ਕਥਾ ਕੀਰਤਨ ਸੁਖਦਾਈ (ਪਾਰਟ ੪) ਮਨ ਸ਼ੀਤਲ ਹੈ ਤੇ ਬਾਹਰ ਦੀ ਤੱਪਸ਼ ਤੰਗ ਨਹੀਂ ਕਰਦੀ। ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
(ਅੰਗ ੧੩੪) ਪਰ ਮਨ ਜਿੰਨ੍ਹਾਂ ਦਾ ਸ਼ਾਂਤ ਹੈ, ਪੋਹ ਮਾਹ ਦੀ ਠੰਡ ਵੀ ਉਹਨਾਂ ਨੂੰ ਆਲਸੀ ਨਹੀਂ ਬਣਾ ਸਕਦੀ। ਉਹਨਾਂ ਨੂੰ ਦੁਖਤ ਨਹੀਂ ਕਰ ਸਕਦੀ। ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥
(ਅੰਗ ੧੩੫) ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ, ਤਾਂ ਬਾਹਰ ਦੀ ਅਗਨੀ ਜਲਾਏਗੀ। ਬਾਹਰ ਦੀਆਂ ਸਮੱਸਿਆਵਾਂ ਪ੍ਰੇਸ਼ਾਨ ਕਰਨਗੀਆਂ, ਦੁਖਿਤ ਕਰਨਗੀਆਂ। ਇਸ ਵਾਸੇਤ ਸਤਿਗੁਰੂ ਇੰਝ ਫੁਰਮਾਣ ਕਰਦੇ ਹਨ- ਏਹੁ ਜਗੁ ਜਲਤਾ ਦੇਖਿ ਕੈ ਪ੍ਰਥਮ ਤੇ ਇਹ ਜਗਤ ਜਲਦਾ ਹੋਇਆ ਉਹਨਾਂ ਨੂੰ ਦਿਖਾਈ ਦੇਂਦਾ ਹੈ, ਜੋ ਬਹੁਤ ਅੰਤਰੀਵ ਦ੍ਰਿਸ਼ਟੀ ਰੱਖਦੇ ਹਨ। ਦਰਅਸਲ ਦਾਰਸ਼ਨਿਕ ਉਸ ਨੂੰ ਨਹੀਂ ਕਹਿੰਦੇ ਹਨ ਜਿਸ ਦਾ ਅਨੁਵਾਦ ਕੀਤਾ ਜਾਂਦਾ ਹੈ ਵਿਚਾਰਕ, ਫਿਲੋਸਫਰ। ਦਾਰਸ਼ਨਿਕ ਦੇ ਅਰਥ ਵਿਚਾਰਕ ਨਹੀਂ ਹਨ, ਫਿਲੋਸਫਰ ਨਹੀਂ ਹਨ, ਦਾਰਸ਼ਨਿਕ ਦੇ ਅਰਥ ਹਨ, ਜਿਸ ਦਾ ਦਰਸ਼ਨ, ਜਿਸ ਦੀ ਦ੍ਰਿਸ਼ਟੀ ਏਨੀ ਗਹਿਰੀ ਹੈ ਕਿ ਦ੍ਰਿਸ਼ਟ ਨੂੰ ਸਹੀ ਰੂਪ ਵਿਚ ਦੇਖੇ। ਜਗਤ ਦੇ ਕੋਲ ਇਹ ਸਹੀ ਦ੍ਰਿਸ਼ਟੀ ਨਹੀਂ ਹੁੰਦੀ। ਇਸ ਵਾਸਤੇ ਅਕਸਰ ਲੋਕੀਂ ਇਸ ਤਰ੍ਹਾਂ ਕਹਿੰਦੇ ਹਨ ਕਿ ਜੋ ਦਾਰਸ਼ਨਿਕ ਹੈ, ਦੂਰ ਦ੍ਰਿਸ਼ਟ ਰੱਖਦਾ ਹੈ ਉਹ ਤਾਂ ਦਿਖਾਈ ਦੇ ਜਾਏਗਾ। ਜਗਤ ਜਲ ਰਿਹਾ ਹੈ। ਜੇਕਰ ਜਗਤ ਜਲ ਰਿਹਾ ਹੈ ਤਾਂ ਅਸੀਂ ਜਗਤ ਦੇ ਵਿਚ ਹਾਂ, ਤਾਂ ਬਚਾਉ ਕੀ ਕਰੀਏ? ਸਤਿਗੁਰੂ ਕਹਿੰਦੇ ਹਨ- ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ॥
(ਅੰਗ ੫੭੧) ਦੌੜ ਪਏ ਘਰ ਨੂੰ। ਅੱਗ ਲੱਗੀ ਹੋਵੇ ਤਾਂ ਮਨੁੱਖ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਹੌਲੇ ਹੌਲੇ ਬਚਾਉ, ਪਰ ਹਿਰਦੇ ਨੂੰ ਅਗਨੀ ਲੱਗੀ ਹੋਵੇ, ਹਿਰਦਾ ਜਲ ਰਿਹਾ ਹੋਵੇ ਤਾਂ ਆਖੀਏ ਕਿ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਏਗਾ ਤਾਂ ਇਸ ਗੱਲ ਦਾ ਸਬੂਤ ਹੈ ਕਿ ਅਜੇ ਇਸ ਨੂੰ ਅਗਨੀ ਦਾ ਬੋਧ ਨਹੀਂ, ਅਜੇ ਇਸ ਨੂੰ ਜਲਦੀ ਹੋਈ ਅਗਨੀ ਦਿਖਾਈ ਨਹੀਂ ਦੇਂਦੀ। ਦਿਖਾਈ ਦੇਵੇ ਤਾਂ ਹੌਲੀ ਹੌਲੀ ਉਹ ਨਹੀਂ ਚੱਲੇਗਾ, ਭਜਿ ਪਏ ਹਰਿ ਸਰਣਾਈ ਰਾਮ॥
ਉਹ ਤਾਂ ਦੌੜ ਪਵੇਗਾ। ਉਹ ਤਾਂ ਛੇਤੀ-ਛੇਤੀ ਇਸ ਨੂੰ ਬੁਝਾਉਣ ਦਾ ਜਤਨ ਕਰੇਗਾ। ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ (ਅੰਗ ੫੭੨) ਤੁਧੁ ਜੇਵਡ ਦਾਤਾ ਅਵਰ ਨ ਸੁਆਮੀ (ਅੰਗ ੧੩੦) ਹੇ ਪਰੀਪੂਰਨ ਪਰਮਾਤਮਾ! ਤੇਰੇ ਵਰਗਾ ਹੋਰ ਕੋਈ ਦਾਤਾ ਨਹੀਂ ਹੈ। ਇਸ ਵਾਸਤੇ ਮੰਗ ਵੀ ਤੇਰੇ ਅੱਗ ਹੈ। ਉਸ ਦਾਤੇ ਕੋਲੋਂ ਕੀ ਮੰਗ ਹੈ। ਮਨੁੱਖ ਵਡਿਆਈ ਚਾਹੁੰਦਾ ਹੈ, ਛੋਟਾਪਨ ਨਹੀਂ। ਜੀਵਨ ਦੇ ਹਰ ਪੱਖ ਵਿਚ ਮਨੁੱਖ ਵੱਡਾ ਹੋਣਾ ਚਾਹੁੰਦਾ ਹੈ, ਛੋਟਾ ਨਹੀਂ, ਜਿਵੇਂ ਮਾਸੂਮ ਤੇ ਛੋਟਾ ਬੱਚਾ, ਜੋ ਤਨ ਕਰਕੇ ਵੀ ਛੋਟਾ ਹੈ, ਬੁੱਧ ਕਰਕੇ ਵੀ ਛੋਟਾ ਹੈ, ਮੁਥਾਜ ਹੈ। ਮਾਂ-ਬਾਪ ਦਾ ਮੁਥਾਜ ਹੈ, ਹਰ ਗੱਲ ਦਾ ਮੁਥਾਜ ਹੈ। ਇੰਝ ਕਹਿ ਲਉ ਕਿ ਜੇ ਮਾਂ-ਬਾਪ ਨਾ ਹੋਣ ਤਾਂ ਇਹ ਪਲ ਵੀ ਨਹੀਂ ਜੀਅ ਸਕਦਾ। ਇਸ ਨੂੰ ਸਹਾਰਾ ਚਾਹੀਦਾ ਹੈ। ਛੋਟੇ ਨੂੰ ਸਹਾਰਿਆਂ ਦੇ ਨਾਲ ਹੀ ਜੀਊਣਾ ਪੈਂਦਾ ਹੈ। ਛੋਟਾ ਹੋਣਾ, ਦੁਖਿਤ ਹੋਣਾ ਹੈ, ਇਸ ਵਾਸਤੇ ਮਨੁੱਖ ਵੱਡਾ ਹੋਣਾ ਚਾਹੁੰਦਾ ਹੈ। ਵਡਿਆਈ ਜੀਵਨ ਦੇ ਹਰ ਪੱਲ ਵਿਚ ਚਾਹੁੰਦਾ ਹੈ ਤੇ ਵਡਿਆਈ ਕਿਵੇਂ ਪ੍ਰਾਪਤ ਹੋਵੇਗੀ- ਵਡਿਆਈ ਵਡਾ ਪਾਇਆ॥
(ਆਸਾ ਦੀ ਵਾਰ) ਫਰਮਾਤਮਾ ਦੀ ਵਡਿਆਈ ਕਰਦਿਆਂ-ਕਰਦਿਆਂ ਉਸ ਵੱਡੇ ਦੀ ਪ੍ਰਾਪਤੀ ਹੋ ਜਾਂਦੀ ਹੈ। ਵੱਡੇ ਨੂੰ ਪ੍ਰਾਪਤ ਕਰਕੇ ਮਨੁੱਖ ਵੱਡਾ ਹੋ ਜਾਂਦਾ ਹੈ। ਸਾਹਿਬ ਕਹਿੰਦੇ ਹਨ ਕਿ ਤੇਰੇ ਵਰਗਾ ਕੋਈ ਦਾਤਾ ਨਹੀਂ। ਤੂੰ ਆਪਣੇ ਨਾਮ ਦੀ ਵਡਿਆਈ ਦੇ, ਤਾਂਕਿ ਅਸੀਂ ਵੱਡੇ ਹੋ ਸਕੀਏ। ਸ਼ੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ॥
(ਅੰਗ ੫੭੧) ਜੋ ਸੇਵਾ ਵਿਚ ਲੱਗੇ ਹਨ ਅਤੇ ਸੇਵਾ ਕਿਹੜੀ?- ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ॥
(ਅੰਗ ੩੦੦) ਪ੍ਰਭੂ ਦਾ ਨਾਮ ਜੱਪਣਾ ਸਭ ਤੋਂ ਵੱਡੀ ਸੇਵਾ ਹੈ। ਮਹਾਨ ਸੇਵਾ ਹੈ। ਸਾਹਿਬ ਕਹਿੰਦੇ ਹਨ ਕਿ ਉਹੀ ਵੱਡੇ ਭਾਗਾਂ ਵਾਲੇ ਹਨ, ਉਹੀ ਉਸ ਵੱਡੇ ਨੂੰ ਪ੍ਰਾਪਤ ਕਰ ਲੈਂਦੇ ਹਨ, ਉਹੀ ਉਹਨਾਂ ਦੀ ਵਡਿਆਈ ਬਣ ਜਾਂਦੀ ਹੈ, ਜੋ ਸੇਵਾ ਵਿਚ ਲੱਗੇ ਹਨ ਅਤੇ ਜਿੰਨ੍ਹਾਂ ਨੇ ਇਹੀ ਜਾਣਿਆ ਹੈ ਹਰ ਜੁਗ ਦੇ ਵਿਚ ਕਿ ਉਹੀ ਇਕੋ ਦਾਤਾ ਹੈ। ਉਹੀ ਸਭ ਨੂੰ ਵੱਡਿਆਂ ਕਰਦਾ ਹੈ ਅਤੇ ਉਹੀ ਵਡਿਆਈਆਂ ਦੇਣ ਵਾਲਾ ਹੈ। ਜਪ ਤਪ ਸੰਜਮ ਕਰਮ ਕਮਾਣੇ ਇਹੀ ਓਰੈ ਮੂਸੇ॥੧॥
ਰਹਾਉ॥
(ਅੰਗ ੨੧੬) ਦਰਅਸਲ ਗੁਰੂ ਨੂੰ ਕਹੀਏ ਕਿ ਗਿਆਨ ਤੋਂ ਬਿਨਾਂ ਗਤੀ ਕਿਥੇ ਹੈ। ਗਿਆਨ ਤੋਂ ਬਿਨਾਂ ਸੰਜਮ-ਸੀਲ ਹੈ। ਗਿਆਨ ਤੋਂ ਬਿਨਾਂ ਤਰ੍ਹਾਂ ਤਰ੍ਹਾਂ ਦੇ ਕਰਮ ਕਰ ਰਿਹਾ ਹੈ। ਕਰਮ ਤਾਂ ਕਰ ਰਿਹਾ ਹੈ ਪਰ ਕਰਮ ਦੀ ਸਮਝ ਨਹੀਂ। ਸੰਜਮ ਤਾਂ ਰਖਿਆ ਹੈ, ਪਰ ਸੰਜਮ ਦੀ ਸਮਝ ਨਹੀਂ। ਜਤਿ ਸਤਿ ਤਾਂ ਧਾਰਨ ਕੀਤਾ ਹੋਇਆ ਹੈ, ਪਰ ਇਸ ਦੀ ਸੂਝ ਨਹੀਂ। ਦਰਅਸਲ ਮੇਰੇ ਕੋਲ ਧਨ ਹੋਵੇ ਤੇ ਧਨ ਦੀ ਸਮਝ ਨਾ ਹੋਵੇ ਅਤੇ ਜੇ ਸਮਝ ਨਹੀਂ ਹੈ ਤਾਂ ਧਨ ਧਨ ਨਹੀਂ ਹੈ। ਕੋਈ ਧਾਰਮਿਕ ਕਰਮ ਕਰਮ ਨਹੀਂ ਹੈ ਜੇਕਰ ਉਸ ਦੀ ਸਮਝ ਨਹੀਂ ਹੈ। ਇਸ ਵਾਸਤੇ ਸਾਹਿਬ ਕਹਿੰਦੇ ਹਨ ਕਿ ਗੁਰੂ ਤੋਂ ਬਿਨਾਂ ਗਤੀ ਨਹੀਂ। ਬਿਨਾਂ ਸਮਝ ਤੋਂ ਜਤਿ ਸਤਿ ਸੰਜਮ ਧਾਰਨ ਕਰਦਿਆਂ ਹੋਇਆਂ ਵੀ ਸੁਰਤ ਦੀ ਗਤੀ ਨਹੀਂ ਹੋਵੇਗਾ। ਭਾਵ ਪ੍ਰਭੂ ਦੇ ਮਾਰਗ ’ਤੇ ਚੱਲਣਾ ਨਹੀਂ ਹੋਵੇਗਾ। ਇਹ ਗਤੀਸ਼ੀਲ ਨਹੀਂ ਹੋਵੇਗਾ। ਇਹ ਨਹੀਂ ਚੱਲ ਸਕੇਗਾ। ਸਮਝ ਹੈ ਤਾਂ ਹੀ ਇਹ ਚੱਲ ਸਕੇਗਾ। ਰਸਤੇ ਦਾ ਪਤਾ ਨਹੀਂ, ਤੇ ਚੱਲ ਰਿਹਾ ਹੈ ਤਾਂ ਚੱਲਣਾ ਭਟਕਣਾ ਹੋਵੇਗਾ। ਉਹ ਚੱਲਣਾ, ਚੱਲਣਾ ਨਹੀਂ ਜੇ ਰਸਤੇ ਦਾ ਬੋਧ ਨਹੀਂ। ਚੱਲਣਾ ਉਹੀ ਚੱਲਣਾ ਹੈ ਜੇਕਰ ਰਸਤੇ ਦਾ ਪਤਾ ਹੋਵੇ। ਜਿਸ ਨੂੰ ਸ਼ਬਦ ਦੀ ਸੂਝ ਆ ਜਾਂਦੀ ਹੈ। ਗੁਰੂ ਦਾ ਸ਼ਬਦ ਅਤੇ ਗੁਰੂ ਦੀ ਪ੍ਰਾਪਤੀ ਕੀ ਹੈ, ਸ਼ਬਦ ਦੀ ਸਮਝ, ਸ਼ਬਦ ਦੀ ਸੂਝ-ਬੂਝ। ਜਿਸਨੂੰ ਪਰੀਪੂਰਨ ਪਰਮਾਤਮਾ ਬਖਸ਼ਿਸ਼ ਕਰ ਦੇਂਦਾ ਹੈ, ਉਸ ਦੀ ਸੁਰਤ ਇਕ ਦਮ ਪ੍ਰਭੂ ਵਿਚ ਜੁੜ ਜਾਂਦੀ ਹੈ। ਤੇ ਨਾਮ ਵਿਚ ਜੁੜਨਾ ਹੀ ਪ੍ਰਭੂ ਦੀ ਸ਼ਰਨ ਵਿਚ ਪੈਣਾ ਹੈ। ਸੋ ਜੋ ਪ੍ਰਭੂ ਦੀ ਸ਼ਰਣੀ ਪੈ ਗਿਆ, ਉਹ ਸਾਰੇ ਕਲਾ ਕਲੇਸ਼ ਤੋਂ ਬੱਚ ਗਿਆ। ਜੋ ਸ਼ੇਰ ਦੀ ਸ਼ਰਨੀ ਪੈ ਗਿਆ, ਤਾਂ ਹੁਣ ਗਿੱਦੜ ਨੇ ਕੀ ਆਖਣਾ ਹੈ। ਜੋ ਪਰਮਾਤਮਾ ਦੀ ਸ਼ਰਨੀ ਪੈ ਗਿਆ, ਹੁਣ ਪਾਪ ਨੇ ਕੀ ਆਖਣਾ ਹੈ, ਹੁਣ ਦੁੱਖ ਕਲੇਸ਼ ਨੇ ਕੀ ਆਖਣਾ ਹੈ, ਪਰ ਇਹ ਸੂਝ-ਸਮਝ ਸ਼ਬਦ ਦੀ ਜੋ ਪ੍ਰਾਪਤ ਹੁੰਦੀ ਹੈ, ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਰਹਿਮਤ ਕਰਨ। ਸ਼ਬਦਾਂ ਦਾ ਇਹ ਕੀਰਤਨ, ਤੇ ਸ਼ਬਦਾਂ ਦੀ ਇਹ ਵਿਚਾਰ, ਸੂਝ-ਬੂਝ ਦਾ ਸਾਧਨ ਬਣੇ। ਕਥਾ ਹੈ, ਸੂਝ ਆ ਜਾਏ, ਸਮਝ ਆ ਜਾਏ। ਕੀਰਤਨ ਹੈ, ਜਿਸ ਦੀ ਸੂਝ ਆਈ, ਜਿਸ ਦੀ ਸਮਝ ਆਈ, ਉਸ ਨਾਲ ਜੁੜ ਸਕੀਏ, ਇਹ ਸ਼ਬਦਾਂ ਦਾ ਕੀਰਤਨ ਅਤੇ ਇਹ ਸ਼ਬਦ ਦੀ ਵਿਚਾਰ ਪ੍ਰਭੂ ਰਹਿਮਤ ਕਰਨ, ਬਖਸ਼ਿਸ਼ ਕਰਨ, ਸੂਝ-ਸਮਝ ਤੇ ਜੁੜਨ ਦਾ ਵਸੀਲਾ ਬਣ ਸਕਣ। ਏਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ! ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥