ਜਪਿ ਮਨ ਮੇਰੇ ਗੋਵਿੰਦ ਕੀ ਬਾਣੀ (ਪਾਰਟ ੩)

Giani Sant Singh ji Maskeen · ਕਥਾ ਅਤੇ ਲੈਕਚਰ · ੧੪੫ / ੩੧੨

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ (ਪਾਰਟ ੩) ਗਿਆਨ ਹਰ ਇਕ ਕੋਲੋਂ ਲੈ ਲਿਆ। ਜੈਸੇ ਨੈਨ ਬੈਨ ਪੰਖ ਸੁੰਦਰ ਸਰਵੰਗ ਮੋਰ, ਮੋਰ ਦੀਆਂ ਅੱਖਾਂ ਬੜੀਆਂ ਖ਼ੂਬਸੂਰਤ, ਪੰਖ ਬੜੇ ਖ਼ੂਬਸੂਰਤ, ਚਾਲ ਬੜੀ ਮਧੁਰ ਹੈ। ਇੰਨੀਆਂ ਖ਼ੂਬੀਆਂ, ਫਿਰ ਆਂਵਾਜ਼ ਵੀ ਮਿੱਠੀ ਹੈ ਤੇ ਚੰਗਾ ਬੋਲਦਾ ਹੈ। ਤਾ ਕੇ ਪਗ ਓਰ ਦੇਖਿ ਦੋਖ ਨਾ ਬੀਚਾਰੀਐ॥
ਉਸਦੇ ਪੈਰਾਂ ਨੂੰ ਦੇਖਕੇ ਇੰਝ ਲੱਗਦਾ ਹੈ ਕਿ ਮੋਰ ਤਾਂ ਕਿਸੇ ਕੰਮ ਦਾ ਹੀ ਨਹੀਂ। ਮਨੁੱਖ ਦਾ ਮੱਥਾ ਦੇਖੀਏ ਇਕ ਟਿੱਕ ਹੋ ਕੇ, ਫਿਰ ਉਸਦੇ ਪੈਰ ਨਹੀਂ ਦਿਖਾਈ ਦਿੰਦੇ। ਜੇ ਝੁੱਕ ਕੇ ਇਕ ਟਿੱਕ ਹੋ ਕੇ ਉਸਦੇ ਪੈਰਾਂ ਨੂੰ ਦੇਖੀਏ ਤਾਂ ਫਿਰ ਉਸ ਦਾ ਮੂੰਹ ਮੱਥਾ ਦਿਖਾਈ ਨਹੀਂ ਦਿੰਦਾ। ਇਕੋ ਹੀ ਸਮੇਂ ਇਹ ਦੋ ਅੱਖਾਂ ਦੀ ਦ੍ਰਿਸ਼ਟੀ ਮੂੰਹ ਮੱਥਾ ਵੀ ਦੇਖੇ ਤੇ ਪੈਰ ਵੀ ਦੇਖੇ, ਨਹੀਂ ਦੇਖ ਸਕਦੀਆਂ। ਦ੍ਰਿਸ਼ਟੀ ਉਸਦੇ ਚਿਹਰੇ 'ਤੇ ਹੋਵੇਗੀ, ਫਿਰ ਉਸਦੇ ਚਰਨਾਂ 'ਤੇ ਨਹੀਂ ਹੈ ਅਤੇ ਜਦੋਂ ਪੈਰਾਂ ਵਿਚ ਹੈ, ਫਿਰ ਉਸਦੇ ਮੱਥੇ 'ਤੇ ਨਹੀਂ ਹੈ। ਸੁਰਤ ਉੱਚੀ ਹੋ ਜਾਏ ਤਾਂ ਪਰਮਾਤਮਾ ਹੀ ਪਰਮਾਤਮਾ ਦਿਖਾਈ ਦਿੰਦਾ ਹੈ, ਪਦਾਰਥ ਨਹੀਂ। ਉੱਚੀ ਸੁਰਤ ਲਈ ਸਾਰਾ ਬ੍ਰਹਿਮੰਡ ਪ੍ਰਮਾਤਮਾ ਹੋ ਜਾਂਦਾ ਹੈ। ਨੀਵੀਨ ਸੁਰਤ ਲਈ ਸਾਰਾ ਬ੍ਰਹਿਮੰਡ ਪਦਾਰਥ ਬਣ ਕੇ ਰਹਿ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਅਜਿਹਾ ਤਾਂ ਕੋਈ ਹਿਰਦਾ ਨਹੀਂ ਜਿਸ ਕੋਲ ਕੋਈ ਗੁਣ ਨਾ ਹੋਵੇ। ਦਲੀਲਾਂ ਦਿੱਤੀਆਂ ਹਨ ਭਾਈ ਗੁਰਦਾਸ ਨੇ:- ਜੈਸੇ ਨੈਨ ਬੈਨ ਪੰਖ ਸੁੰਦਰ ਸਰਵੰਗ ਮੋਰ, ਤਾ ਕੇ ਪਗ ਓਰ ਦੇਖ ਦੋਖ ਨਾ ਬੀਚਾਰੀਐ ਸੁੰਦਰ ਸੁਗੰਧ ਅਤਿ ਕੋਮਲ ਕਮਲ ਜੈਸੇ ਕੰਟਕਿ ਬਿਲੋਕਿ ਨ ਅਉਗਨ ਉਰਧਾਰੀਐ॥
(ਕਬਿਤ ਸਵੱਯੇ ਭਾ: ਗੁਰਦਾਸ ਜੀ) ਬੜਾ ਸੁੰਦਰ ਹੈ ਗੁਲਾਬ ਦਾ ਫੁੱਲ, ਬੜੀ ਮਹਿਕ ਹੈ, ਪਰ ਜੇ ਕੰਢਿਆਂ 'ਤੇ ਦ੍ਰਿਸ਼ਟੀ ਜਾਏ ਤਾਂ ਗੁਲਾਬ ਕਿਸੇ ਕੰਮ ਦਾ ਨਹੀਂ। ਭਾਈ ਸਾਹਿਬ ਕਹਿੰਦੇ ਹਨ ਕਿ ਕੰਢੇ ਨਾ ਦੇਖ, ਫੁੱਲ ਨਾ ਦੇਖ। ਮੋਰ ਦੇ ਪੰਖ ਦੇਖ, ਪੈਰ ਨੂੰ ਨਾ ਦੇਖ। ਅੰਮ੍ਰਿਤ ਫਲ ਹੈ ਅੰਬ। ਇਹੀ ਇਕ ਫਲ ਹੈ ਜਿਸ ਨੂੰ ਚੂਸਣ ਲੱਗਿਆਂ ਮਨੁੱਖ ਮੂਹ ਵਿਚ ਪਾਂਦਾ ਹੈ, ਕੱਢਦਾ ਹੈ, ਫਿਰ ਮੂੰਹ ਵਿਚ ਪਾਂਦਾ ਹੈ, ਕੱਢਦਾ ਹੈ। ਇਸ ਫਲ ਲਈ ਘ੍ਰਿਣਾ ਨਹੀਂ ਹੁੰਦੀ ਤੇ ਕੋਈ ਹੋਰ ਵਸਤੂ ਬੰਦਾ ਮੂੰਹ ਵਿਚ ਪਾਵੇ ਤੇ ਫਿਰ ਕੱਢੇ ਤੇ ਖਾਣ ਨੂੰ ਜੀਅ ਨਹੀਂ ਕਰੇਗਾ, ਘ੍ਰਿਣਾ ਪੈਦਾ ਹੁੰਦੀ ਹੈ। ਅੰਬ ਦੀ ਗੁੱਠਲੀ ਸਖ਼ਤ ਦੇਖਕੇ, ਕੌੜੀ ਦੇਖਕੇ ਇੰਝ ਨਾ ਆਖੋ ਕਿ ਅੰਬ ਤਾਂ ਕਿਸੇ ਕੰਮ ਦਾ ਹੀ ਨਹੀਂ। ਹਰ ਇਕ ਕੋਲ ਕੋਈ ਨਾ ਕੋਈ ਗੁਣ ਤਾਂ ਹੈ, ਪਰ ਦੋਖ ਦ੍ਰਿਸ਼ਟ ਅੰਬ ਨਹੀਂ ਦੇਖਦਾ, ਗੁੱਠਲੀ ਨੂੰ ਦੇਖਦਾ ਹੈ। ਦੋਖ ਦ੍ਰਿਸ਼ਟ ਫੁੱਲਾਂ ਨੂੰ ਨਹੀਂ ਦੇਖਦੀ, ਕੰਡਿਆਂ ਨੂੰ ਦੇਖਦੀ ਹੈ। ਦੋਖ ਦ੍ਰਿਸ਼ਟ ਮੋਰ ਦੀ ਕਲਗੀ, ਮੋਰ ਦੇ ਪੰਖ ਨਹੀਂ ਦੇਖਦੀ, ਪੈਰਾਂ ਨੂੰ ਦੇਖਦੀ ਹੈ। ਦੋਖ ਦ੍ਰਿਸ਼ਟ ਹਰ ਇਕ ਦੇ ਔਗੁਣਾਂ ਨੂੰ ਦੇਖਦੀ ਹੈ, ਗੁਣ ਨੂੰ ਨਹੀਂ ਦੇਖਦੀ। ਸ਼ੁਭ ਦ੍ਰਿਸ਼ਠ ਫੁੱਲ ਨੂੰ ਦੇਖਦੀ ਹੈ, ਕੰਡਿਆਂ ਨੂੰ ਨਹੀਂ। ਸ਼ੁਭ ਦ੍ਰਿਸ਼ਟ ਪੰਖ ਨੂੰ ਦੇਖਦੀ ਹੈ, ਪੈਰਾ ਨੂੰ ਨਹੀਂ। ਸ਼ੁਭ ਦ੍ਰਿਸ਼ਟ ਗੁੱਠਲੀ ਨੂੰ ਨਹੀਂ ਦੇਖਦੀ। ਜਿਹੜਾ ਮਨੁੱਖ ਹਰ ਇਕ ਦੇ ਵਿਚ ਗੁਣ ਦੇਖਦਾ ਹੈ, ਗੁਣਾਂ ਨੂੰ ਦੇਖਦਿਆਂ ਦੇਖਦਿਆਂ ਇਕ ਦਿਨ ਪਰਮਾਤਮਾ ਨਾਲ ਸੰਬੰਧ ਜੁੜ ਜਾਂਦਾ ਹੈ। ਹਰ ਇਕ ਦੇ ਵਿਚ ਔਗੁਣ ਦੇਖਦਿਆਂ ਦੇਖਦਿਆਂ ਇਕ ਦਿਨ ਸ਼ੈਤਾਨ ਨਾਲ ਸੰਬੰਧ ਜੁੜ ਜਾਂਦਾ ਹੈ। ਮਨੁੱਖ ਖ਼ੁਦ ਔਗੁਣਾਂ ਦਾ ਸਾਗਰ ਹੀ ਬਣ ਕੇ ਰਹਿ ਜਾਂਦਾ ਹੈ। ਇਕ ਮਿੱਤਰ ਹੈ ਪਰ ਬੜਾ ਉਸ ਨਾਲ ਪਿਆਰ ਹੈ, ਹੁਣ ਉਸਦੇ ਵਿਚ ਜੋ ਕੁਝ ਵੀ ਦਿਖਾਈ ਦਿੰਦਾ ਹੈ ਸ਼ੁਭ ਹੀ ਦਿਖਾਈ ਦਿੰਦਾ ਹੈ, ਕਿਉਂਕਿ ਮਿੱਤਰ ਹੈ। ਇਸਦਾ ਇਹ ਮਤਲਬ ਨਹੀਂ ਕਿ ਉਸਦੇ ਵਿਚ ਅਸ਼ੁੱਭ ਨਹੀਂ ਹੈ। ਜੋ ਮਿੱਤਰ ਹੈ, ਉਸ ਵਿਚ ਭਾਵੇਂ ਦੋਖ ਹੋਵੇ ਤਾਂ ਵੀ ਦਿਖਾਈ ਨਹੀਂ ਦਿੰਦਾ। ਜੋ ਦੁਸ਼ਮਣ ਹੈ, ਭਾਵੇਂ ਉਸ ਵਿਚ ਸ਼ੁਭ ਹੋਵੇ ਤਾਂ ਵੀ ਨਹੀਂ ਦਿਖਾਈ ਦਿੰਦਾ। ਜੇਕਰ ਦੁਸ਼ਮਣ ਵਿਚ ਵੀ ਸ਼ੁਭ ਦਿਖਾਈ ਦੇਣ ਲੱਗ ਪਵੇ ਤਾਂ ਦੁਸ਼ਮਣੀ ਖ਼ਤਮ ਹੋ ਜਾਏਗੀ। ਸ਼ੁਭ ਨਾਲ ਕਿਹੜੀ ਗੱਲ ਦੀ ਦੁਸ਼ਮਣੀ। ਮਿੱਤਰ ਹੈ, ਉਸਦੀ ਹਰ ਗੱਲ ਚੰਗੀ ਲੱਗਦੀ ਹੈ। ਉਸਦੇ ਵਿਚ ਸ਼ੁਭ ਹੀ ਸ਼ੁਭ ਦਿਖਾਈ ਦਿੰਦਾ ਹੈ। ਅੱਧਖੜ ਉਮਰ ਵਿਚ ਅਕਬਰ ਦੇ ਘਰ ਸੰਤਾਨ ਹੋਈ ਸੀ। ਸਲੀਮ ਦਾ ਜਨਮ ਹੋਇਆ ਸੀ ਜੋ ਬਾਅਦ ਵਿਚ ਜਹਾਂਗੀਰ ਬਣਿਆ। ਆਗਰੇ ਦੇ ਮਹਿਲਾਂ ਚਿ ਅਕਬਰ ਸਲੀਮ ਨੂੰ ਆਪ ਖਿਡਾ ਰਿਹਾ ਹੈ। ਰੁੱਕੀ ਹੋਈ ਮਮਤਾ ਅੱਧਖੜ ਉਮਰ ਵਿਚ ਡੁੱਲ-ਡੁੱਲ ਕੇ ਪੈ ਰਹੀ ਸੀ। ਮਹਿਲ ਦੇ ਇਕ ਵੱਡੇ ਹਾਲ ਕਮਰੇ ਵਿਚ ਬੈਠਾ ਹੈ। ਨੌਕਰਾਣੀ ਕਮਰਾ ਸਾਫ਼ ਕਰ ਰਹੀ ਸੀ। ਨੌਕਰਾਣੀ ਨੂੰ ਬੁਲਾ ਕੇ ਕਹਿੰਦਾ ਹੈ ਕਿ ਖ਼ਾਦਮਾ, ਸਲੀਮ ਬਹੁਤ ਹੀ ਖ਼ੂਬਸੂਰਤ ਹੈ। ਨੌਕਰਾਣੀ ਕੀ ਆਖੇ, ਜਹਾਂਪਨਾਹ! ਬਹੁਤ ਹੀ ਖ਼ੂਬਸੂਰਤ ਹੈ। ਅਕਬਰ ਫਿਰ ਕਹਿੰਦਾ ਹੈ, ਖ਼ਾਦਮਾ ਇੰਝ ਲੱਗਦਾ ਹੈ ਖ਼ੁਦਾ ਨੇ ਵਿਹਲੇ ਸਮੇਂ ਵਿਚ ਇਸਨੂੰ ਬਣਾਇਆ ਹੈ। ਸਲੀਮ ਵਰਗਾ ਹੋਰ ਕੋਈ ਨਹੀਂ। ਨੌਕਰਾਣੀ ਕਹਿੰਦੀ ਹੈ, ਹੋ ਵੀ ਕਿਵੇਂ ਸਕਦਾ ਹੈ ਸਲੀਮ ਵਰਗਾ ਹੋਰ ਕੋਈ। ਪਤਾ ਹੈ ਫਿਰ ਅਕਬਰ ਨੇ ਕੀ ਕਿਹਾ-ਖ਼ਾਦਮਾ! ਇੰਝ ਕਰ ਤੈਨੂੰ ਮੈਂ ਤਿੰਨ ਦਿਨ ਦੀ ਛੁੱਟੀ ਦਿੰਦਾ ਹਾਂ। ਤੂੰ ਆਗਰੇ ਵਿਚ ਲੱਭ, ਤੈਨੂੰ ਕੋਈ ਅਜਿਹਾ ਬੱਚਾ ਦਿੱਸ ਪਏ ਜੋ ਸਲੀਮ ਨਾਲੋਂ ਜ਼ਿਆਦਾ ਖ਼ੂਬਸੂਰਤ ਹੋਵੇ ਤਾਂ ਮੈਂ ਉਸਦੇ ਮਾਂ-ਬਾਪ ਤੇ ਬੱਚੇ ਨੂੰ ਮਾਲਾਮਾਲ ਕਰ ਦੇਵਾਂਗਾ। ਜਾ ਲੱਭ। ਤੀਜੇ ਦਿਨ ਸੰਧਿਆ ਦੇ ਸਮੇਂ ਇਹ ਨੌਕਰਾਣੀ ਅਕਬਰ ਦੇ ਸਾਹਮਣੇ ਪ੍ਰਗਟ ਹੋਈ। ਗੋਦ ਵਿਚ ਬੱਚਾ ਹੈ ਚੀਥੜਿਆਂ ਵਿਚ ਲਿਪਟਿਆ ਹੋਇਆ ਅਤੇ ਕਰੂਪ। ਅਕਬਰ ਕਹਿੰਦਾ ਹੈ ਕਿ ਮੈਂ ਤੈਨੂੰ ਕਿਹਾ ਸੀ ਕਿ ਆਗਰੇ ਵਿਚ ਕੋਈ ਖ਼ੂਬਸੂਰਤ ਬੱਚਾ ਲੱਭ ਕੇ ਲਿਆ। ਅਜੇ ਅਕਬਰ ਨੇ ਹੋਰ ਕੁਝ ਕਹਿਣਾ ਸੀ ਕਿ ਵਿਚੋਂ ਨੌਕਰਾਣੀ ਬੋਲ ਪਈ, ਜਹਾਂਪਨਾਹ! ਲੈ ਕੇ ਆਈ ਹਾਂ। ਕਿੱਥੇ ਹੈਂ? ਮੇਰੀ ਗੋਦ ਵਿਚ ਹੈ। ਇਹ ਕਿਸ ਦਾ ਬੱਚਾ ਹੈ? ਇਹ ਮੇਰਾ ਹੀ ਬੱਚਾ ਹੈ। ਜਹਾਂਪਨਾਹ! ਸੱਚ ਪੁੱਛੋ ਤਾਂ ਮੈਨੂੰ ਇਸ ਬੱਚੇ ਨਾਲੋਂ ਆਗਰੇ ਵਿਚ ਹੋਰ ਕੋਈ ਖ਼ੂਬਸੂਰਤ ਦਿਖਾਈ ਹੀ ਨਹੀਂ ਦਿੰਦਾ। ਇਸਦੇ ਸਾਹਮਣੇ ਤੁਹਾਡਾ ਸਲੀਮ ਵੀ ਫਿੱਕਾ ਹੈ। ਜਿਸ ਨਾਲ ਪਿਆਰ ਹੈ, ਉਸਦੇ ਵਿਚ ਸਭ ਕੁਝ ਸ਼ੁਭ ਹੀ ਦਿਖਾਈ ਦਿੰਦਾ ਹੈ। ਉਸਦੀ ਬਦਸੂਰਤੀ ਖ਼ੂਬਸੂਰਤੀ ਦਿਖਾਈ ਦਿੰਦੀ ਹੈ। ਉਸਦੀ ਮੈਲ ਨਿਰਮਲਤਾਈ ਦਿਖਾਈ ਦਿੰਦੀ ਹੈ। ਉਸਦੇ ਔਗੁਣ ਗੁਣ ਦਿਖਾਈ ਦਿੰਦੇ ਹਨ। ਰੱਬ ਦੀ ਨੇਤ ਕਿਸੇ ਗੱਲ 'ਤੇ ਮਿੱਤਰਤਾ ਵਿਚ ਤਕਰਾਰ ਹੋ ਗਈ ਅਤੇ ਕਈ ਸਾਲਾਂ ਦੀ ਮਿੱਤਰਤਾ ਦੁਸ਼ਮਣੀ ਵਿਚ ਬਦਲ ਗਈ। ਦੋ ਬੁਰੇ ਬੋਲਾਂ ਨੇ ਕਈ ਸਾਲਾਂ ਦੀ ਪ੍ਰੀਤ ਨੂੰ ਤੋੜ ਕੇ ਰੱਖ ਦਿੱਤਾ। ਕੱਲ ਤੱਕ ਉਸ ਦੇ ਵਿਚ ਗੁਣ ਹੀ ਗੁਣ ਦਿਖਾਈ ਦਿੰਦਾ ਸੀ, ਅੱਜ ਉਸ ਦੇ ਔਗੁਣ ਹੀ ਔਗੁਣ ਦਿਖਾਈ ਦਿੰਦੇ ਹਨ। ਕਾਰਨ? ਦ੍ਰਿਸ਼ਟੀ ਬਦਲ ਗਈ। ਕੱਲ ਤੱਕ ਸ਼ੁਭ ਦ੍ਰਿਸ਼ਟ ਸੀ, ਅੱਜ ਦੋਖ ਦ੍ਰਿਸ਼ਟ ਹੋ ਗਈ। ਇਸ ਤੋਂ ਇਕ ਗੱਲ ਸਪੱਸ਼ਟ ਹੋ ਗਈ ਕਿ ਮਿੱਤਰਤਾ ਸੰਸਾਰ ਵਿਚ ਸ਼ੁਭ ਦ੍ਰਿਸ਼ਟ ਨਾਲ ਬਣ ਸਕਦੀ ਹੈ, ਦੋਖ ਦ੍ਰਿਸ਼ਟ ਨਾਲ ਨਹੀਂ। ਸਾਰੀਆਂ ਨਦੀਆਂ ਇਕ ਰਸਤੇ ਤੋਂ ਸਾਗਰ ਤੱਕ ਨਹੀਂ ਜਾਂਦੀਆਂ। ਸਤਲੁਜ ਦਾ ਆਪਣਾ ਰਸਤਾ ਹੈ, ਸਿੰਧ ਦਾ ਆਪਣਾ ਰਸਤਾ ਹੈ, ਬ੍ਰਹਮ ਪੁੱਤਰ ਦਾ ਆਪਣਾ ਰਸਤਾ ਹੈ, ਗੰਗਾ ਦਾ ਆਪਣਾ ਰਸਤਾ ਹੈ, ਪਰ ਸਾਰੀਆਂ ਸਾਗਰ ਵਿਚ ਜਾ ਕੇ ਸਾਗਰ ਹੋ ਜਾਂਦੀਆਂ ਹਨ। ਸਾਗਰ ਵਿਚ ਗੰਗਾ ਨੂੰ ਲੱਭੋਗੇ, ਗੰਗਾ ਨਹੀਂ ਲੱਭਦੀ। ਉਥੇ ਬ੍ਰਹਮ ਪੁੱਤਰ ਨਦੀ ਲੱਭਣਾ ਚਾਹੋਗੇ, ਬ੍ਰਹਮ-ਪੁੱਤਰ ਨਹੀਂ ਲੱਭਦੀ, ਸਾਗਰ ਹੀ ਲੱਭਦਾ ਹੈ। ਨਦੀਆਂ ਸਾਗਰ ਵਿਚ ਸਾਗਰ ਹੀ ਹੋ ਜਾਂਦੀਆਂ ਹਨ। ਜਿੰਨੇ ਚਿਰ ਤੱਕ ਜਾਤ ਦਾ ਮਾਣ ਹੈ, ਪਾਤ ਦਾ ਮਾਣ ਹੈ, ਮਜ਼ਹਬ ਦਾ ਮਾਣ ਹੈ, ਮੁਲਕ ਦਾ ਮਾਣ ਹੈ, ਭਾਸ਼ਾ ਦਾ ਮਾਣ ਹੈ, ਇੰਨੀ ਗੱਲ ਸਪੱਸ਼ਟ ਹੈ ਕਿ ਇਹ ਪ੍ਰਮਾਤਮਾ ਵਿਚ ਲੀਨ ਨਹੀਂ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਫੁਰਮਾਣ ਕਰਦੇ ਹਨ- ਨਮਸਤੰ ਅਮਜਬੇ॥
ਨਮਸਤਸਤੁ ਅਜਬੇ॥
{ਜਾਪੁ ਸਾਹਿਬ} ਇਹ ਅਜੇ ਮੁਸਲਮਾਨ ਹੈ, ਇਹ ਖ਼ੁਦਾ ਦਾ ਰੂਪ ਨਹੀਂ ਹੋਇਆ। ਇਹ ਅਜੇ ਹਿੰਦੂ ਹੈ, ਇਹ ਭਗਵਾਨ ਦਾ ਰੂਪ ਨਹੀਂ ਹੋਇਆ। ਇਹ ਅਜੇ ਸਿੱਖ ਹੈ, ਇਹ ਗੁਰੂ ਦਾ ਰੂਪ ਨਹੀਂ ਹੋਇਆ ਕਿ ਗੁਰੂ ਮਾਣ ਨਾਲ ਕਹਿ ਸਕੇ- ਖ਼ਾਲਸਾ ਮੇਰੋ ਰੂਪ ਹੈ ਖ਼ਾਸ। ਸ਼ੁਭ ਦੇਖਣ ਲਈ ਜਾਤ-ਪਾਤ, ਰੰਗ-ਰੂਪ, ਵਰਨ, ਆਕਾਰ, ਮਜ਼੍ਹਬ ਇਕ ਪਾਸੇ ਕਰਨਾ ਪੈਂਦਾ ਹੈ। ਜੇਕਰ ਇਹ ਸਭ ਇਕ ਪਾਸੇ ਗੁਰੂ ਨਾਨਕ ਨਾ ਕਰਦੇ ਤਾਂ ਬਾਬੇ ਫਰੀਦ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਨਹੀਂ ਮਿਲਣੀ ਸੀ। ਸਦਨਾ ਤੇ ਕਬੀਰ ਨੂੰ ਜਗ੍ਹਾ ਨਹੀਂ ਮਿਲਣੀ ਸੀ। ਰਾਮਾਨੰਦ ਤੇ ਪਰਮਾਨੰਦ ਨੂੰ ਥਾਂ ਨਹੀਂ ਮਿਲਣੀ ਸੀ। ਇਕੋ ਹੀ ਅਸਥਾਨ ਹੈ ਤੇ ਸੰਸਾਰ ਦੇ ਇਕੋ ਹੀ ਮਹਾਨ ਧਰਮ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਥੇ ਮੁਰਲੀ ਦੀ ਤਾਨ ਵੀ ਗੂੰਜਦੀ ਪਈ ਹੈ, ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਹੈ। ਇੰਨੀ ਤਾੜਨਾ ਤਾਂ ਸ਼ਾਇਦ ਮੁਸਲਮਾਨ ਨੂੰ ਕੁਰਾਨ ਨੇ ਵੀ ਨਹੀਂ ਕੀਤੀ ਹੋਈ, ਜਿੰਨੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਦੇ ਪਏ ਹਨ ਕਿ ਹੇ ਮੁਸਲਮਾਨ! ਤੇਰੇ ਨਾਲੋਂ ਕੁੱਤਾ ਬਿਹਤਰ ਹੈ। ਉਹ ਸੁਆਮੀ ਦਾ ਘਰ ਨਹੀਂ ਛੱਡਦਾ, ਤੂੰ ਖ਼ੁਦਾ ਦਾ ਘਰ ਛੱਡੀ ਬੈਠਾ ਹੈਂ। ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ॥
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ॥
{ਅੰਗ ੧੪੨੮} ਮਸਜਿਦ ਵਿਚ ਬੁਲਾ ਰਹੇ ਹਨ, ਨਮਾਜ਼ ਵਿਚ ਬੁਲਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ! ਸ਼ੁਭ ਦ੍ਰਿਸ਼ਟ ;ਹਰ ਇਕ ਵਿਚ ਸ਼ੁਭ ਦੇਖਦੀ ਹੈ। ਇਹ ਗੱਲ ਵੱਖਰੀ ਹੈ, ਚਾਹੇ ਮੁਸਲਿਮ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਬੋਧੀ ਹੈ। ਦੋਖ ਦ੍ਰਿਸ਼ਟ ਆਪਣੇ ਭਰਾ ਵਿਚ ਵੀ ਔਗੁਣ ਦੇਖੇਗੀ, ਆਪਣੇ ਸੰਬੰਧੀਆਂ ਵਿਚ ਵੀ ਅੋਗੁਣ ਦੇਖੇਗੀ। ਦੋਖ ਦ੍ਰਿਸ਼ਟ ਕਿਸੇ ਨੂੰ ਆਪਣਾ ਬਣਨ ਹੀ ਨਹੀਂ ਦਿੰਦੀ। ਸ਼ੁਭ ਦ੍ਰਿਸ਼ਟ ਕਿਸੇ ਨੂੰ ਓਪਰਾ ਹੋਣ ਹੀ ਨਹੀਂ ਦਿੰਦੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਹਨ- ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥
{ਅੰਗ ੬੭੧} ਪ੍ਰਕਿਰਤੀ ਤਨ ਨੂੰ ਬਦਲਦੀ ਹੈ, ਮਨ ਤਾਂ ਸਾਨੂੰ ਆਪਣਾ ਆਪ ਹੀ ਬਦਲਣਾ ਪਵੇਗਾ। ਕਿਵੇਂ ਬਦਲਣਾ ਪਵੇਗਾ? ਆਪਣਾ ਮਨ ਇਥੇ ਰੱਖ ਜਾਈਏ, ਗੁਰੂ ਦਾ ਮਨ ਲੈ ਜਾਈਏ। ਮਨੁ ਬੇਚੈ ਸਤਿਗੁਰ ਕੈ ਪਾਸਿ॥
ਤਿਸੁ ਸੇਵਕ ਕੇ ਕਾਰਜ ਰਾਸਿ॥
{ਅੰਗ ੨੮੬} ਗੁਰੂ ਦੇ ਵੀਚਾਰਾਂ ਵਿਚ ਸ਼ੁਭ ਹੀ ਸ਼ੁਭ ਹੈ। ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ! ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ