ਭਰਥਰੀ ਨੇ ਕਿਧਰੇ ਗੁਰੂ ਨਾਨਕ ਦੇਵ ਜੀ ਤੋਂ ਪੁਛ ਲਿਆ ਸੀ। ਤੁਹਾਡਾ ਪੰਥ ਕੀ ਹੈ, ਰਸਤਾ ਕੀ ਹੈ। ਕਿਸ ਰਸਤੇ ਤੇ ਜਗਤ ਨੂੰ ਤੋਰਦੇ ਹੋ। ਹੁਣ ਕਿਸੇ ਇਕ ਰਸਤੇ ਦਾ ਜ਼ਿਕਰ ਕਰੀਏ, ਤੇ ਬਾਕੀ ਸਾਰੇ ਰਸਤਿਆਂ ਦਾ ਆਪੇ ਖੰਡਣ ਹੋ ਗਿਆ। ਆਪੇ ਹੀ ਵਿਰੋਧਤਾ ਹੋ ਗਈ। ਧਰਮ ਦੀ ਦੁਨੀਆਂ ਵਿਚ ਇਸ ਤਰ੍ਹਾਂ ਚਲਦਾ ਹੈ। ਇਸ ਸਵਾਲ ਦਾ ਜਵਾਬ ਗੁਰੂ ਨਾਨਕ ਜੀ ਨੇ ਕਿਵੇਂ ਦਿਤਾ ਹੈ। ਜਦ ਭਰਥਰੀ ਨੇ ਪੁਛਿਆ ਮਹਾਰਾਜ ਐਨੇ ਕੀਮਤੀ ਤੁਹਾਡੇ ਵਿਚਾਰ, ਇਤਨੀ ਪਵਿਤ੍ਰ ਤੁਹਾਡੀ ਜ਼ਿੰਦਗੀ, ਇਤਨੀ ਪਾਵਨ ਤੁਹਾਡੀ ਆਭਾ। ਤੁਹਾਡੇ ਕੋਲ ਬੈਠ ਕੇ ਚੈਨ ਮਿਲਦਾ ਹੈ, ਸਕੂਨ ਮਿਲਦਾ ਹੈ। ਤੁਹਾਡਾ ਪੰਥ ਕੀ ਹੈ? ਤੇ ਆਸਾ ਮਹਲਾ ੧, ਉਸ ਦੀਆਂ ਪੰਗਤੀਆਂ ਇਸ ਪ੍ਰਕਾਰ ਹਨ। ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ॥
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ॥
{ਅੰਗ ੩੬੦} ਐ ਭਰਥਰੀ ਗਲ ਸੁਣ ਲੈ, ਸਾਡਾ ਪੰਥ ਇਹੀ ਹੈ, ਸਾਰਿਆਂ ਦੇ ਨਾਲ ਚਲਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਚਲਣਾ। ਇਹੀ ਨਾਨਕ ਦਾ ਪੰਥ ਹੈ ਹੋਰ ਕੋਈ ਪੰਥ ਨਹੀਂ। ਇਹ ਪੰਗਤੀਆਂ ਗੁਰੂ ਨਾਨਕ ਦੇਵ ਜੀ ਦੀਆਂ। ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ॥
ਇਹ ਵਖ ਵਖ ਵਰਣ, ਇਹ ਵਖ ਵਖ ਰੂਪ, ਇਹ ਵਖ ਵਖ ਭਾਸ਼ਾਵਾਂ ਇਹ ਵਖ ਵਖ ਮੁਲਕ, ਇਹ ਵਖ ਵਖ ਬੰਦੇ। ਸਗਲੀ ਜੋਤਿ...॥
ਜਿਵੇਂ ਸੂਰਜ ਇਕ ਮਜ਼ਹਬ ਦਾ ਨਹੀਂ, ਸੂਰਜ ਕਿਸੇ ਇਕ ਮੁਲਕ ਦਾ ਵੀ ਨਹੀਂ ਹੈ। ਤੁਸੀਂ ਸੂਰਜ ਨੂੰ ਹਿੰਦੋਸਤਾਨੀ ਵੀ ਨਹੀਂ ਕਹਿ ਸਕਦੇ। ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਮੁਲਕ ਅਜ ਕਲ ਚੀਨ ਹੈ। ਉਨ੍ਹਾਂ ਨੇ ਕਦੀ ਨਹੀਂ ਆਖਿਆ ਇਹ ਸੂਰਜ ਚੀਨੀ ਹੈ। ਸ਼ਕਤੀ ਦੇ ਲਿਹਾਜ਼ ਨਾਲ ਅਮਰੀਕਾ ਸਭ ਨਾਲੋਂ ਸਮਰਥ ਹੋ ਗਿਆ ਹੈ, ਪਰ ਉਨ੍ਹਾਂ ਦੀ ਵੀ ਇਹ ਹਿੰਮਤ ਨਹੀਂ ਪਈ ਕਿ ਕਹੀਏ ਇਹ ਸੂਰਜ ਅਮਰੀਕਨ ਹੈ। ਰਾਜਨੀਤੀ ਵਿਚ ਤੇ ਕਾਰੋਬਾਰ ਵਿਚ, ਸਭ ਤੋਂ ਸਿਆਣੀ ਕੌਮ ਮੰਨੀ ਜਾਂਦੀ ਹੈ, ਅੰਗਰੇਜ਼। ਐਹ ਇੰਗਲੈਂਡ ਦੇ ਵਸਨੀਕ, ਇਹ ਗੋਰੇ। ਇਨ੍ਹਾਂ ਨੇ ਵੀ ਇਹ ਕਦੇ ਨਹੀਂ ਆਖਿਆ ਇਹ ਸੂਰਜ ਅੰਗਰੇਜ਼ਾ ਦਾ ਹੈ। ਨਾ ਅਜ ਤਕ ਸੂਰਜ ਨਾਲ ਮੁਲਕ ਜੁੜਿਆ ਹੈ, ਨਾ ਮਜ਼ਬਹ ਜੁੜਿਆ ਹੈ, ਨਾ ਕੌਮ ਜੁੜੀ ਹੈ, ਨਾ ਜਾਤ ਜੁੜੀ ਹੈ, ਨਾ ਪਾਤ ਜੁੜੀ ਹੈ। ਨਾ ਇਲਾਕਾ ਜੁੜਿਆ ਹੈ, ਨਾ ਭਾਸ਼ਾ ਜੁੜੀ ਹੈ। ਜੋ ਮਹਾਂ-ਸੂਰਜ ਹੈ ਪਰਮਾਤਮਾ, ਮੂਰਖਾਂ ਨੇ ਉਸ ਦੇ ਨਾਲ ਮਜ਼ਹਬ ਵੀ ਜੋੜਿਆ ਹੋਇਆ ਹੈ, ਇਲਾਕਾ ਵੀ ਜੋੜਿਆ ਹੋਇਆ ਹੈ, ਭਾਸ਼ਾ ਵੀ ਜੋੜੀ ਹੋਈ ਹੈ। ਕਵੈਤ ਦੇ ਵਿਚ ਇਕ ਸੱਜਣ ਨੇ ਮੈਨੂੰ ਕਹਿ ਦਿਤਾ ਸੀ। ਇਕ ਅਖਬਾਰ ਨਿਕਲਦਾ ਹੈ, ਇੰਗਲਸ਼, ਉਰਦੂ ਤੇ ਅਰਬੀ ਦੇ ਵਿਚ। ਅਰਬੀ ਕਾਲਮ ਦਾ ਇਹ ਐਡੀਟਰ ਸੀ। ਕਹਿਣ ਲਗਾ ਹਮਾਰਾ ਖ਼ੁਦਾ ਬਹੁਤ ਬੜਾ ਹੈ। ਦੇਖੋ ਹਮਾਰੇ ਅਰਬ ਦੇਸ਼ ਮਾਲਾਮਾਲ ਹੈਂ। ਧਨਵਾਨ ਹੈ। ਸਾਰੀ ਦੁਨੀਆਂ ਯਹਾਂ ਆ ਰਹੀ ਹੈ, ਹਮਾਰਾ ਖ਼ੁਦਾ ਸਭ ਸੇ ਬੜਾ ਹੈ। ਪਰ ਮੈਂ ਸੁਤੇ ਸਿਧ ਕਹਿ ਬੈਠਾ, ਮੈਂ ਕਿਹਾ ਤੇਲ ਨਿਕਲ ਰਿਹਾ ਹੈ ਕੋਈ ਪੰਜਾਹ ਸਾਲ ਤੋਂ। ਉਸ ਤੋਂ ਪਹਿਲਾਂ ਏਥੇ ਬੱਦੂ ਹੁੰਦੇ ਸਨ, ਲੁਟੇਰੇ ਹੁੰਦੇ ਸਨ, ਬੜੇ ਮੁਫਲਿਸ ਹੁੰਦੇ ਸਨ, ਬੜੇ ਗਰੀਬ, ਬਰਦਾ-ਫਰੋਸ਼ੀ ਹੁੰਦੀ ਸੀ। ਇਸਦਾ ਮਤਲਬ ਪੰਜਾਹ ਸਾਲ ਪਹਿਲੇ ਖ਼ੁਦਾ ਬੜਾ ਗਰੀਬ ਸੀ। ਬਹੁਤ ਗਰੀਬ ਸੀ ਅਜ ਅਮੀਰ ਹੋ ਗਿਆ ਹੈ। ਗਰੀਬੀ ਅਮੀਰੀ ਲੋਕੀਂ ਖ਼ੁਦਾ ਨਾਲ ਜੋੜਦੇ ਨੇ। ਇਲਾਕਾ ਮਜ਼ਹਬ, ਜਾਤ ਪਾਤ, ਭਾਸ਼ਾ ਲੋਕੀ ਪਰਮਾਤਮਾ ਨਾਲ ਜੋੜਦੇ ਨੇ। ਐਸਾ ਨਹੀਂ ਅਰਬ ਵਾਸੀ ਜੋੜਦੇ ਨੇ ਭਾਰਤਵਾਸੀ ਵੀ ਜੋੜਦੇ ਨੇ। ਐਸਾ ਆਖਿਆ ਜਾਂਦਾ ਹੈ, ਇਹ ਭਾਸ਼ਾ ਦੇਵ ਭਾਸ਼ਾ ਹੈ, ਪਰਮਾਤਮਾ ਦੀ ਭਾਸ਼ਾ ਹੈ। ਪਰਮਾਤਮਾ ਦੀ ਕੋਈ ਭਾਸ਼ਾ ਨਹੀਂ ਹੈ। ਮਹਾਰਾਜ ਕਹਿੰਦੇ ਨੇ:- ਭਾਖਿਆ ਭਾਉ ਅਪਾਰੁ॥
{ਜਪੁਜੀ ਸਾਹਿਬ} ਭਾਖਿਆ, ਭਾਸ਼ਾ, ਉਹ ਜਿਹੜਾ ਅਪਾਰ ਪਰਮਾਤਮਾ ਹੈ ਉਸਦੀ ਭਾਸ਼ਾ ਕੀ ਹੈ, ਭਾਉ, ਪ੍ਰੇਮ। ਬੱਸ ਉਹ ਪ੍ਰੇਮ ਨੂੰ ਸਮਝਦਾ ਹੈ। ਮੈਂ ਪ੍ਰੇਮ ਨਾਲ ਆਇਆ ਹਾਂ ਕਿ ਨਹੀਂ, ਮੈਂ ਪ੍ਰੇਮ ਨਾਲ ਪਾਠ ਕੀਤਾ ਹੈ ਕਿ ਨਹੀਂ। ਮੈਂ ਪ੍ਰੇਮ ਨਾਲ ਦਾਨ ਕੀਤਾ ਹੈ ਕਿ ਨਹੀਂ। ਮੈਂ ਪ੍ਰੇਮ ਨਾਲ ਪੁੰਨ ਕੀਤਾ ਹੈ ਕਿ ਨਹੀਂ। ਉਹ ਇਕੋ ਹੀ ਗਲ ਜਾਣਦਾ ਹੈ ਪ੍ਰੇਮ, ਬਾਕੀ ਕੁਛ ਨਹੀਂ ਜਾਣਦਾ। ਬਾਕੀ ਕੋਈ ਭਾਸ਼ਾ ਨਹੀਂ ਜਾਣਦਾ। ਨਾ ਉਹ ਅਰਬੀ ਬੋਲਦਾ ਹੈ ਨਾ ਉਹ ਸੰਸਕ੍ਰਿਤ ਬੋਲਦਾ ਹੈ, ਨਾ ਉਹ ਸਿੰਧੀ ਬੋਲਦਾ ਹੈ, ਨਾ ਉਹ ਪੰਜਾਬੀ ਬੋਲਦਾ ਹੈ, ਨਾ ਉਹ ਉਰਦੂ ਬੋਲਦਾ ਹੈ, ਨਾ ਉਹ ਫਾਰਸੀ ਬੋਲਦਾ ਹੈ। ਇਹ ਸਾਡੀਆਂ ਭਾਸ਼ਾਵਾਂ ਨੇ ਸਮਝਣ ਵਾਸਤੇ। ਉਸਦੀ ਭਾਸ਼ਾ ਕੇਵਲ ਪ੍ਰੇਮ ਹੈ। ਸੂਰਜ ਨਾਲ ਅਸੀਂ ਇਹ ਸਭ ਕੁਛ ਨਹੀਂ ਜੋੜ ਸਕਦੇ। ਪਰ ਮਹਾਂ-ਸੂਰਜ ਨਾਲ ਲੋਕਾਂ ਨੇ ਜੋੜਿਆ ਹੋਇਆ ਹੈ ਤੇ ਇੰਝ ਕਹਿ ਲਉ। ਜੋ ਕੁਛ ਜੋੜਿਆ ਹੈ, ਉਹ ਫਿਰ ਦੀਵੇ ਨਾਲ ਜੋੜਿਆ ਹੋਏਗਾ, ਮਹਾਂਸੂਰਜ ਦੇ ਨਾਲ ਨਹੀਂ। ਕਿਉਂਕਿ ਮੇਰੇ ਘਰ ਦੇ ਵਿਚ ਜਲਦਾ ਪਿਆ ਹੈ। ਹੁਣ ਮੈਂ ਵੈਸੇ ਇਸ ਨੂੰ ਇੰਝ ਬਿਆਨ ਕਰਦਾ ਹੁੰਦਾ ਹਾਂ। ਜੋ ਸਚ ਹੈ ਉਹ ਕੇਵਲ ਮੇਰਾ ਨਹੀਂ ਹੈ। ਔਰ ਜੋ ਕੇਵਲ ਮੇਰਾ ਹੈ ਉਹ ਸਚ ਵੀ ਨਹੀਂ ਹੈ। ਉਹ ਸਚ ਹੈ ਵੀ ਨਹੀਂ। ਉਸ ਨੂੰ ਸਚ ਕਹਿਣ ਦੀ ਲੋੜ ਵੀ ਨਹੀਂ ਹੈ। ਜੋ ਪਰਮਾਤਮਾ ਹੈ ਉਹ ਕੇਵਲ ਮੇਰਾ ਨਹੀਂ ਹੈ। ਔਰ ਜੋ ਕੇਵਲ ਮੇਰਾ ਹੈ ਉਹ ਪਰਮਾਤਮਾ ਵੀ ਨਹੀਂ ਹੈ। ਕਬੀਰ ਇਸ ਨੂੰ ਐਲਾਨੀਆ ਕਹਿੰਦੇ ਨੇ:- ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ॥
{ਅੰਗ ੬੫੮} ਰੱਬ ਕਿਸੇ ਇਕੱਲੇ ਦਾ ਪਿਉ ਨਹੀਂ ਹੈ। ਬਈ ਮੇਰਾ ਹੀ ਪਿਉ ਹੈ ਬਾਕੀਆਂ ਦਾ ਕੁਛ ਵੀ ਨਹੀਂ ਲਗਦਾ। ਉਸ ਦਿਨ ਮੈਂ ਲਫਜ਼ ਪੜ੍ਹੇ ਸਾਰੇ ਸ਼ਹਿਰ ਦੇ ਵਿਚ ਲਿਖੇ ਹੋਏ। ਯਸ਼ੂ-ਮਸੀਹ ਖ਼ੁਦਾ ਕੇ ਇਕਲੋਤੇ ਬੇਟੇ ਹੈ। ਇਕ ਜਗ੍ਹਾ ਤੇ ਨਹੀਂ ਲਿਖਿਆ ਸੀ। ਜਗ੍ਹਾ ਜਗ੍ਹਾ ਤੇ ਲਿਖਿਆ ਸੀ। ਦੋ ਚਾਰ ਦਿਨ ਨਾਗਪੁਰ ਦੀ ਹਾਜ਼ਰੀ ਵਿਚ ਮੈਂ ਇਹ ਵੇਖਿਆ। ਮੈਂ ਹੈਰਾਨ ਹੋਇਆ। ਮੈਂ ਕਿਹਾ ਹੱਦ ਹੋ ਗਈ, ਹਜ਼ਰਤ ਈਸਾ ਇਕ ਇਕਲੋਤਾ ਭਗਵਾਨ ਦਾ ਪੁਤਰ ਹੈ ਤੇ ਬਾਕੀ ਸਾਰੇ ਸ਼ੈਤਾਨ ਦੇ ਪੁਤਰ ਨੇ। ਬਾਕੀ ਕਿਸ ਦੇ? ਮੈਂ ਅਕਸਰ ਕਹਿੰਦਾ ਹੁੰਦਾ ਹਾਂ। ਈਸਾਈਆਂ ਨੂੰ ਕਹਿਣ ਦੀ ਜਾਚ ਨਹੀਂ ਆਈ। ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ। ਹਜ਼ਰਤ ਈਸਾ ਖ਼ੁਦਾ ਦਾ ਇਕ ਨੇਕ ਬੇਟਾ ਹੈ, ਚੰਗਾ ਬੇਟਾ ਹੈ। ਪਵਿੱਤਰ ਬੇਟਾ ਹੈ, ਮੰਨਣ ਵਿਚ ਕੋਈ ਇਤਰਾਜ਼ ਨਹੀਂ। ਖ਼ੁਦਾ ਦਾ ਭਗਤ ਬੇਟਾ ਹੈ, ਖ਼ੁਦਾ ਦਾ ਪ੍ਰੇਮੀ ਬੇਟਾ ਹੈ। ਇਸਨੂੰ ਮੰਨਣ ਵਿਚ ਹਿਰਦਾ ਬਿਲਕੁਲ ਇਨਕਾਰੀ ਨਹੀਂ। ਖ਼ੁਦਾ ਦਾ ਇਕਲੋਤਾ ਬੇਟਾ ਹੈ, ਇਸਦੇ ਵਾਸਤੇ ਬਿਲਕੁਲ ਮਨ ਇਨਕਾਰੀ ਹੈ। ਇਹ ਸਾਰੇ ਕਿਸ ਦੇ ਬੇਟੇ ਨੇ? ਸਾਰੀ ਉਸੇ ਦੀ ਮਖ਼ਲੂਕ ਹੈ। ਸਾਰਿਆਂ ਦਾ ਕਰਤਾ ਉਹ ਇਕੋ ਹੈ। ਮਹਾਰਾਜ ਕਹਿੰਦੇ ਨੇ ਬੰਧਨ ਕੇਵਲ ਆਪਣੀ ਅਕਲ ਹੈ। ਆਪਣੀ ਸਮਝ ਹੈ। ਉਤਨੇ ਚਿਰ ਤਕ ਸਾਰਾ ਅਨਰਥ ਹੁੰਦਾ ਰਹੇਗਾ ਧਰਮ ਦੇ ਨਾਮ ਤੇ, ਰਾਜਨੀਤੀ ਦੇ ਨਾਮ ਤੇ, ਸਮਾਜ ਦੇ ਨਾਮ ਤੇ ਜਿੰਨੇ ਚਿਰ ਤਕ ਅਸੀਂ ਸਭ ਕੁਛ ਆਪਣੀ ਅਕਲ ਦੇ ਮੁਤਾਬਿਕ ਕਰ ਰਹੇ ਹਾਂ। ਆਪਣੀ ਅਕਲ ਨਾਲ ਜੋ ਅਜ ਠੀਕ ਹੈ ਕਲ ਗਲਤ ਵੀ ਹੋ ਸਕਦਾ ਹੈ। ਦੇਸ਼ ਦਾ ਰਾਸ਼ਟਰੀਆ ਵਿਧਾਨ ਤਕਰੀਬਨ ੪੦੦ ਦਫਾ ਇਸ ਦੀ ਤਰਮੀਮ ਹੋ ਚੁਕੀ ਹੈ। ਸੰਸ਼ੋਧਨ ਹੋ ਚੁਕਿਆ ਹੈ। ਇਸਦਾ ਮਤਲਬ ੪੦੦ ਗਲਤੀਆਂ ਸੁਧਾਰੀਆਂ ਗਈਆਂ ਨੇ। ਤੇ ਜੇਕਰ ੪੦੦ ਦਫਾ ਸੁਧਾਰ ਕਰਨ ਦੀ ਲੋੜ ਪੈ ਗਈ। ਚਾਰ ਸੌ ਉਸਦੇ ਵਿਚ ਗਲਤੀਆਂ ਲਭੀਆਂ ਨੇ। ਕੀ ਪਤਾ ਹੈ ਸੈਂਟ ਪਰਸੈਂਟ ਗਲਤ ਹੋਵੇ। ਕਲ ਹੋਰ ਵੀ ਗਲਤੀਆਂ ਲਭਣ। ਜਿੰਨੇ ਚਿਰ ਤਕ ਆਪਣੀ ਅਕਲ ਦੇ ਮੁਤਾਬਿਕ ਸਮਾਜ ਦੇ ਨਿਯਮ, ਰਾਜਨੀਤੀ ਦੇ ਨਿਯਮ, ਧਰਮ ਦੇ ਨਿਯਮ ਬਣਾਉਣੇ ਨੇ। ਸਭ ਬੰਧਨ ਹੀ ਬੰਧੰਨ ਹੈ। ਦੁਖਾਂ ਦੀਆਂ ਸਮੱਸਿਆਵਾਂ ਦਾ ਅੰਤ ਨਹੀਂ ਹੋਵੇਗਾ। ਦੁਖ ਬਣੇ ਰਹਿਣਗੇ। ਦੁਖ ਸਾਰੀ ਦੁਨੀਆਂ ਵਿਚ ਮੌਜੂਦ ਨੇ। ਕਿਸੇ ਇਕ ਮੁਲਕ ਦਾ ਵੀ ਜ਼ਿਕਰ ਨਹੀਂ ਕਰ ਸਕਦੇ ਕਿ ਇਹ ਕੋਮ ਦੁਖੀ ਨਹੀਂ ਹੈ। ਪਰ ਕਿਸੇ ਇਕ ਘਰਦਾ ਵੀ ਜ਼ਿਕਰ ਨਹੀਂ ਕਰ ਸਕਦੇ ਬਈ ਇਹ ਘਰ ਦੁਖੀ ਨਹੀਂ ਹੈ। ਦੁਖ ਤੇ ਵਿਆਪਕ ਹੈ। ਇਕ ਤੇ ਦੁਖਾਂ ਦਾ ਬੋਝ ਸਿਰ ਦੇ ਉਪਰ ਸੀ। ਫਿਰ ਦੂਜਾ ਬੋਝ ਵਧਾ ਦਿਤਾ ਗਿਆ, ਸਮਾਧਾਨ ਦਾ। ਦੁਖਾਂ ਦਾ ਜੋ ਸਮਾਧਾਨ ਲਭਿਆ ਗਿਆ। ਸਮਾਜ ਨੇ ਲਭਿਆ, ਰਾਜਨੀਤਿਕ ਲੋਕਾਂ ਨੇ ਲਭਿਆ। ਸਮਾਧਾਨ ਉਹ ਵੀ ਬੋਝ ਬਣ ਕੇ ਸਿਰ ਤੇ ਪੈ ਗਿਆ ਕਿਉਂਕਿ ਸਮੱਸਿਆਵਾਂ ਦਾ ਹੱਲ ਤੇ ਹੋਇਆ ਨਹੀਂ। ਉਲਟਾ ਸਮਾਧਾਨ ਦਾ ਬੋਝ ਵੀ ਸਿਰ ਤੇ ਪੈ ਗਿਆ। ਹੁਣ ਸਮੱਸਿਆਵਾਂ ਵੀ ਚੁਕੀ ਫਿਰੀਏ ਤੇ ਸਮਾਧਾਨ ਵੀ ਚੁਕੀ ਫਿਰੀਏ। ਉਮੀਦ ਹੈ ਗਲ ਪਕੜ ਵਿਚ ਆਈ ਹੋਵੇਗੀ। ਇਹ ਡਬਲ ਬੋਝ ਸਾਰੀ ਦੁਨੀਆ ਨੇ ਚੁਕਿਆ ਹੋਇਆ ਹੈ। ਇਕ ਸਮੱਸਿਆਵਾਂ ਨੇ, ਇਕ ਸਮਸਿਆਵਾਂ ਦਾ ਜੋ ਸਮਾਧਾਨ ਹੈ, ਉਹ ਵੀ ਹੋੜ ਬਣ ਗਿਆ, ਕਿਉਂ? ਉਸਦੇ ਨਾਲ ਸਮੱਸਿਆਵਾਂ ਹੱਲ ਨਹੀਂ ਹੋਇਆਂ। ਜਿਹੜਾ ਸਮਾਧਾਨ ਸਮੱਸਿਆ ਦਾ ਹਲ ਹੀ ਨਹੀਂ ਹੈਂ, ਜਿਹੜਾ ਜਵਾਬ ਸਵਾਲ ਨੂੰ ਖਤਮ ਹੀ ਨਹੀਂ ਕਰਦਾ, ਉਸ ਨੂੰ ਜਵਾਬ ਕਹਿਣ ਦੀ ਲੋੜ ਹੀ ਨਹੀਂ। ਉਸਨੂੰ ਸਮਾਧਾਨ ਕਹਿਣ ਦੀ ਲੋੜ ਕੀ ਹੈ। ਜਿਸਦੇ ਨਾਲ ਸਮੱਸਿਆਵਾਂ ਦਾ ਅੰਤ ਨਹੀਂ ਹੋਇਆ। ਅਜ ਤਕ ਤੇ ਨਹੀਂ ਹੋਇਆ। ਗਰੀਬੀ ਇਕ ਸਮੱਸਿਆ ਹੈ, ਭੁਖਮਰੀ ਇਕ ਸਮੱਸਿਆ ਹੈ, ਦੁਖ ਇਕ ਸਮੱਸਿਆ ਹੈ, ਵਿਤਕਰੇ ਇਕ ਸਮੱਸਿਆ ਨੇ। ਹੋਰ ਤਰ੍ਹਾਂ ਤਰ੍ਹਾਂ ਦੀਆਂ ਹਜ਼ਾਰਾਂ ਸਮੱਸਿਆਵਾਂ ਨੇ, ਤਿਉਂ ਦੀਆਂ ਤਿਉਂ ਮੌਜੂਦ ਹਨ। ਤੇ ਸਮਾਧਾਨ ਵੀ ਤਿਉਂ ਦੇ ਤਿਉਂ ਮੌਜੂਦ ਨੇ। ਡਬਲ ਬੋਝ ਮਨੁੱਖ ਚੁਕੀ ਫਿਰਦਾ ਹੈ। ਦਾਇਰੇ ਵਿਚ ਇਤਨਾ ਹੀ ਕਿਹਾ ਜਾ ਸਕਦਾ ਹੈ। ਸਭ ਸੰਬੰਧ ਬੰਧਨ ਬਣ ਜਾਂਦੇ ਨੇ। ਬੜਾ ਹੀ ਬੰਧਨ ਹੈ। ਇਕ ਹੱਥ-ਕੜੀ ਨਾਲ ਮਨੁੱਖ ਨਹੀਂ ਬਝਿਆ ਹੋਇਆ। ਦੋਨਾਂ ਹੀ ਬਾਹਵਾਂ ਦੇ ਵਿਚ ਪੂਰੀਆ ਦੀਆਂ ਪੁਰੀਆਂ ਹੱਥ-ਕੜੀਆਂ ਨੇ। ਇਕ ਬੇੜੀ ਨਾਲ ਮਨੁੱਖ ਨਹੀਂ ਜਕੜਿਆ ਹੋਇਆ ਸੈਂਕੜੇ ਬੇੜੀਆ ਨਾਲ ਜਕੜਿਆ ਹੋਇਆ ਹੈ। ਇਕ ਜੰਜੀਰ ਇਸਦੇ ਗਲ ਦੇ ਵਿਚ ਨਹੀਂ ਪਈ। ਹਜ਼ਾਰਾਂ ਜ਼ੰਜ਼ੀਰਾਂ ਇਸ ਦੇ ਗਲ ਦੇ ਵਿਚ ਪਈਆਂ ਨੇ। ਕਈ ਦਫਾ ਬੜੀ ਮੁਸ਼ਕਿਲ ਦੇ ਨਾਲ ਇਕ ਅੱਧੀ ਜੰਜੀਰ ਨੂੰ ਤੋੜਦਾ ਹੈ ਤੇ ਦਸ ਜੰਜੀਰਾਂ ਹੋਰ ਪੈ ਜਾਂਦੀਆ ਹਨ। ਐਸਾ ਵੀ ਹੈ। ਬੰਧੰਨ ਹੈ ਆਪਣੀ ਅਕਲ ਦਾ। ਅਕਲ ਇਕ ਪਾਸੇ ਰਖੀਏ ਤੇ ਫਿਰ ਤਾਰਕਿਕ ਕਹੇਗਾ ਕਿ ਕੰਮ ਕਿਵੇਂ ਕਰੀਏ। ਸੰਸਾਰ ਦੇ ਵਿਚ ਕਿਸ ਤਰ੍ਹਾਂ ਵਿਚਰੀਏ। ਅਕਲ ਤੇ ਚਾਹੀਦੀ ਹੈ, ਮਤ ਤੇ ਚਾਹੀਦੀ ਹੈ, ਸਮਝ ਤੇ ਚਾਹੀਦੀ ਹੈ। ਤੇ ਫਿਰ ਸਤਿਗੁਰੂ ਕਹਿੰਦੇ ਨੇ ਤੂੰ ਗੁਰੂ ਦੀ ਮਤ ਲੈ ਜਾ। ਤਿਆਗੇਂ ਮਨ ਦੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥
{ਅੰਗ ੭੬੩} ਤੇਰੀ ਮਤ ਹੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਨਮ ਦੇਂਦੀ ਹੈ। ਜਿਤਨੇ ਚਿਰ ਤਕ ਤੇਰੀ ਮਤ ਹੈ। ਸਮੱਸਿਆਵਾਂ ਦਾ ਬੋਝ ਤੇਰੇ ਸਿਰ ਤੇ ਰਹੇਗਾ। ਤੂੰ ਬਝਿਆ ਹੀ ਰਹੇਗਾ, ਜਕੜਿਆ ਹੀ ਰਹੇਂਗਾ। ਤੇਰੀ ਮਤ ਸਮੱਸਿਆਵਾਂ ਦਾ ਸਮਾਧਾਨ ਨਹੀਂ। ਅਜੋਕੀ ਸਦੀ ਬੜੀ ਸਿਆਣੀ ਸਦੀ ਹੈ ਤੇ ਸਿਆਣਾ ਮਨੁੱਖ ਆਪਣੀ ਅਕਲ ਦਾ ਤਿਆਗ ਨਹੀਂ ਕਰ ਸਕਦਾ। ਸਭ ਕੁਝ ਦਾ ਤਿਆਗ ਕਰ ਸਕਦਾ ਹੈ। ਧਨ ਵੀ ਦੇ ਸਕਦਾ ਹੈ, ਬਸਤਰ ਵੀ ਦੇ ਸਕਦਾ ਹੈ। ਸ਼ਸਤਰ ਵੀ ਦੇ ਸਕਦਾ ਹੈ। ਅੰਨ ਵੀ ਦੇ ਸਕਦਾ ਹੈ, ਜ਼ਮੀਨ ਜਾਇਦਾਦ ਦਾ ਦਾਨ ਵੀ ਕਰ ਸਕਦਾ ਹੈ। ਬਹੁਤ ਕੁਛ ਦਾ ਦਾਨ ਕਰ ਸਕਦਾ ਹੈ ਪਰ ਆਪਣੀ ਅਕਲ ਨਹੀਂ। ਮਹਾਰਾਜ ਕਹਿੰਦੇ ਨੇ ਆਪਣੀ ਅਕਲ ਨੂੰ ਇਥੇ ਹੀ ਰਖ। ਤਿਆਗੇਂ ਮਨ ਕੀ ਮਤੜੀ....॥
ਫਿਰ ਕੀ ਕਰੀਏ? ਗੁਰ ਕੀ ਮਤਿ ਤੂੰ ਲੇਹਿ ਇਆਨੇ॥
ਭਗਤਿ ਬਿਨਾ ਬਹੁ ਡੂਬੇ ਸਿਆਨੇ॥
{ਅੰਗ ੨੮੮} ਆਪਣੀ ਮਤ ਦੇ ਨਾਲ ਭਗਤੀ ਨਹੀਂ ਹੁੰਦੀ। ਭਗਤੀ ਭਾਵੁਕਤਾ, ਭਰੋਸਾ, ਜ਼ਜ਼ਬਾ। ਇਕਬਾਲ ਨੇ ਇਹ ਗੋਸ਼ਟੀ ਵੀ ਲਿਖੀ ਹੈ। ਅਕਲ ਦੀ ਤੇ ਹਿਰਦੇ ਦੀ। ਭਗਤੀ ਤੇ ਹਿਰਦੇ ਵਿਚ ਹੁੰਦੀ ਹੈ। ਤਰਕ ਸਾਰੀ ਦੀ ਸਾਰੀ ਅਕਲ ਵਿਚ ਹੁੰਦੀ ਹੈ। ਸੰਵਾਦ ਲਿਖਿਆ ਹੈ। ਹੈ ਤੁਝੇ ਵਾਸਤਾ ਮਜ਼ਾਹਿਰ ਸੇ ਔਰ ਬਾਤਿਨ ਸੇ ਆਸ਼ਨਾ ਹੂੰ ਮੈਂ। ਹਿਰਦਾ ਅਕਲ ਨੂੰ ਕਹਿੰਦਾ ਹੈ। ਤੈਨੂੰ ਜੋ ਸਿਰਫ ਦਿਖਾਈ ਦਿੰਦਾ ਹੈ, ਇਸਦਾ ਹੀ ਪਤਾ ਹੈ। ਪਰ ਇਹ ਜੋ ਦਿਖਾਈ ਦਿੰਦਾ ਹੈ, ਇਸਦੇ ਵਿਚ ਜੋ ਰਮਿਆ ਹੋਇਆ ਹੈ, ਹਿਰਦਾ ਕਹਿੰਦਾ ਮੈਨੂੰ ਉਸਦਾ ਵੀ ਪਤਾ ਹੈ। ਤੈਨੂੰ ਅਸਥੂਲ ਦਾ ਪਤਾ ਹੈ, ਮੈਨੂੰ ਸ਼ੂਖਸ਼ਮ ਦਾ ਵੀ ਪਤਾ ਹੈ। ਕੁਛ ਅਰਸਾ ਪਹਿਲੇ ਮੈਂ ਇਕ ਅਰਥ ਦੇ ਅਨਰਥ ਕਰਦਾ ਹੁੰਦਾ ਸੀ। ਭਗਤ ਕਬੀਰ ਕਹਿੰਦੇ ਨੇ ਜਦ ਮੇਰੀ ਸੁਰਤ ਸ਼ਬਦ ਨਾਲ ਜੁੜੀ। ਜਦ ਮੈਨੂੰ ਪਰਮਾਤਮਾ ਦਾ ਮਿਲਾਪ ਹੋਇਆ ਤੇ:- ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ॥
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ॥
{ਅੰਗ ੪੮੨} ਜਦ ਉਸ ਇਕ ਪੁਰਖ ਨਾਲ, ਭਗਵਾਨ ਨਾਲ ਮੇਰਾ ਜੋੜ ਜੁੜਿਆ ਹੈ, ਤੇਂਤੀਸ ਕ੍ਰੋੜ ਦੇਵਤੇ ਇਸ ਕੌਤਕ ਨੂੰ ਦੇਖਣ ਵਾਸਤੇ ਆਏ। ਚੂਕਿ ਇਕ ਸੰਤ ਕਹਿ ਰਿਹਾ ਹੈ। ਭਗਤਾਂ ਵਿਚੋਂ ਸਿਰਮੋਰ ਭਗਤ ਕਹਿ ਰਿਹਾ ਹੈ। ਬੜਾ ਦਾਰਸ਼ਨਿਕ ਵੀ ਹੈ, ਪੰਡਿਤ ਵੀ ਹੈ, ਸੰਤ ਵੀ ਹੈ। ਇਹ ਦੋਵੇਂ ਗਲਾਂ ਇਕੱਠੀਆਂ ਹੁੰਦੀਆਂ ਨਹੀਂ। ਪਰ ਕਬੀਰ ਦੇ ਤਲ ਤੇ ਦੋਵੇਂ ਗਲਾਂ ਇਕੱਠੀਆਂ ਨੇ। ਕਬੀਰ ਕਹਿੰਦਾ ਹੈ:- ਸੁਰਿ ਨਰ ਮੁਨਿ ਜਨ ਕਉਤਕ ਆਏ....॥
ਔਰ ਉਨ੍ਹਾਂ, ਮੁਨੀ ਜਨਾਂ ਦਾ ਜ਼ਿਕਰ ਜੋ ਕਬੀਰ ਦੇ ਵਕਤ ਮੌਜੂਦ ਵੀ ਨਹੀਂ ਸਨ, ਹਜ਼ਾਰਾਂ ਸਾਲ ਪਹਿਲੇ ਹੋ ਗਏ। .... ਕੋਟਿ ਤੇਤੀਸ ਉਜਾਨਾਂ॥
ਤੇਂਤੀਸ ਕਰੋੜ ਦੇਵਤੇ ਜਿਨ੍ਹਾਂ ਕੋਲ ਬੜੀ ਉਜਾਗਰ ਮਤ ਹੈ। ਸਮਝ ਹੈ, ਸੂਝ ਹੈ, ਗਿਆਨ ਹੈ। ਉਹ ਵੀ ਮੇਰਾ ਇਹ ਕੌਤਕ ਦੇਖਣ ਲਈ ਆਏ। ਨਿਰਾ ਕੌਤਕ ਹੀ ਨਹੀਂ, ਫੁਲਾਂ ਦੀ ਬਰਖਾ ਵੀ ਕਰਦੇ ਪਏ ਨੇ, ਅਸੀਸ ਵੀ ਦਿੰਦੇ ਪਏ ਨੇ। ਮੈਂ ਪਹਿਲੇ ਵੀ ਦਸ ਚੁਕਿਆ ਹਾਂ, ਜਿਤਨੇ ਆਪ ਅਸਥੂਲ ਸਰੀਰ ਬੈਠੇ ਹੋ ਨਾ। ਕਮ-ਸੁ-ਕਮ ਇਤਨੇ ਸੂਖਸ਼ਮ ਸਰੀਰ ਵੀ ਹੋਣੇ ਚਾਹੀਦੇ ਨੇ। ਉਹ ਸੂਖਸ਼ਮ ਸਰੀਰ ਹੀ ਦੇਵਤੇ ਨੇ। ਜੇ ਕ੍ਰੋੜਾਂ ਦੀ ਆਬਾਦੀ ਅਸਥੂਲ ਸਰੀਰਾਂ ਦੀ ਹੋ ਸਕਦੀ ਹੈ ਤੇ ਕਬੀਰ ਉਹ ਸੂਖਸ਼ਮ ਸਰੀਰ ਤੇਂਤੀਸ ਕ੍ਰੋੜ ਗਿਣਦੇ ਨੇ ਤੇ ਅਜ ਸਾਰੀ ਦੁਨੀਆ ਦੇ ਵਿਚ ਇਹ ਅਸਥੂਲ ਸਰੀਰ ਇਕ ਅਰਬ ਤੋਂ ਜ਼ਿਆਦਾ ਹੋ ਗਏ ਨੇ। ਐਹ ਅਰਬਾਂ ਦੀ ਤਾਦਾਦ ਵਿਚ ਆਬਾਦੀ ਹੋ ਗਈ। ਇਕ ਅਰਬ ਤੇ ਸਾਡੇ ਦੇਸ਼ ਦੀ ਹੋ ਗਈ। ਇਸ ਤੋਂ ਵੀ ਜ਼ਿਆਦਾ ਸਵਾ ਛੇ ਅਰਬ ਸਾਰੀ ਦੁਨੀਆ ਦੀ ਆਬਾਦੀ ਮੰਨਦੇ ਨੇ। ਹੁਣ ਮੈਂ ਸਮਝਦਾ ਹਾਂ ਉਹ ਸੂਖਸ਼ਮ ਸ਼ਰੀਰ ਤੇਂਤੀਸ ਕ੍ਰੋੜ ਵੀ ਵਧ ਗਏ ਹੋਣਗੇ। ਉਹ ਵੀ ਪਸਾਰਾ ਵਧ ਗਿਆ ਹੋਵੇਗਾ। ਨਿਰੇ ਤੇਂਤੀਸ ਕ੍ਰੋੜ ਨਹੀਂ ਹੋਣਗੇ ਦੇਵਤੇ। ਜਿਨ੍ਹਾਂ ਨੂੰ ਦਿਖਾਈ ਦੇਣ ਉਨ੍ਹਾਂ ਨੂੰ ਕਹਿੰਦੇ ਨੇ ਦੇਵ-ਦ੍ਰਿਸ਼ਟੀ। ਇਸਦੇ ਕੋਲ ਉਹ ਦ੍ਰਿਸ਼ਟੀ ਹੈ, ਦੇਵਤਿਆਂ ਨੂੰ ਵੀ ਵੇਖ ਲੈਂਦਾ ਹੈ। ਇਸਦੇ ਕੋਲ ਉਹ ਤਕਣੀ ਹੈ ਜਿਸ ਦੇ ਨਾਲ ਸੂਖਸ਼ਮ ਸਰੀਰਾਂ ਨੂੰ ਵੀ ਦੇਖ ਲੈਂਦਾ ਹੈ। ਜੈਸੇ ਮਨੁੱਖਾਂ ਵਿਚ ਕੁਝ ਭਗਵਾਨ ਵਰਗੇ ਨੇ। ਕੁਝ ਸ਼ੈਤਾਨ ਵਰਗੇ ਨੇ। ਸੂਖਸ਼ਮ ਸਰੀਰਾਂ ਵਿਚ ਵੀ ਕੁਝ ਦੇਵਤੇ ਨੇ ਕੁਝ ਭੂਤ ਪ੍ਰੇਤ ਨੇ। ਜਿਸ ਤਰ੍ਹਾਂ ਦੇਵਤੇ ਸਤਸੰਗ ਕਰਦੇ ਨੇ। ਚੰਗੇ ਨੇਕ ਮਨੁੱਖ ਪ੍ਰਭੂ ਦਾ ਨਾਮ ਸੁਣਦੇ ਨੇ, ਕਥਾ ਕੀਰਤਨ ਸੁਣਦੇ ਨੇ। ਚੰਗੇ ਨੇਕ ਮਨੁੱਖ ਪ੍ਰਭੂ ਦਾ ਨਾਮ ਸੁਣਦੇ ਨੇ, ਕਥਾ ਕੀਰਤਨ ਸੁਣਦੇ ਨੇ। ਇਹ ਦੇਵਤੇ ਧਰਮ ਮੰਦਰਾਂ ਵਿਚ ਹੁੰਦੇ ਨੇ। ਜਿਤਨੇ ਚਿਰ ਤਕ ਇਨ੍ਹਾਂ ਨੂੰ ਸਥੂਲ ਸਰੀਰ ਨ ਮਿਲੇ। ਜਨਮ, ਮਰਣ ਤੋਂ ਖਲਾਸੀ ਕੋਈ ਨਹੀਂ। ਭਟਕਣਾ ਬਣੀ ਰਹੇਗੀ। ਇਨ੍ਹਾਂ ਦੇ ਜਨਮ ਦੇ ਵਿਚ ਦੇਰੀ ਕਿਉਂ ਹੋ ਜਾਂਦੀ ਹੈ, ਜਿਹੜਾ ਦੇਵਤਾ ਹੈ ਐਸੇ ਨੂੰ ਜਨਮ ਲੈਣ ਵਾਸਤੇ ਮਾਂ ਚਾਹੀਦੀ ਹੈ, ਜਿਹੜੀ ਦੇਵੀ ਹੋਵੇ। ਅਗਰ ਮਾਂ ਦੇਵੀ ਨਹੀਂ ਹੈ, ਤੇ ਇਸ ਦੇਵਤੇ ਦਾ ਆਉਣਾ ਔਖਾ ਹੈ। ਮਾਂ ਡਾਇਣ ਹੈ ਤੇ ਭੂਤਾਂ ਪ੍ਰੇਤਾਂ ਦਾ ਆਉਣਾ ਸੌਖਾ ਹੋ ਜਾਏਗਾ। ਮਾਂ ਦੇਵੀ ਹੋਵੇ ਤਾਂ ਦੇਵਤਿਆਂ ਦਾ ਸੰਸਾਰ ਤੇ ਆਉਣਾ ਸੌਖਾ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਮਾਤਾਵਾਂ ਦੇਵੀਆਂ ਨਹੀਂ ਰਹੀਆਂ, ਗੁਰੂ ਨਾਨਕ ਦੇਵ ਜੀ ਮਹਾਰਾਜ। ਮੈਂ ਗ੍ਰਹਿਸਤੀ ਹਾਂ ਐਵੇਂ ਕੋਈ ਕੌੜੀ ਗਲ ਕਹਿਣਾ ਨਹੀਂ ਚਾਹੁੰਦਾ। ਸਤਿਗੁਰ ਨੇ ਜੋ ਲਿਖਿਆ ਹੈ ਮੈਂ ਕਹਿ ਦਿਆਂ। ਮਹਾਰਾਜ ਕਹਿੰਦੇ ਨੇ:- ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਰੁ॥
{ਅੰਗ ੫੫੬} ਇਹ ਕਲਜੁਗ ਵਿਚ ਜਿਹੜੇ ਪੈਦਾ ਹੋ ਰਹੇ ਨੇ, ਜਿੰਨ ਭੂਤ ਪੈਦਾ ਹੋ ਰਹੇ ਨੇ। ਮਾਵਾਂ ਠੀਕ ਨਹੀਂ ਹਨ। ਇਹ ਪਹਿਲੇ ਪਾਤਸ਼ਾਹ ਜੀ ਦੀ ਰਚਨਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਚਨਾ ਹੈ। ਪੁਤੂ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ॥੧॥
{ਅੰਗ ੫੫੬} ਪੁਤ ਤੇ ਜਿਨ ਭੂਤ ਹਨ ਧੀਆਂ ਵੀ ਜਿਨ ਭੂਤ ਨੇ। ਪੁਤ ਤਾਂ ਭੈੜੇ ਹਨ ਧੀਆਂ ਵੀ ਭੈੜੀਆਂ ਹਨ। ਇੰਝ ਭੂਤ ਪੈਦਾ ਹੋ ਰਹੇ ਨੇ। ਇਸ ਤੋਂ ਮਤਲਬ ਹੈ ਮਾਤਾਵਾਂ ਠੀਕ ਨਹੀਂ ਰਹੀਆਂ। ਇਸ ਨੂੰ ਵੀ ਖੋਲ੍ਹਦੇ ਨੇ ਗੁਰੂ ਨਾਨਕ ਦੇਵ ਜੀ:- ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ॥੨॥
{ਅੰਗ ੧੨੪੨-੪੩} ਰੰਨਾ ਬੋਧੀਆਂ, ਚੰਚਲ ਹੋ ਗਈਆਂ, ਇਤਨੀਆਂ ਕਿ ਸਰੀਰ ਦੀ ਨੁਮਾਇਸ਼ ਕਰਨਾ ਚਾਹੁੰਦੀਆਂ ਨੇ। ਯੁਰਪ ਤੇ ਤਕਰੀਬਨ ਤਕਰੀਬਨ ੮੦ ਫੀਸਦੀ ਨਗਨ ਹੋ ਚੁਕਿਆ ਹੈ। ਨਗਨ ਔਰਤਾਂ ਘੁੰਮ ਰਹੀਆਂ ਨੇ। .... ਪੁਰਸ ਹੋਏ ਸਈਆਦ॥
ਸਈਆਦ ਲਫਜ਼ ਫਾਰਸੀ ਦਾ ਹੈ, ਸ਼ਿਕਾਰੀ ਨੂੰ ਕਹਿੰਦੇ ਨੇ। ਪੁਰਸ਼ ਸ਼ਿਕਾਰੀ ਬਣੇ ਫਿਰਦੇ ਨੇ। ਦੇਖਣਾ ਚਾਹੁੰਦੇ ਨੇ। ਤੇ ਇਸਤ੍ਰੀਆਂ ਨਗਨਤਾ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀਆਂ ਨੇ। ਕਰ ਰਹੀਆਂ ਨੇ। ਪਛਮ ਦੀ ਨਕਲ ਤੇ ਭਾਰਤ ਵੀ ਚਲ ਰਿਹਾ ਹੈ। ਇਥੇ ਵੀ ਸਹਿਜੇ ਸਹਿਜੇ ਐਸਾ ਹੁੰਦਾ ਜਾ ਰਿਹਾ ਹੈ। ਯੁਰਪ ਤੇ ਨਗਨ ਹੋ ਚੁਕਿਆ ਹੈ। ਪੁਰਸ਼ ਸ਼ਿਕਾਰੀ ਬਣ ਗਏ। ਜੋ ਕੁਛ ਗੁਰੂ ਨਾਨਕ ਦੇਵ ਜੀ ਨੇ ਆਖਿਆ ਹੈ। ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥
ਐਸੀਆਂ ਮਾਵਾਂ ਹੋਣਗੀਆਂ ਤੇ ਫਿਰ ਭੂਤਾਂ ਪ੍ਰੇਤਾਂ ਦਾ ਹੀ ਜਨਮ ਹੋਣਾ ਹੈ। ਹੋਰ ਕਿਸਦਾ ਹੋਣਾ ਹੈ? ਫਿਰ ਦੇਵਤੇ ਜਨਮ ਲੈਣ ਨੂੰ ਤਰਸਣਗੇ। ਕਬੀਰ ਕਹਿ ਵੀ ਰਹੇ ਨੇ:- ਇਸ ਦੇਹੀ ਕਉ ਸਿਮਰਹਿ ਦੇਵ॥
{ਅੰਗ ੧੧੫੯} ਦਿਨ ਰਾਤ ਦੇਵਤੇ ਚਿਤਵਦੇ ਪਏ ਨੇ। ਬਈ ਕਿਸੇ ਤਰੀਕੇ ਨਾਲ ਸਾਡਾ ਜਨਮ ਹੋਵੇ। ਇਹ ਸਰੀਰ ਸਾਨੂੰ ਮਿਲੇ। ਬੜੇ ਧਿਆਨ ਨਾਲ ਤਿੰਨ ਨੁਕਤੇ ਹੋਰ ਪੜ੍ਹ ਲੈਣਾ। ਪਸ਼ੂ ਕੋਲ ਤਨ ਤੇ ਹੈ, ਵਿਕਸਤ ਮਨ ਨਹੀਂ ਹੈ। ਦੇਵਤੇ ਕੋਲ ਵਿਕਾਸਸ਼ੀਲ ਮਨ ਤੇ ਹੈ ਪਰ ਤਨ ਨਹੀਂ ਹੈ। ਮਨੁੱਖ ਕੋਲ ਤਨ ਵੀ ਹੈ ਤੇ ਮਨ ਵੀ ਹੈ। ਪਸ਼ੂ ਨੇ ਮੁਕਤ ਹੋਣਾ ਹੈ, ਮਨੁਸ਼ ਬਣਨਾ ਪਵੇਗਾ। ਦੇਵਤੇ ਨੂੰ ਮੁਕਤ ਹੋਣ ਵਾਸਤੇ ਮਨੁਸ਼ ਬਣਨਾ ਪਵੇਗਾ। ਮਨੁੱਖ ਤੋਂ ਵੱਡਾ ਕੋਈ ਵੀ ਨਹੀਂ ਹੈ। ਭਾਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
{ਰਹਿਰਾਸ, ਅੰਗ ੧੨} ਇਹ ਵਾਰੀ ਪਸ਼ੂਆਂ ਕੋਲ ਨਹੀਂ ਹੈ ਉਸ ਜਨਮ ਦੇ ਵਿਚ। ਇਹ ਵਾਰੀ ਦੇਵਤਿਆਂ ਦੇ ਕੋਲ ਵੀ ਨਹੀਂ। ਉਨ੍ਹਾਂ ਨੂੰ ਮਨੁਸ਼ ਬਣਨਾ ਪਵੇਗਾ। ਇਹ ਵਾਰੀ ਪਸ਼ੂਆਂ ਕੋਲ ਵੀ ਨਹੀਂ ਹੈ, ਮਨੁਸ਼ ਬਣਨਾ ਪਵੇਗਾ।