ਨਿੰਦ੍ਰਾ

Giani Sant Singh ji Maskeen · ਕਥਾ ਅਤੇ ਲੈਕਚਰ · ੧੭੨ / ੩੧੨

ਨਿੰਦ੍ਰਾ ਸਰੀਰ ਲਈ ਭੋਜਨ ਪਾਣੀ ਜਿਵੇਂ ਜ਼ਰੂਰੀ ਹੈ, ਨੀਂਦ ਵੀ ਉਤਨੀ ਲਾਜ਼ਮੀ ਹੈ। ਭੋਜਨ ਪਾਣੀ ਤਾਂ ਫਿਰ ਵੀ ਸਾਨੂੰ ਲੱਭਣਾ ਪੈਂਦਾ ਹੈ ਪਰ ਨੀਂਦ ਤਾ ਆਪਣੇ ਆਪ ਸਰੀਰ ਲੱਭ ਲੈਂਦਾ ਹੈ। ਗਹਿਰੀ ਨੀਂਦ ਤੋਂ ਬਾਅਦ ਗਹਿਰੀ ਤਾਜ਼ਗੀ ਮਿਲਦੀ ਹੈ ਤੇ ਦਿਨ ਭਰ ਮਨੁੱਖ ਕੰਮ ਕਰਨ ਜੋਗਾ ਹੋ ਜਾਂਦਾ ਹੈ। ਚੇਤਨਾ ਦੀਆਂ ਤਿੰਨ ਅਵਸਥਾ ਹਨ: ਜਾਗ੍ਰਿਤ, ਸੁਪਨ, ਸਖੋਪਤ (ਸਸ਼ੁਪਤੀ)। ਸੋਣ ਲੱਗਿਆਂ ਇਕ-ਦਮ ਗਹਿਰੀ ਨੀਂਦ ਨਹੀਂ ਆਂਵਦੀ। ਸਰੀਰ ਤਾਂ ਸੌਂ ਜਾਂਦਾ ਹੈ, ਪਰ ਦਿਮਾਗ਼ ਕੰਮ ਕਰਦਾ ਹੈ। ਕਲਪਨਾ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਸੁਪਨੇ ਚੱਲ ਪੈਂਦੇ ਹਨ ਔਰ ਏਹੀ ਸੁਪਨੇ ਅਗਰ ਸਾਰੀ ਰਾਤ ਚੱਲਦੇ ਰਹਿਣ ਤਾਂ ਸਵੇਰੇ ਉਠ ਕੇ ਥਕੇਵਾਂ ਬਣਿਆ ਰਹਿੰਦਾ ਹੈ, ਕਿਉਂਕਿ ਮਨ ਸਾਰੀ ਰਾਤ ਕੰਮ ਕਰਦਾ ਰਿਹਾ ਹੈ, ਜਿਥੇ ਥੋੜੀ ਦੇਰ ਲਈ ਮਨ ਵੀ ਬਿਸਰਾਮ ਵਿਚ ਚਲਾ ਜਾਂਦਾ ਹੈ, ਉਸ ਹਾਲਤ ਨੂੰ ਸਖੋਪਤੀ ਆਖਦੇ ਹਨ। ਉਹ ਗਹਿਰੀ ਨੀਂਦ ਅਗਰ ਪੰਜ ਯਾ ਦਸ ਮਿੰਟ ਲਈ ਨਾ ਆਵੇ ਤਾਂ ਸਰੀਰ ਵਿਚ ਅਨੇਕਾਂ ਰੋਗ ਪੈਦਾ ਹੋ ਸਕਦੇ ਹਨ ਤੇ ਮਾਨਸਿਕ ਸੰਤੁਲਨ ਵੀ ਵਿਗੜਨ ਦਾ ਡਰ ਹੁੰਦਾ ਹੈ। ਸਖੋਪਤੀ ਦੀ ਹਾਲਤ ਵਿਚ ਹੀ ਆਤਮ-ਅਭਿਆਸੀ ਨੂੰ ਸਮਾਧੀ ਦਾ ਬੋਧ ਮਿਲਿਆ ਹੈ। ਸਖੋਪਤੀ ਪਰਮ ਨਿੰਦ੍ਰਾ ਹੈ ਤੇ ਸਮਾਧੀ ਪਰਮ ਜਾਗਣ ਹੈ। ਦਿਨ ਤੋਂ ਰਾਤ ਦੀ ਹੋਂਦ ਸਰੀਰ ਲਈ ਸੌਣ ਤੇ ਜਾਗਣ ਲਈ ਹੈ। ਸੱਚ ਤਾਂ ਇਹ ਹੈ ਜਿਥੇ ਨੀਂਦ ਪੂਰਨ ਹੈ, ਉਥੇ ਹੀ ਜਾਗਣ ਪੂਰਨ ਹੈ। ਜਿਥੇ ਨੀਂਦ ਅਧੂਰੀ ਹੈ, ਸਾਰੀ ਰਾਤ ਸੁਪਨੇ ਹੀ ਚਲੱਦੇ ਰਹੇ, ਉਥੇ ਜਾਗਣ ਵੀ ਅਧੂਰਾ ਹੋਵੇਗਾ। ਜੀਵਨ-ਵਿਕਾਸ ਲਈ ਜਿਥੇ ਨੀਂਦ ਲਾਜ਼ਮੀ ਹੈ, ਉਤਨਾ ਹੀ ਜਾਗਣ ਲਾਜ਼ਮੀ ਹੈ। ਜਾਗਣ ਨੂੰ ਕੱਢ ਦੇਈਏ ਤਾਂ ਨੀਂਦ ਮੌਤ ਹੈ। ਨੀਂਦ ਵਿਚ ਵਕਤੀ ਤੌਰ 'ਤੇ ਸੰਸਾਰ ਨਾਲ ਸੰਬੰਧ ਟੁੱਟਦਾ ਹੈ, ਮੌਤ ਨਾਲ ਹਮੇਸ਼ਾ ਲਈ ਟੁੱਟ ਜਾਂਦਾ ਹੈ। ਆਮ ਮਨੁੱਖੀ ਜੀਵਨ ਵਿਚ ਅਧੂਰੀ ਨੀਂਦ ਹੈ, ਇਸ ਵਾਸਤੇ ਜਾਗਣ ਵੀ ਅਧੂਰਾ ਹੈ। ਅਧੂਰੇ ਜਾਗਣ ਨਾਲ ਅਧੂਰੇ ਹੀ ਸੰਬੰਧ ਜੁੜਦੇ ਹਨ। ਜਾਗਦੇ ਜਗਤ ਨਾਲ ਸੰਬੰਧ ਜੁੜ ਗਿਆ ਪਰ ਜਗਤ ਦੇ ਕਰਤੇ ਨਾਲ ਸੰਬੰਧ ਵਛਿਨ ਹੀ ਰਿਹਾ। ਗੁਰਬਾਣੀ ਨੇ ਬਹੁ-ਪੱਖੀ ਸੌਣਾ ਜਾਗਣਾ ਮੰਨਿਆ ਹੈ: ਜਾਗੈ ਸੁਕਦੇਉ ਅਰੁ ਅਕੁਰੁ॥
ਹਣਵੰਤੁ ਜਾਗੈ ਧਰਿ ਲੰਕੂਰ॥
ਸੰਕਰੁ ਜਾਗੈ ਚਰਨ ਸੇਵ॥
ਕਲਿ ਜਾਗੇ ਨਾਮਾ ਜੈਦੇਵ॥
ਜਾਗਤ ਸੋਵਤ ਬਹੁ ਪ੍ਰਕਾਰ॥
ਗੁਰਮੁਖਿ ਜਾਗੈ ਸੋਈ ਸਾਰੁ॥
{ਬਸੰਤ ਕਬੀਰ ਜੀ, ਪੰਨਾ ੧੧੯੩} ਅਗਰ ਨਿਰੰਕਾਰ ਨਾਲ ਸੰਬੰਧ ਨਹੀਂ ਤਾਂ ਸਾਡਾ ਜਾਗਣਾ ਅਧੂਰਾ ਹੈ। ਸੌਂ ਕੇ ਤਾਂ ਸਿਰਫ਼ ਬਿਸਰਾਮ ਹੀ ਕਰ ਸਕਦੇ ਹਾਂ। ਸਰੀਰਕ ਵਿਕਾਸ ਲਈ ਸੌਣਾ ਲਾਜ਼ਮੀ ਹੈ, ਪਰ ਚੇਤਨਾ ਦੇ ਵਿਕਾਸ ਲਈ ਤਾਂ ਜਾਗਣ ਲਾਣਮੀ ਹੈ। ਕੋਈ ਕੰਮ ਪੂਰਨ ਕਰਨ ਲਈ ਜਾਗ੍ਰਤੀ ਚਾਹੀਦੀ ਹੈ। ਸੁੱਤਾ ਮਨੁੱਖ ਕੰਮ-ਧੰਦੇ ਨਹੀਂ ਕਰ ਸਕਦਾ। ਦੁਕਾਨ ਨਹੀਂ ਚਲਾ ਸਕੇਗਾ। ਰੇਲ ਗੱਡੀ ਮੋਟਰ ਵਗ਼ੈਰਾ ਜਾਗਦੇ ਹੀ ਚਲਾਏ ਜਾ ਸਕਦੇ ਹਨ। ਰਾਤ ਸੁੱਤੇ ਪਏ ਸੁਪਨੇ ਵਿਚ ਰੋਟੀ ਯਾ ਪਾਣੀ ਪੀਣ ਨਾਲ ਭੁੱਖ ਤੇ ਪਿਆਸ ਨਹੀਂ ਮਿਟਦੀ। ਜਾਗ੍ਰਤੀ ਵਿਚ ਖਾ ਪੀ ਕੇ ਹੀ ਮਿਟੇਗੀ। ਪਰਮਾਤਮਾ ਦਾ ਸੰਬੰਧ ਤੇ ਉਸ ਨਾਮ ਦਾ ਰਸ ਆਨੰਦ ਮਾਨਣ ਤੇ ਪੂਰਨ ਤ੍ਰਿਪਤੀ ਰਜੇਵੇਂ ਲਈ ਤਾਂ ਪੂਰਨ ਜਾਗ੍ਰਣ ਚਾਹੀਦਾ ਹੈ। ਸਾਡੀ ਅੱਧੀ ਚੇਤਨਾ ਚੂੰਕਿ ਹਰ ਵਕਤ ਸੁੱਤੀ ਪਈ ਹੈ, ਇਸ ਲਈ ਗਿਆਨ-ਇੰਦਰੇ ਵੀ ਸੁੱਤੇ ਹੀ ਰਹਿੰਦੇ ਹਨ: ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ॥
ਰਸਨਾ ਸੋਈ ਲੋਭਿ ਮੀਠੈ ਸਾਦਿ॥
ਮਨੁ ਸੋਇਆ ਮਾਇਆ ਬਿਸਮਾਦਿ॥੧॥

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ॥
ਸਾਬਤੁ ਵਸਤੁ ਓਹੁ ਅਪਨੀ ਲਹੈ॥
{ਗਉੜੀ ਗੁਆਰੇਰੀ ਮ:੫, ਪੰਨਾ ੧੮੨} ਸਾਬਤ ਵਸਤੂ ਪਰਮਾਤਮਾ ਦਾ ਮਿਲਣ ਹੈ ਤੇ ਪਰਮਾਤਮ-ਰਸ ਲਈ ਪੂਰਨ ਜਾਗ੍ਰਣ ਚਾਹੀਦਾ ਹੈ। ਅੱਖਾਂ ਨੂੰ ਸੰਸਾਰ ਦਾ ਰੂਪ ਰੰਗ ਤੇ ਧਨ ਦਿਖਾਈ ਦੇਂਦਾ ਹੈ, ਪਰ ਅਕਾਲ ਪੁਰਖ ਨਹੀਂ ਦਿਖਾਈ ਦੇਂਦਾ। ਕੰਠ ਸੰਸਾਰਕ ਰਸਾਂ ਦੇ ਗੀਤ ਤੇ ਨਿੰਦਾ ਆਦਿਕ ਸੁਣ ਕੇ ਰਸ ਮਾਣਦੇ ਹਨ, ਪਰ ਗੁਰਬਾਣੀ ਤੇ ਕੀਰਤਨ ਰਸ ਤੋਂ ਵਾਂਝੇ ਹਨ। ਰਸਨਾ ਭੋਜਨ ਦਾ ਰਸ ਤਾਂ ਮਾਣਦੀ ਹੈ, ਪਰ ਭਜਨ ਦਾ ਰਸ ਨਹੀਂ ਮਾਣਦੀ ਤੇ ਮਨ ਸੰਸਾਰ ਦੀ ਲੀਲ੍ਹਾ ਵਿਚ ਹੀ ਸੁੱਤਾ ਰਹਿੰਦਾ ਹੈ, ਇਸ ਤਰ੍ਹਾਂ ਸਾਡੇ ਗਿਆਨ-ਇੰਦਰੇ ਅੱਧੇ ਕੰਮ ਕਰ ਰਹੇ ਹਨ, ਪੂਰਨ ਕੰਮ ਨਹੀਂ ਕਰਦੇ। ਇਸ ਨੂੰ ਅਧਿਆਤਮ ਅਧਰੰਗ ਵੀ ਆਖ ਸਕਦੇ ਹਾਂ। ਅੱਧੀ ਸ਼ਕਤੀ ਕੰਮ ਕਰ ਰਹੀ ਤੇ ਅੱਧੀ ਸੁੱਤੀ ਪਈ ਹੈ, ਇਸ ਵਾਸਤੇ ਬੋਧ ਵੀ ਅੱਧਾ ਹੈ। ਸਾਡੇ ਦੇਸ਼ ਦੇ ਧਾਰਮਿਕ ਇਤਿਹਾਸ ਵਿਚ ਕੁੰਭਕਰਨ ਦਾ ਜ਼ਿਕਰ ਹੈ ਜੋ ਰਾਵਣ ਦਾ ਭਾਈ ਸੀ। ਉਹ ਬਹੁਤ ਗਹਿਰੀ ਨੀਂਦ ਸੌਂਦਾ ਸੀ ਤੇ ਸੌਣਾ ਹੀ ਉਸ ਦੀ ਜ਼ਿੰਦਗੀ ਦਾ ਲਕਸ਼ ਸੀ। ਜਦ ਕਦੇ ਰਾਵਣ ਨੂੰ ਆਪਣੇ ਭਰਾ ਦੀ ਲੋੜ ਪਵੇ ਤਾਂ ਉਸ ਨੂੰ ਜਗਾਉਣ ਲਈ ਢੋਲ ਮ੍ਰਿਦੰਗ ਨਗਾਰੇ ਤੇ ਨਰਸਿੰਘੇ ਤੇ ਸੰਖ ਇਤਿਆਦਿਕ ਵਜਾਏ ਜਾਂਦੇ ਸਨ, ਤੇ ਫਿਰ ਕਿਧਰੇ ਉਹ ਜਾਗਦਾ ਸੀ। ਕੁੰਭਕਰਨ ਧੰਨ ਹੈ, ਜਾਗ ਤਾਂ ਪਿਆ ਹੈ, ਪਰ ਅਸੀਂ ਤਾਂ ਨਹੀਂ ਜਾਗੇ। ਕਿਤਨੀਆਂ ਢੋਲਕਾਂ ਤੇ ਤਬਲੇ ਫਟ ਗਏ। ਗਾ ਗਾ ਕੇ ਕਿਤਨੇ ਰਾਗੀਆਂ ਦੇ ਗਲੇ ਖ਼ਰਾਬ ਹੋ ਗਏ। ਉੱਚੀ ਉੱਚੀ ਪਾਠ ਦੀਆਂ ਕਿਤਨੀਆਂ ਧੁਨੀਆਂ ਸੁਣੀਆਂ ਤੇ ਕਥਾਵਾਂ ਸੁਣੀਆਂ ਪਰ ਨਹੀਂ ਜਾਗੇ। ਜਾਪਦਾ ਹੈ ਨੀਂਦ ਬਹੁਤ ਗਹਿਰੀ ਹੈ ਔਰ ਜਨਮਾਂ-ਜਨਮਾਂ ਦੀ ਹੈ। ਤਦੇ ਤਾਂ ਕੀਰਤਨ ਕਥਾ ਵਿਚ ਉਬਾਸੀਆ ਆਵਣ ਲੱਗ ਪੈਂਦੀਆ ਹਨ ਤੇ ਨੀਂਦ ਵੀ ਆ ਜਾਂਦੀ ਹੈ। ਕੋਈ ਸੁੱਤਾ ਪਿਆ ਹੈ, ਉਸ ਨੂੰ ਜਗਾਉਣ ਲਈ ਖੜਾਕ (ਆਵਾਜ਼) ਕਰਨੀ ਪੈਂਦੀ ਹੈ। ਗੁਰ-ਸ਼ਬਦ ਦੀ ਗੁੰਜਾਰ ਨਾਲ ਸੁੱਤੇ ਮਨ ਨੂੰ ਜਗਾਉਣਾ ਹੈ: ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਹੋਇਆ ਮਨੁ ਜਾਗਾਈ॥
{ਸੂਹੀ ਅਸਟ ਮ:੪, ਪੰਨਾ ੭੫੮} ਸਰੀਰ ਜਾਗੇਗਾ ਫਿਰ ਸੌਂਵੇਗਾ। ਇਹ ਸਰੀਰ ਦੀ ਪ੍ਰਕ੍ਰਿਤੀ ਹੈ। ਪਰ ਜੇ ਇਕ ਦਫ਼ਾ ਸੁੱਤੀ ਚੇਤਨਾ ਜਾਗ ਪਵੇ ਤਾਂ ਫਿਰ ਸੌਣਾ ਨਹੀਂ ਹੈ। ਫਿਰ ਅੱਠੇ ਪਹਿਰ ਪਰਮ-ਅਨੰਦ ਦੀ ਬਰਖਾ ਹੈ। ਉਹ ਨਿੱਤ ਦਾ ਜਾਗਣ ਹੈ ਤੇ ਨਿੱਤ ਦੇ ਜਾਗਣ ਦਾ ਉਪਦੇਸ਼ ਸਤਿਗੁਰੂ ਜੀ ਕਰ ਰਹੇ ਹਨ: ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋੁਰਾ॥
{ਸਾਰੰਗ ਮ:੪, ਪੰਨਾ ੧੨੦੧} ਨਿੱਤ ਦਾ ਜਾਗ੍ਰਣ ਹੀ ਜੀਵਨ ਹੈ ਤੇ ਧਰਮ ਦੀ ਸਾਧਨਾ ਨਿੱਤ ਜਾਗ੍ਰਣ ਲਈ ਹੈ। ਨਾਮ ਦਾ ਰਸ ਮਿਲਦਿਆਂ ਚੇਤਨਾ ਐਸੀ ਜਾਗਦੀ ਹੈ, ਫਿਰ ਸੌਣਾ ਨਹੀਂ ਹੈ: ਸੇ ਜਨ ਜਾਗੇ ਜਿਨ ਨਾਮ ਪਿਆਰਿ॥
{ਗਉੜੀ ਗੁਆਰੇਰੀ ਮ:੩, ਪੰਨਾ ੧੬੦} ਗੁਰਬਾਣੀ ਨੇ ਉਨ੍ਹਾਂ ਜਾਗੀਆਂ ਹੋਈਆਂ ਹਸਤੀਆਂ ਦਾ ਬਾਕਾਇਦਾ ਜ਼ਿਕਰ ਕੀਤਾ ਹੈ। ਕੌਣ ਕੌਣ ਜਾਗੇ ਹਨ: ਜਾਗੈ ਸੁਕਦੇਉ ਅਰੁ ਅਕੂਰੁ॥
ਹਣਵੰਤੁ ਜਾਗੈ ਧਰਿ ਲੰਕੂਰੁ॥
ਸੰਕਰੁ ਜਾਗੈ ਚਰਨ ਸੇਵ॥
ਕਲਿ ਜਾਗੇ ਨਾਮਾ ਜੈਦੇਵ॥
{ਬਸੰਤ ਕਬੀਰ ਜੀ, ਪੰਨਾ ੧੧੯੩-੯੪} ਮਨ ਦੇ ਅਧੀਨ ਚੱਲਣ ਵਾਲਾ ਤਾਂ ਸਾਰੀ ਜ਼ਿੰਦਗੀ ਸੁੱਤਾ ਹੀ ਰਹਿ ਜਾਂਦਾ ਹੈ। ਨਾਮ-ਰਸ ਵਿਚ ਜਾਗਣਾ ਹੀ ਅਸਲ ਜਾਗ੍ਰਣ ਤੇ ਪੂਰਨ ਜਾਗ੍ਰਣ ਹੈ: ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ॥
{ਮਾਰੂ ਮ:੪, ਪੰਨਾ ੧੦੧੮} ਜੀਵਨ ਹਮੇਸ਼ਾ ਲਈ ਸੌਂ ਜਾਵੇ, ਉਸ ਤੋਂ ਪਹਿਲੇ ਇਹ ਜਾਗ੍ਰਣ ਮਿਲ ਜਾਵੇ ਤਾਂ ਜਨਮ-ਜੀਵਨ ਸਫਲ ਸਮਝੋ। ਨਹੀਂ ਤਾਂ: ... ਸੁਤਿਆ ਰੈਣਿ ਵਿਹਾਇ॥
{ਸਿਰੀਰਾਗੁ ਮ:੩, ਪੰਨਾ ੩੬} ਪਸ਼ੂ, ਬਨਸਪਤੀ ਤੇ ਪੱਥਰਾਂ ਵਿਚ ਅਸੀਂ ਕਾਫ਼ੀ ਸੌਂ ਚੁੱਕੇ ਹਾਂ, ਪਰ ਹੁਣ ਮਨੁੱਖਾ-ਦੇਹੀ ਵਿਚ ਅਗਰ ਇਹ ਜਾਗ੍ਰਣ ਨਾ ਮਿਲ ਸਕਿਆ ਤਾਂ ਅਉਸਰ ਗਵਾ ਲਿਆ ਸਮਝੋ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ