲ ਲਾ ਲਿਆ, ਆਪਣੇ ਨਾਲ ਜੋੜ ਲਿਆ। ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥
ਮਨੁੱਖ ਕੋਲ ਦੋ ਸ਼ਕਤੀਆਂ ਨੇ, ਤਨ ਦੀ ਤੇ ਮਨ ਦੀ। ਜੇ ਮਨੁੱਖ ਆਪਣੇ ਤਨ ਦੀ ਸ਼ਕਤੀ ਨਾਲ ਹੀ ਪ੍ਰਭੂ ਨੂੰ ਪ੍ਰਾਪਤ ਕਰ ਸਕੇ ਤੇ ਆਪਣੀ ਅਕਲ, ਬੁਧੀ ਦੇ ਬਲ ਨਾਲ ਹੀ ਪ੍ਰਾਪਤ ਕਰ ਸਕੇ, ਤਦ ਫਿਰ ਜਗਤ ਵਿਚ ਮਨੁੱਖ ਵਿਛੜ ਕੇ ਰੋਵਣ ਕਿਉਂ? ਦੁਖਤ ਕਿਉਂ ਹੋਵਣ? ਤਨ ਦੀ ਸ਼ਕਤੀ ਨਾਲ ਪ੍ਰਮਾਤਮਾ ਪ੍ਰਾਪਤ ਹੋ ਸਕੇ ਤਾਂ ਪ੍ਰਮਾਤਮਾ ਤਨ ਦੀ ਸ਼ਕਤੀ ਤੋਂ ਵੱਡਾ ਨਹੀਂ ਹੈ। ਬੌਧਿਕ ਬਲ ਨਾਲ ਪ੍ਰਾਪਤ ਹੋ ਸਕੇ ਤਾਂ ਉਹ ਬੌਧਿਕ ਬਲ ਤੋਂ ਵੱਡਾ ਨਹੀਂ ਹੈ। ਇਥੇ ਸਾਹਿਬ ਇਹੋ ਕਹਿੰਦੇ ਨੇ ਕਿ ਅਗਰ ਪ੍ਰਮਾਤਮਾ ਆਪਣੀ ਹੀ ਸ਼ਕਤੀ ਨਾਲ ਪ੍ਰਾਪਤ ਹੋਵੇ ਤਾਂ ਵਿਛੜ-ਵਿਛੜ ਕੇ ਰੋਵਣ ਕਿਉਂ? ਦੁਖਿਤ ਕਿਉਂ ਹੋਵਣ? ਹਾਂ ਇਕ ਤਰੀਕਾ ਹੈ, ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ: ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਜਿੰਨ੍ਹਾਂ ਨੂੰ ਸਾਧੂ ਦੀ ਸੰਗਤ ਪ੍ਰਾਪਤ ਹੋਈ, ਸਾਧ ਸੰਗਤ ਪ੍ਰਾਪਤ ਹੋਈ, ਸਾਧੂਆਂ ਦੀ ਨੇੜਤਾ ਪ੍ਰਾਪਤ ਹੋਈ, ਓਹੀ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣ ਸਕਦੇ ਹਨ। ਓਹੀ ਈਸ਼ਵਰ ਦਾ ਅਨੰਦ ਮਾਣਦੇ ਨੇ: ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥
ਜਿਸ ਦੇ ਭਾਗ ਅੱਛੇ ਨੇ, ਜਿਸ ਦਾ ਹਿੱਸਾ ਵੱਡਾ, ਜਿਸ ਦੀ ਕਰਮਾਂ ਅਨੁਸਾਰ ਪ੍ਰਾਲਬਦ ਅੱਛੀ ਹੈ, ਇਹ ਪਰੀ-ਪੂਰਨ ਪ੍ਰਮਾਤਮਾ ਉਸ ਦਾ। ਉਸ ਲਈ ਇਹ ਜੇਠ ਦਾ ਮਹੀਨਾ ਮਾਨੋ ਰੰਗਾਂ ਨਾਲ ਭਰਿਆ ਹੋਇਆ, ਰੰਗੀਲਾ ਹੈ। ਇਹ ਸਾਰੇ ਦਾ ਸਾਰਾ ਮਹੀਨਾ ਰੰਗੀਲਾ ਹੈ। ਦਿਨ ਵੱਡਾ ਹੋ ਗਿਆ ਤਾਂ ਰੱਬ ਨਾਲ ਜੁੜੇ ਹੋਏ ਦੀਆਂ ਖ਼ੁਸ਼ੀਆਂ ਵੱਡੀਆਂ ਹੋ ਗਈਆਂ ਨੇ। ਵੱਡਾ ਹੈ ਤਾਂ, ਭਗਤ ਦੇ ਕੋਲ ਖੁਸ਼ੀਆਂ ਵੀ ਵੱਡੀਆਂ ਨੇ। ਇਹ ਮਹੀਨਾ ਜੇਠ ਹੈ, ਵੱਡਾ ਹੈ ਤਾਂ ਭਗਤ ਦੇ ਕੋਲ ਖੁਸ਼ੀਆਂ ਵੀ ਵੱਡੀਆਂ ਨੇ। ਵੱਡੇ ਦੀ ਪ੍ਰਾਪਤੀ ਹੋ ਗਈ ਏ, ਜੇਠ ਦੀ ਪ੍ਰਾਪਤੀ ਹੋ ਗਈ ਏ। ਜੇਠ ਦੇ ਮਹੀਨੇ ਨੂੰ ਸਾਹਮਣੇ ਰੱਖ ਕੇ ਸਾਹਿਬ ਕਹਿੰਦੇ ਨੇ, ਇਹ ਮਹੀਨਾ, ਉਸੇ ਲਈ ਸਫਲ ਸਮਝੋ, ਜਿਸਨੂੰ ਜੇਠ ਦੀ ਪ੍ਰਾਪਤੀ ਹੋ ਜਾਏ, ਵੱਡੇ ਦੀ ਪ੍ਰਾਪਤੀ ਹੋ ਜਾਏ। ਵੱਡੇ ਨਾਲ ਜੁੜ ਜਾਏ। ਜੁੜਨ ਦਾ ਵਸੀਲਾ ਹੈ ਸਾਧ ਸੰਗਤ, ਔਰ ਜੈਸੇ ਜਿਸੇ ਦਾ ਇਹ ਵਸੀਲਾ ਸਫਲ ਹੁੰਦਾ ਹੈ। ਸਾਰੇ ਦਾ ਸਾਰਾ ਜੇਠ ਦਾ ਮਹੀਨਾ ਉਸਦਾ ਰੰਗਾਂ ਭਰਿਆ ਬਤੀਤ ਹੁੰਦਾ ਹੈ। ਅਨੰਦਮਈ ਬਤੀਤ ਹੁੰਦਾ। ਖੇੜੇ ਤੇ ਖੁਸ਼ੀਆਂ ਨਾਲ ਉਹ ਸਾਰਾ ਮਹੀਨਾ ਕੱਟਦਾ ਹੈ।