ਨਾਨਕ ਸਚੇ ਕੀ ਸਾਚੀ ਕਾਰ (ਪਾਰਟ ੩) ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਕ ਬੜਾ ਕੀਮਤੀ ਵਾਕ ਹੈ ਕਿ - "ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ॥" ਤੂੰ ਚਿੰਤਾ ਕਰਨ ਲਈ ਨਹੀਂ ਹੈ, ਤੂੰ ਚਿੰਤਨ ਕਰਨ ਲਈ ਹੈ। ਚਿੰਤਨ ਕਰਨ ਵਾਲੇ ਮਨੁੱਖਾਂ ਨੇ ਹੀ ਕਲਾ ਨੂੰ ਜਨਮ ਦਿੱਤਾ, ਸਾਹਿਤ ਨੂੰ ਜਨਮ ਦਿੱਤਾ, ਸੰਗੀਤ ਨੂੰ ਜਨਮ ਦਿੱਤਾ, ਗਿਆਨ ਨੂੰ ਜਨਮ ਦਿੱਤਾ, ਵਿਗਿਆਨ ਨੂੰ ਜਨਮ ਦਿੱਤਾ, ਧਰਮ ਨੂੰ ਜਨਮ ਦਿੱਤਾ, ਆਤਮਕ ਸ਼ਾਂਤੀ ਨੂੰ ਜਨਮ ਦਿੱਤਾ। ਪਰ ਜੋ ਚਿੰਤਾ ਵਿਚ ਗ੍ਰਸੇ ਰਹੇ, ਉਹਨਾਂ ਨੇ ਇਕ ਤਾਂ ਸੰਸਾਰ ਨੂੰ ਕੁਛ ਨਹੀਂ ਦਿੱਤਾ, ਦੂਸਰਾ ਆਪਣਾ ਤਨ ਵੀ ਐਵੇਂ ਗਵਾਇਆ। ਆਪਣਾ ਸਮਾਂ ਵੀ ਐਵੇ ਬਰਬਾਦ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ ਕਿ ਮਨੁੱਖ ਚਿੰਤਨ ਨਾ ਕਰ ਕੇ ਚਿੰਤਾ ਹੀ ਕਰਦਾ ਹੈ, ਜਿਸ ਕਾਰਨ ਆਪਣੀ ਮਹਾਨਤਾ ਗਵਾ ਬੈਠਦਾ ਹੈ। ਇਸ ਸ਼੍ਰੇਣੀ ਵਿਚ ਬਹੁਤ ਹੀ ਦੁਨੀਆ ਆ ਜਾਂਦੀ ਹੈ। ਸਾਹਿਬ ਕਹਿੰਦੇ ਹਨ-"ਚਿੰਤਨ ਹੀ ਦੀਸੈ ਸਭੁ ਕੋਇ॥" ਮੈਂ ਜਿਥੇ ਤਕ ਦੇਖਦਾਂ ਹਾਂ, ਚਿੰਤਾ ਹੀ ਚਿੰਤਾ ਹੈ। ਮਨੁੱਖ ਦਿਸ ਪਏ, ਫੌਰਨ ਪਤਾ ਚੱਲ ਜਾਂਦਾ ਹੈ ਕਿ ਕਿਸੇ ਚਿੰਤਾ ਵਿਚ ਹੈ। ਚਿੰਤਾ ਦੇ ਪਿਛੇ ਮੂਲ ਕਾਰਣ ਰਿਜ਼ਕ ਹੀ ਹੁੰਦਾ ਹੈ। ਕਿਧਰੇ ਮੇਰਾ ਜੀਵਨ ਨਸ਼ਟ ਨਾ ਹੋ ਜਾਏ, ਕਿਧਰੇ ਮੇਰੇ ਜੀਵਨ ਦੇ ਆਧਾਰ ਨਾ ਖੋ ਜਾਣ। ਇਸ ਤਰ੍ਹਾਂ ਦੀ ਚਿੰਤਾ, ਵਾਸ਼ਨਾ, ਕਾਮਨਾ ਆਦਿ ਦਾ ਸਾਰਾ ਬੋਝ ਮਨੁੱਖ ਦੇ ਦਿਲ ਦਿਮਾਗ਼ ਉੱਤੇ ਪੈ ਜਾਂਦਾ ਹੈ। ਸਾਹਿਬ ਕਹਿੰਦੇ ਹਨ-ਇਸ ਦਾ ਇਕ ਇਲਾਜ ਹੈ-"ਚਿੰਤਤ ਹੀ ਦੀਸੈ ਸਭੁ ਕੋਇ॥
ਚੇਤਹਿ ਏਕੁ ਤਹੀ ਸੁਖੁ ਹੋਇ॥" ਜੇ ਬੰਦਾ ਇਕ ਦਾ ਚਿੰਤਨ ਕਰੇ ਤਾਂ ਫਿਰ ਤਮਾਮ ਚਿੰਤਾਵਾਂ ਦਾ ਅੰਤ ਹੋ ਜਾਂਦਾ ਹੈ ਅਤੇ ਉਸਦੇ ਦਿਲ ਦਿਮਾਗ਼ ਤੋਂ ਰਿਜ਼ਕ ਦੀ ਚਿੰਤਾ ਵੀ ਲਹਿ ਜਾਂਦੀ ਹੈ। ਮਨੁੱਖ ਇੰਜ ਹੋ ਜਾਂਦਾ ਹੈ ਜਿਵੇਂ ਕਮਲ ਦਾ ਫੁਲ ਸੁਗੰਧਤ ਹੋ ਜਾਂਦਾ ਹੈ। ਹੌਲਾ ਹੋ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੁਰਮਾਨ-"ਪਰੰਦਏ ਨ ਗਿਰਾਹ ਜਰ॥
ਦਰਖਤ ਆਬ ਆਸ ਕਰ॥
ਦਿਹੰਦ ਸੁਈ॥
ਏਕੁ ਤੁਈ ਏਕੁ ਤੁਈ॥" ਸਾਹਿਬ ਕਹਿੰਦੇ ਹਨ- ਮੈਂ ਕਿਉਂ ਚਿੰਤਾ ਕਰਾਂ? ਮੈਂ ਦੇਖਦਾ ਹਾਂ ਕਿ ਤੂੰ ਜਿਤਨੇ ਪੰਛੀ ਬਣਾਏ ਹਨ, ਸਭ ਨੂੰ ਰਿਜ਼ਕ ਮਿਲਦਾ ਹੈ। ਤੂੰ ਜਿਤਨੇ ਦਰੱਖਤ ਬਣਾਏ ਹਨ, ਸਭ ਨੂੰ ਰਿਜ਼ਕ ਮਿਲਦਾ ਹੈ, ਉਹਨਾਂ ਨੂੰ ਪਾਣੀ ਮਿਲਦਾ ਹੈ, ਉਹ ਖੜੇ ਹਨ। ਜੰਗਲਾਂ ਦੇ ਜੰਗਲ ਭਰੇ ਪਏ ਹਨ ਦਰੱਖਤਾਂ ਨਾਲ। ਉਹਨਾਂ ਨੂੰ ਕੱਲ ਦੀ ਚਿੰਤਾ ਨਹੀਂ ਕਿ ਪਾਣੀ ਜਮ੍ਹਾ ਕਰ ਲਈਏ। ਪੰਛੀਆਂ ਨੂੰ ਵੀ ਕੱਲ ਦੀ ਚਿੰਤਾ ਨਹੀਂ ਕਿ ਅੰਨ ਦਾ ਗੋਦਾਮ ਭਰ ਲਈਏ। ਦਾਣੇ ਭਰ ਲਈਏ, ਪਤਾ ਨਹੀਂ, ਅੱਜ ਮਿਲੇ ਹਨ, ਕੱਲ ਮਿਲਣ ਕਿ ਨਾ ਮਿਲਣ। ਇਸ ਤਰ੍ਹਾਂ ਦੀ ਬੇਹੁਦਾ ਚਿੰਤਾਵਾਂ ਸਿਰਫ਼ ਮਨੁੱਖ ਹੀ ਕਰਦਾ ਹੈ। ਅੱਜ ਮਿਲਿਐ, ਪਤਾ ਨਹੀਂ ਕੱਲ ਮਿਲਣਾ ਹੈ ਕਿ ਨਹੀਂ। ਇਸਦਾ ਮਤਲਬ ਹੈ ਅੱਜ ਰੱਬ ਹੈ ਕੱਲ ਹੋਵੇਗਾ ਕਿ ਨਹੀਂ? ਅੱਜ ਪਰਮਾਤਮਾ ਹੈ, ਪਤਾ ਨਹੀਂ ਕੱਲ ਪਰਮਾਤਮਾ ਹੋਵੇਗਾ ਕਿ ਨਹੀਂ?- ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਪਾਵਨ ਪਵਿੱਤਰ ਪਉੜੀ ਵਿਚ ਫੁਰਮਾਨ ਹੈ ਕਿ ਪਰਮਾਤਮਾ ਦਾ ਆਸਣ ਹਰ ਥਾਂ 'ਤੇ ਹੈ। ਹਰ ਥਾਂ 'ਤੇ ਹੀ ਉਸਦੇ ਭੰਡਾਰੇ ਹਨ। ਉਸਨੇ ਆਪਣੇ ਭੰਡਾਰਿਆਂ ਵਿਚ ਜੋ ਕੁਛ ਪਾ ਦਿੱਤਾ ਹੈ ਇਕੋ ਦਫ਼ਾ ਪਾ ਦਿੱਤਾ ਹੈ ਇਕੋ ਦਫ਼ਾ ਪਾ ਦਿੱਤਾ ਹੈ। ਜੁਗਾਂ ਜੁਗਾਂਤਰਾਂ ਤੋਂ ਜੀਵ ਉਨ੍ਹਾਂ ਭੰਡਾਰਿਆਂ ਵਿਚੋਂ ਕੱਢ ਰਹੇ ਹਨ, ਪਰ ਭੰਡਾਰਾ ਮੁੱਕਣ ਵਿਚ ਨਹੀਂ ਆ ਰਿਹਾ ਅਤੇ ਨਾ ਹੀ ਮੁੱਕਣਾ ਹੈ। ਜੀਵ ਮੁੱਕ ਜਾਂਦੇ ਹਨ, ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ, ਅਨੰਦ ਰੂਪ ਰਸ ਰੰਗ ਦਾ ਅੰਤ ਨਹੀਂ ਹੁੰਦਾ। ਜਗਤ ਦੇ ਪਦਾਰਥਾਂ ਦਾ ਅੰਤ ਨਹੀਂ ਹੁੰਦਾ। ਪਦਾਰਥ ਤਾਂ ਉਸੇ ਤਰ੍ਹਾਂ ਮੌਜੂਦ ਰਹਿੰਦੇ ਹਨ। ਅਗਰ ਮਨੁੱਖ ਇਸ ਤੋਂ ਸਿਖਿਆ ਲਵੇ, ਤਾਂ ਇਕ ਗੱਲ ਸਪੱਸ਼ਟ ਹੋ ਗਈ ਕਿ ਰਿਜ਼ਕ ਮੌਜੂਦ ਹੈ। ਜਨਮ ਤੋਂ ਪਹਿਲੇ ਦਾ ਮੌਜੂਦ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ- "ਪ੍ਰਥਮੇ ਮਾਖਨੁ ਪਾਛੈ ਦੂਧੁ॥
ਮੈਲੂ ਕੀਨੋ ਸਾਬੁਨੁ ਸੂਧੁ॥" ਤੇਰਾ ਜਨਮ ਬਾਅਦ ਵਿਚ ਹੋਇਆ ਐ ਮਨੁੱਖ। ਮਾਂ ਦੇ ਸਤੰਨ ਪਰੀਪੂਰਨ ਪਰਮਾਤਮਾ ਨੇ ਪਹਿਲੇ ਬਣਾਏ ਅਤੇ ਉਸ ਵਿਚ ਦੁੱਧ ਵੀ ਤੇਰੇ ਜਨਮ ਤੋਂ ਪਹਿਲੇ ਬਣਾਇਆ। ਇਸ ਤੋਂ ਸਿਖਿਆ ਕਿਉਂ ਨਹੀਂ ਲੈਂਦਾ ਕਿ ਰਿਜ਼ਕ ਪਹਿਲੇ, ਜੀਵਨ ਬਾਅਦ ਵਿਚ ਹੈ। ਵਿਧਾਤੇ ਨੇ ਰਿਜ਼ਕ ਦੀ ਤਾਮੀਰ ਪਹਿਲੇ ਕੀਤੀ ਹੈ, ਜੀਵਨ ਦੀ ਉਸਾਰੀ ਉਸ ਨੇ ਬਾਅਦ ਵਿਚ ਕੀਤੀ ਹੈ। ਮਹਾਰਾਜ ਏਥੇ ਫੁਰਮਾਨ ਪਏ ਕਰਦੇ ਹਨ- ਇਕੋ ਹੀ ਦਫ਼ਾ ਉਸਨੇ ਬਰਕਤ ਨਾਲ ਭੰਡਾਰੇ ਸਥਾਪਤ ਕਰ ਦਿੱਤੇ ਹਨ ਜੋ ਅੱਜ ਤਕ ਵੀ ਮੁੱਕਣ ਵਿਚ ਹੀ ਨਹੀਂ ਆਏ: ਕਰਿ ਕਰਿ ਵੇਖੈ ਸਿਰਜਣਹਾਰੁ॥
ਸਿਰਜਨਾ ਕਰਨ ਵਾਲਾ ਪਰੀਪੂਰਨ ਪਰਮਾਤਮਾ ਆਪਣੀ ਸਾਜੀ ਹੋਈ ਸ੍ਰਿਸ਼ਟੀ ਨੂੰ ਬਣਾ ਬਣਾ ਕੇ ਵੇਖਦਾ ਹੈ, ਤੇ ਨਾਲ ਨਾਲ ਸਭ ਲਈ ਰਿਜ਼ਕ ਵੀ ਬਣਾਈ ਜਾ ਰਿਹਾ ਹੈ- "ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥" ਇਸ ਬਾਰੇ ਕਿਉਂ ਭੈ-ਭੀਤ ਹੁੰਦਾ ਹੈ? ਉਹ ਹਰ ਇਕ ਦੇ ਸਿਰ 'ਤੇ ਖੜਾ ਹੈ ਅਤੇ ਸਭ ਤੋਂ ਵੱਡਾ ਰਾਜਕ ਰਹੀਮ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁਰਮਾਨ ਕਰਦੇ ਹਨ-"ਕਿ ਰੋਜੀ ਦਿਹਿੰਦ ਹੈ। ਕਿ ਰਾਜਕ ਰਹਿੰਦ ਹੈ। ਕਿ ਕਾਮਲ ਕਰੀਮ ਹੈ। ਕਿ ਹੁਸਨਲ ਜਮਾਲ ਹੈ।" ਹੇ ਪਰਮਾਤਮਾ! ਤੂੰ ਜਿਥੇ ਅਨੰਤ ਦਾਤਾਂ ਦੇਣ ਵਾਲਾ ਹੈ, ਰਿਜਕ ਦੇਣ ਵਾਲਾ ਹੈ, ਰੋਜੀ ਦੇਣ ਵਾਲਾ ਹੈ, ਤੂੰ ਜੀਵਾਂ ਨੂੰ ਬਣਾ ਕੇ ਸਾਜ ਕੇ ਹੇ ਸਿਰਜਨਹਾਰ ਆਪਣੇ ਜੀਵਾਂ ਨੂੰ ਵੇਖਦਾ ਹੈ, ਸ੍ਰਿਸ਼ਟੀ ਨੂੰ ਵੇਖਦਾ ਹੈ। ਮਹਾਰਾਜ ਫੁਰਮਾਨ ਕਰਦੇ ਹਨ: ਨਾਨਕ ਸਚੇ ਕੀ ਸਾਚੀ ਕਾਰ॥
(ਅਂਗ ੭) ਪਰਮਾਤਮਾ ਸੱਚ ਹੈ, ਉਸਦੀ ਬਣਾਈ ਹੋਈ ਇਹ ਪ੍ਰਕਿਰਤੀ ਵੀ ਸੱਚ ਹੈ। ਇਸ ਵਿਚ ਸਾਰੇ ਦੀ ਸਾਰੀ ਨਿਯਮਾਵਲੀ ਸੱਚ ਹੈ। ਕਿਧਰੇ ਵੀ ਖ਼ਾਮੀ ਲੱਭਣਾ ਦਰਅਸਲ ਆਪਣੀ ਖ਼ਾਮੀ ਪ੍ਰਗਟ ਕਰਨਾ ਹੈ, ਜਿਵੇਂ ਕਿ ਕਹਿ ਦਿੱਤਾ ਹੈ-ਹੇ ਪ੍ਰਭੂ! ਇਹ ਤੇਰੀ ਅਨੀਤੀ ਹੈ, ਇਹ ਤੇਰੀ ਭੁੱਲ ਹੈ। ਇਸ ਤੋਂ ਇਕ ਗੱਲ ਸਪਸ਼ਟ ਹੋ ਗਈ ਕਿ ਮਨੁੱਖ ਆਪਣੀ ਭੁੱਲ ਸਾਹਮਣੇ ਰੱਖ ਰਿਹਾ ਹੈ, ਪ੍ਰਭੁ ਦੀ ਭੁੱਲ ਨਹੀਂ ਹੈ। ਮਹਾਰਾਜ ਕਹਿੰਦੇ ਹਨ- "ਨਾਨਕ ਸਚੇ ਕੀ ਸਾਚੀ ਕਾਰ॥" ਉਸ ਨੇ ਤਾਂ ਜੋ ਕੁਛ ਕੀਤਾ ਹੈ, ਸੱਚ ਹੈ; ਉਸਦੀ ਕਾਰ ਵੀ ਸੱਚੀ ਹੈ। ਉਸ ਵਿਚ ਭੁੱਲ ਲੱਭਣੀ ਬਹੁਤ ਔਖੀ ਗੱਲ ਹੈ। ਕਿਸੇ ਵੀ ਚੀਜ਼ ਵਿਚ ਤਰੁੱਟੀ ਨਹੀਂ। ਹਰ ਚੀਜ਼ ਆਪਣੇ ਆਪ ਵਿਚ ਮੁਕੰਮਲ ਹੈ, ਸੰਪੂਰਨ ਹੈ ਅਤੇ ਸੰਪੂਰਨਤਾ ਵਿਚ ਹੀ ਉਸ ਪਰੀਪੂਰਨ ਪਰਮਾਤਮਾ ਨੇ ਟਿਕਾ ਕੇ ਰੱਖੀ ਹੋਈ ਹੈ: ਆਦੇਸੁ ਤਿਸੈ ਆਦੇਸੁ॥
ਐਸੇ ਪਰੀਪੂਰਨ ਪਰਮਾਤਮਾ ਨੂੰ ਨਮਸਕਾਰ ਹੈ, ਸਜਦਾ ਹੈ, ਆਦੇਸ ਹੈ। ਕਿਸਨੂੰ? ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥
ਆਦਿ ਜਗਤ ਦਾ ਮੁੱਢ ਹੈ। ਅਨੀਲੁ ਜਿਸਦੇ ਵਿਚ ਕੋਈ ਧੱਬਾ ਨਹੀਂ, ਜੋ ਪਵਿੱਤਰਤਾ ਦਾ ਸੋਮਾ ਹੈ। ਅਨਾਦਿ-ਜਿਸਦਾ ਕੋਈ ਆਦਿ ਨਹੀਂ, ਜੋ ਸਾਰਿਆਂ ਦਾ ਮੁੱਢ ਹੈ ਪਰ ਜਿਸਦਾ ਕੋਈ ਮੁੱਢ ਨਹੀਂ। ਇਥੇ ਇਕ ਪ੍ਰਸ਼ਨ ਖੜਾ ਹੋ ਜਾਂਦਾ ਹੈ- ਜੇ ਉਹ ਸਾਰਿਆਂ ਦਾ ਮੁੱਢ ਹੈ, ਤਾਂ ਫਿਰ ਉਸਦਾ ਮੁੱਢ ਕੌਣ ਹੈ? ਪੁਰਾਣੀ ਧਾਰਨਾ ਸੀ ਕਿ ਧਰਤੀ ਬੈਲ ਦੇ ਸਿਰ 'ਤੇ ਖੜੀ ਹੈ। ਤਾਂ ਗੁਰੂ ਨਾਨਕ ਦੇ ਵਜੀ ਮਹਾਰਾਜ ਦਾ ਪ੍ਰਸ਼ਨ-ਬੈਲ ਕਿਥੇ ਖੜਾ ਹੈ? ਜੇ ਆਖੀਏ ਧਰਤੀ 'ਤੇ ਖੜਾ ਹੈ, ਫਿਰ ਉਹ ਧਰਤੀ ਕਿਥੇ ਖੜੀ ਹੈ? ਜੇ ਆਖੀਏ ਬੈਲ 'ਤੇ ਖੜੀ ਹੈ ਤਾਂ ਫਿਰ ਉਹ ਬੈਲ ਕਿਥੇ ਖੜਾ ਹੈ? ਇਸ ਤਰ੍ਹਾਂ ਇਹ ਪ੍ਰਸ਼ਨ ਤਾਂ ਚੱਲਦਾ ਹੀ ਰਹੇਗਾ। ਇਸਦਾ ਕੋਈ ਅੰਤ ਨਹੀਂ ਹੋਵੇਗਾ। ਸਾਹਿਬ ਕਹਿੰਦੇ ਹਨ-ਇੰਜ ਹੀ ਆਖ ਕੇ ਛੁਟਕਾਰਾ ਪਾ ਸਕਦੇ ਹਾਂ ਕਿ ਉਹ ਸਾਰਿਆ ਦਾ ਮੁੱਢ ਹੈ ਪਰ ਉਸਦਾ ਕੋਈ ਵੀ ਮੁੱਢ ਨਹੀਂ। "ਆਦਿ, ਅਨੀਲੁ, ਅਨਾਦਿ, ਅਨਾਹਤਿ" ਜੋ ਨਾਸ ਤੋਂ ਰਹਿਤ ਹੈ, ਜਿਸਨੂੰ ਨਾਸ ਨਹੀਂ ਕੀਤਾ ਜਾ ਸਕਦਾ। ".... ਜੁਗੁ ਜੁਗੁ ਏਕੋ ਵੇਸੁ" ਜੁਗਾਂ ਜੁਗਾਂਤਰਾਂ ਤੋਂ ਇਕੋ ਤਰ੍ਹਾਂ ਵਿਚਰ ਰਿਹਾ ਹੈ। ਇਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁਰਮਾਉਂਦੇ ਹਨ-"ਨ ਘਾਟ ਹੈ, ਨ ਬਾਢਿ ਹੈ, ਨਾ ਘਾਟਿ ਬਾਢਿ ਹੋਤ ਹੈ।" ਜੋ ਘੱਟ ਵੱਧ ਹੁੰਦਾ ਹੈ, ਉਹ ਇਕ ਰਸ ਨਹੀਂ ਹੋ ਸਕਦਾ। ਪਰ ਜੋ ਵੱਧ ਰਿਹਾ ਹੈ ਉਹ ਘਟ ਵੀ ਰਿਹਾ ਹੈ ਜਿਵੇਂ ਕਿ ਭਗਤ ਕਬੀਰ ਜੀ ਕਹਿੰਦੇ ਹਨ-"ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਕਿ ਦਿਨ ਦਿਨ ਅਵਧ ਘਟਤੁ ਹੈ॥" ਜਿਹੜੀ ਜ਼ਿੰਦਗੀ ਉਹ ਲੈ ਕੇ ਆਇਆ ਹੈ, ਨਿਸ਼ਚਿਤ ਜੋ ਸਾਲ ਮਹੀਨੇ ਉਹ ਲੈ ਕੇ ਆਇਆ ਹੈ, ਦਿਨ ਦਿਨ ਕਰ ਕੇ ਉਹ ਘਟ ਰਹੇ ਹਨ। ਇਹ ਠੀਕ ਹੈ ਮਾਂ ਕਹਿ ਰਹੀ ਹੈ ਕਿ ਪੁੱਤਰ ਵੱਡਾ ਹੋ ਰਿਹਾ ਹੈ, ਵੱਡਾ ਹੋ ਰਿਹਾ ਹੈ, ਪਰ ਕਬੀਰ ਜੀ ਕਹਿ ਰਹੇ ਹਨ-ਵੱਡਾ ਜ਼ਰੂਰ ਹੋ ਰਿਹੈ ਪਰ ਨਾਲ ਛੋਟਾ ਵੀ ਹੋ ਰਿਹੈ। ਜੋ ਨਿਸ਼ਚਿਤ ਜ਼ਿੰਦਗੀ ਲੈ ਕੇ ਆਇਆ ਹੈ ਦਿਨ ਦਿਨ ਘਟ ਰਹੀ ਹੈ, ਘਟ ਰਹੀ ਹੈ। ਅਗਰ ਕਹਿ ਦਈਏ ਕਿ ਪਰਮਾਤਮਾ ਵਧ ਰਿਹਾ ਹੈ-ਤਾਂ ਫਿਰ ਘਟਣਾ ਵੀ ਨਾਲ ਜੋੜਨਾ ਪਏਗਾ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ-ਪਰਮਾਤਮਾ ਸਦਾ ਇਕ ਰਸ ਹੈ, ਘਟਣਾ ਤੇ ਵਧਣਾ ਉਸ ਨਾਲ ਨਹੀਂ ਜੋੜਿਆ ਜਾ ਸਕਦਾ। ਜਿਸਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸ਼ਬਦਾਂ ਵਿਚ ਇੰਜ ਫੁਰਮਾਨ ਕਰਦੇ ਹਨ-"ਜੁਗੁ ਜੁਗੁ ਏਕੋ ਵੇਸੁ" ਜੁਗਾਂ ਜੁਗਾਂਤਰਾਂ ਵਿਚ ਜਿਸਦਾ ਇਕੋ ਹੀ ਵੇਸ ਹੈ, ਇਕ ਰਸ ਹੈ, ਇਕ ਰੂਪ ਹੈ, ਵਿਆਪਕ ਹੈ ਅਤੇ ਜਿਸ ਵਿਚ ਘਟਣਾ ਤੇ ਵਧਣਾ ਹੈ ਹੀ ਨਹੀਂ।
ਨਾਨਕ ਸਚੇ ਕੀ ਸਾਚੀ ਕਾਰ (ਪਾਰਟ ੩)
Giani Sant Singh ji Maskeen · ਕਥਾ ਅਤੇ ਲੈਕਚਰ · ੧੪੦ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ