ਅੰਮ੍ਰਿਤ ਵੇਲਾ (ਪਾਰਟ ੧) ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਹਰਿ ਧਨ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ॥
(ਅੰਗ ੭੩੪) ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥
(ਜਪੁਜੀ ਸਾਹਿਬ) ਗੁਰੂ ਰੂਪ ਸਾਧ ਸੰਗਤ ਜੀਉ! ਫਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ, ਅੰਮ੍ਰਿਤ ਵੇਲੇ ਦੀ ਆਪਣੀ ਮਹਾਨਤਾ, ਆਪਣੇ ਬੋਲਾਂ ਵਿਚ, ਆਪਣੇ ਸ਼ਬਦਾਂ ਵਿਚ ਦਰਸਾਈ ਹੈ। ਦਰਅਸਲ ਦੇਖਿਆ ਜਾਏ ਤਾਂ ਪ੍ਰਕਿਰਤੀ ਨੇ ਸਾਡੇ ਸਰੀਰ ਦੀ ਇਹ ਸਿਰਜਣਾ ਕੀਤੀ ਹੈ। ਮੌਸਮੇ ਫਿਜ਼ਾਂ ਵਿਚ ਚਾਰੋਂ ਪਾਸੇ ਪ੍ਰਕਿਰਤੀ ਮੰਡਲ ਉਦਾਸ ਦਿਖਾਈ ਦੇ ਰਿਹਾ ਹੈ। ਇਹਦੇ ਵਿਚ ਰੁੱਤ ਦਾ, ਵਕਤ ਦਾ, ਆਪਣਾ ਪ੍ਰਭਾਵ ਹੈ। ਝੜ ਰਹੇ ਹਨ ਪੱਤੇ ਅਤੇ ਚੱਲ ਰਹੀਆਂ ਹਨ ਹਵਾਵਾਂ। ਡੋਲਦੀਆਂ ਹੋਈਆਂ ਸ਼ਾਖਾਵਾਂ ਆਪਣਾ ਸ਼ਿੰਗਾਰ ਬਦਲਦੀਆਂ ਹਨ। ਉਦਾਸ ਦਿਖਾਈ ਦੇ ਰਹੀਆਂ ਹਨ। ਹੂ-ਬੂ ਹੂ ਮਨੁੱਖ ਦੇ ਮਨ ਦੀ ਪ੍ਰਕਿਰਤੀ ਵੀ ਕੁਝ ਇਸ ਤਰ੍ਹਾਂ ਦੀ ਹੈ ਜੋ ਵੇਖਣ ਨੂੰ ਮਿਲਦੀ ਹੈ ਜ਼ੱਰਾ ਜ਼ੱਰਾ, ਪੱਤਾ ਪੱਤਾ ਖਿੜਿਆ ਹੋਇਆ ਹੈ। ਮੌਸਮੇ ਬਹਾਰ ਹੈ। ਧਰਤੀ ਨੇ ਮਾਨੋ ਬੜਾ ਸੁੰਦਰ ਸ਼ਿੰਗਾਰ ਕੀਤਾ ਹੋਇਆ ਹੈ। ਕਿਧਰੇ ਪੀਲੇ ਰੰਗ ਦਾ, ਕਿਧਰੇ ਗੁਲਾਬੀ ਰੰਗ ਦਾ, ਕਿਧਰੇ ਚਿੱਟੇ ਰੰਗ ਦਾ, ਇਸ ਦਾ ਸੁੰਦਰ ਸ਼ਿੰਗਾਰ-ਮਈ ਬਸਤਰ ਹੈ। ਧਰਤ ਦਾ ਚੱਪਾ ਚੱਪਾ ਸੁਹਾਵਣਾ ਹੋ ਜਾਂਦਾ ਹੈ। ਇਹ ਮੌਸਮੇ ਬਹਾਰ ਮਨੁੱਖ ਦੇ ਮਨ ਦੇ ਉੱਤੇ ਵੀ ਆਪਣਾ ਇਕ ਖਾਸ ਅਸਰ ਪਾਉਂਦਾ ਹੈ। ਗਰਮੀ ਦੀ ਰੁੱਤ ਆ ਗਈ ਹੈ ਤਾਂ ਮਨ ਦੀ ਹਾਲਤ ਕੁਝ ਹੋਰ ਹੋ ਗਈ ਹੈ। ਠੰਡ ਆ ਗਈ ਹੈ ਤਾਂ ਸਰੀਰ ਠਿਠੁਰ ਰਿਹਾ ਹੈ। ਰੁੱਤ ਅਤੇ ਸਮੇਂ ਤੋਂ ਮਨ ਪ੍ਰਭਾਵਿਤ ਹੈ, ਤਨ ਪ੍ਰਭਾਵਿਤ ਹੈ। ਸਰਦੀ ਆ ਗਈ ਹੈ ਤਾਂ ਸਾਨੂੰ ਕੱਪੜੇ ਬਦਲਣੇ ਪੈਂਦੇ ਹਨ। ਮੋਟੇ ਕੱਪੜੇ, ਗਰਮ ਕੱਪੜੇ ਲੱਭਣੇ ਪੈਂਦੇ ਹਨ ਅਤੇ ਗਰਮੀ ਮਜਬੂਰ ਕਰ ਦੇਂਦੀ ਹੈ ਗਰਮ ਕੱਪੜੀਆਂ ਨੂੰ ਇਕ ਪਾਸੇ ਕਰਨ 'ਤੇ। ਹੂ-ਬੂ-ਹੂ ਸਮਾਂ ਹੈ। ਦਿਨ ਦੇ ਚਾਰ ਪਹਿਰ, ਰਾਤ ਦੇ ਚਾਰ ਪਹਿਰ। ਜਿਥੇ ਰੁੱਤ ਦਾ ਅਸਰ ਹੈ, ਮੌਸਮ ਦਾ ਤਨ ਅਤੇ ਮਨ 'ਤੇ ਅਸਰ ਹੈ, ਉਥੇ ਚਾਰ ਪਹਿਰਾਂ ਦਾ, ਜਿਸ ਨੂੰ ਸਮਾਂ ਕਹਿੰਦੇ ਹਨ, ਵਕਤ ਕਹਿੰਦੇ ਹਨ, ਇਸ ਦਾ ਵੀ ਤਨ ਅਤੇ ਮਨ 'ਤੇ ਆਪਣਾ ਪ੍ਰਭਾਵ ਹੈ। ਆਦਿ ਕਾਲ ਤੋਂ ਸੰਤ ਜਨਾਂ ਦੀ ਪਕੜ ਵਿਚ ਆਈ ਹੈ ਇਕ ਗੱਲ ਕਿ ਰਾਤ ਦਾ ਜੋ ਚੌਥਾ ਪਹਿਰ ਹੈ, ਜੇਕਰ ਮਨੁੱਖ ਸਮੇਂ ਸਿਰ ਰਾਤ ਦੇ ਪਹਿਲੇ ਪਹਿਰ ਦੇ ਅੰਤ ਹੁੰਦਿਆਂ ਹੁੰਦਿਆਂ ਸੌਂ ਗਿਆ, ਤਾਂ ਸਰੀਰ ਦੀ ਨੀਂਦ ਰਾਤ ਦੇ ਚੌਥੇ ਪਹਿਰ ਦੇ ਅਰੰਭ ਹੁੰਦਿਆਂ, ਸੰਪੂਰਨ ਹੋ ਜਾਂਦੀ ਹੈ। ਅੱਖਾਂ ਖੁੱਲ੍ਹ ਜਾਂਦੀਆਂ ਹਨ। ਇਹ ਗੱਲ ਵਖਰੀ ਹੈ, ਕਿ ਜੇਕਰ ਮਨੁੱਖ ਸਮੇਂ ਦੇ ਮੁਤਾਬਿਕ ਸੁੱਤਾ ਨਹੀਂ ਤਾਂ ਫਿਰ ਮੁਸ਼ਕਿਲ ਹੈ ਕਿ ਅੰਮ੍ਰਿਤ ਵੇਲੇ ਇਹ ਉੱਠ ਸਕੇ। ਵਕਤ ਸਿਰ ਸੌਂ ਗਿਆ ਤਾਂ ਨਿਯਮ ਪੂਰਵਕ ਪ੍ਰਕਿਰਤੀ ਜਗਾ ਦੇਂਦੀ ਹੈ। ਅਸੀਂ ਦੇਖਦੇ ਹਾਂ ਕਿ ਪ੍ਰਕਿਰਤੀ ਪੰਛੀਆਂ ਨੂੰ ਜਗਾ ਦੇਂਦੀ ਹੈ, ਪਸ਼ੂਆਂ ਨੂੰ ਜਗਾ ਦੇਂਦੀ ਹੈ, ਕਿਉਂਕਿ ਉਹਨਾਂ ਦੀ ਨੀਂਦ ਸੁਭਾਵਿਕ ਹੈ। ਪ੍ਰਕਿਰਤੀ ਹੈ, ਰਾਤ ਦੇ ਪਹਿਲੇ ਪਹਿਰ ਦਾ ਅੰਤ ਹੁੰਦਿਆਂ ਹੁੰਦਿਆਂ ਚਿੜੀਆ, ਪੰਛੀ ਪਸ਼ੂ ਕਰੀਬਨ ਕਰੀਬਨ ਸੌਂ ਜਾਂਦੇ ਹਨ। ਰਾਤ ਦਾ ਚੌਥਾ ਪਹਿਰ ਅਰੰਭ ਹੋਇਆ ਤਾਂ ਚਹਿਚਹਾਂਦੇ ਹੋਏ ਪੰਛੀ ਉੱਠ ਬੈਠਦੇ ਹਨ। ਗਊਆਂ ਉੱਠ ਬੈਠਦੀਆਂ ਹਨ। ਬਛੜੇ ਬੋਲਣ ਲੱਗ ਪੈਂਦੇ ਹਨ। ਸਾਰੇ ਦਾ ਸਾਰਾ ਪਸ਼ੂ ਜਗਤ, ਸਮੇਂ ਤੋਂ ਪ੍ਰਭਾਵਿਤ ਹੈ। ਵਕਤ ਸੁਲਾਉਂਦਾ ਹੈ ਤੇ ਵਕਤ ਜਗਾ ਦੇਂਦਾ ਹੈ। ਮਨੁੱਖ ਨੇ ਆਪਣੀ ਨੀਂਦ ਨੂੰ ਪ੍ਰਕਿਰਤਿਕ ਨਹੀਂ ਰਹਿਣ ਦਿੱਤਾ। ਤੇ ਕਿਧਰੇ ਕਿਧਰੇ ਆਪਣੇ ਜਾਗਣ ਨੂੰ ਵੀ ਪ੍ਰਕਿਰਤਿਕ ਨਹੀਂ ਰਹਿਣ ਦਿੱਤਾ। ਵੈਸੇ ਦੇਖਿਆ ਜਾਏ ਤਾਂ ਇਹ ਖਾਣ ਪਾਣ ਤੇ ਪਹਿਰਾਣ ਵੀ ਪ੍ਰਕਿਰਤਿਕ ਨਿਯਮ ਦੇ ਮੁਤਾਬਿਕ ਨਹੀਂ ਹੈ। ਇਹੀ ਕਾਰਣ ਹੈ ਕਿ ਮਨੁੱਖ ਜਿਵੇਂ ਜਿਵੇਂ ਪ੍ਰਕਿਰਤੀ ਤੋਂ ਦੂਰ ਹੁੰਦਾ ਗਿਆ, ਪਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ। ਪਰਮਾਤਮਾ ਦੇ ਨੇੜੇ ਆਉਣ ਲਈ ਇਸ ਨੂੰ ਪ੍ਰਕਿਰਤੀ ਦੇ ਨੇੜੇ ਆਉਣਾ ਹੀ ਪਏਗਾ। ਪ੍ਰਕਿਰਤੀ ਦਾ ਪ੍ਰਭਾਵ ਕਬੂਲ ਕਰਨਾ ਹੀ ਪਏਗਾ ਅਤੇ ਉਹਦੀ ਨਿਯਮਾਵਲੀ ਨੂੰ ਜ਼ਿੰਦਗੀ ਦਾ ਅੰਗ ਬਣਾਉਣਾ ਹੀ ਪਏਗਾ। ਜੋ ਬਹੁਤੇ ਪੁਰਾਣੇ ਸਮੇਂ ਤੋਂ ਅਧਿਆਤਮਿਕ ਚਿੰਤਨ ਕਰਦੇ ਸਨ, ਹਰ ਵਕਤ ਮਨ ਦੇ ਨਾਲ ਜਿੰਨ੍ਹਾਂ ਦੀ ਸਾਂਝ ਰਹਿੰਦੀ ਸੀ, ਮਨ ਦੀ ਸਾਧਨਾ ਦੇ ਤੱਲ 'ਤੇ ਜਿਉਣ ਵਾਲੇ ਅੰਤਰਮੁੱਖੀ ਪੁਰਸ਼ ਉਹਨਾਂ ਦੀ ਪਕੜ ਵਿਚ ਆਏ। ਰਾਤ ਦਾ ਚੌਥਾ ਪਹਿਰ ਭਜਨ ਲਈ ਬੜਾ ਸਹਾਇਕ ਹੈ। ਬਹੁਤ ਸਹਾਇਕ ਹੈ, ਮਦਦ ਕਰਦਾ ਹੈ। ਕਹਿੰਦੇ ਹਨ ਕਿ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤਾਂ ਭੋਜਨ ਆਲਸ ਪੈਦਾ ਕਰਕੇ ਨੀਂਦ ਲਿਆਉਂਦਾ ਹੈ। ਇਹ ਨੀਂਦ ਉਸ ਭੋਜਨ ਨੂੰ ਪਚਾ ਦੇਂਦੀ ਹੈ ਅਤੇ ਜਦ ਨੀਂਦ ਪੂਰਨ ਤੌਰ 'ਤੇ ਪਚਾ ਦੇਂਦੀ ਹੈ ਤਾਂ ਭਾਰ ਹਲਕਾ ਹੁੰਦਾ ਹੈ। ਆਲਸ ਮਧਮ ਹੁੰਦਾ ਹੈ ਤਾਂ ਇਹ ਜਾਗ ਪੈਂਦਾ ਹੈ। ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ। ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ, ਭਜਨ ਵੀ ਚਾਹੁੰਦਾ ਹੈ। ਇਹ ਸਮਾਂ ਕਹਿੰਦੇ ਹਨ ਕਿ ਸਾਰੇ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਹੈ। ਸਮਾਂ ਮਦਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਸਾਫ ਕਹਿੰਦੇ ਹਨ- ਜੋ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥
(ਅੰਗ ੪੬੮) ਇਕ ਤੇ ਬੀਜ ਠੀਕ ਹੋਵੇ, ਮੁਕੰਮਲ ਹੋਵੇ, ਪਰ ਬੀਜਣ ਵਾਲੀ ਰੁੱਤ ਵੀ ਤਾਂ ਚਾਹੀਦੀ ਹੈ। ਮੌਸਮ ਦੇ ਅਨੂਕੁਲ ਜੋ ਕਿਸਾਨ ਬੀਜ ਨਹੀਂ ਬੀਜਦਾ, ਸਹੀ ਢੰਗ ਨਾਲ ਉਹ ਪ੍ਰਫੁੱਲਤ ਵੀ ਨਹੀਂ ਹੁੰਦਾ। ਉਹ ਪੂਰਨ ਫਸਲ ਦੇ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕਦਾ। ਇਹ ਜੋ ਰਾਤ ਦਾ ਚੌਥਾ ਪਹਿਰ ਹੈ, ਇਸ ਨੂੰ ਸਾਡੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਕਿਹਾ ਹੈ ਕਿ ਇਹ ਬ੍ਰਹਮ ਮੂਹਰਤ ਹੈ। ਇਹ ਬ੍ਰਹਮ ਦੇ ਚਿੰਤਨ ਦਾ ਸਮਾਂ ਹੈ, ਇਹ ਬ੍ਰਹਮ ਨਾਲ ਜੁੜਨ ਦਾ ਵਕਤ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਆਖਿਆ ਹੈ। ਇਸ ਤਰ੍ਹਾਂ ਦਾ ਸਮਾਂ ਜਦੋਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਇਸ ਨੂੰ ਇਸਲਾਮ ਦੇ ਮਹਾਨ ਬਾਨੀ ਮੁਹੰਮਦ ਸਾਹਿਬ ਨੇ ਕਿਹਾ ਹੈ-ਅੱਲ੍ਹਾ ਦੀ ਸਵੇਰ, ਉਹ ਸਵੇਰ ਜੋ ਸੁਭਾਵਿਕ ਅੱਲ੍ਹਾ ਨੂੰ ਚੇਤੇ ਕਰਾ ਦੇਂਦੀ ਹੈ। ਥੋੜਾ ਜਿਹਾ ਵੀ ਕਿਸੇ ਮਨੁੱਖ ਦੇ ਅੰਦਰ ਇਹ ਸਮਾਂ ਬਹੁਤ ਮਦਦ ਕਰਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫੁਰਮਾਣ ਹੈ- ਹਰਿ ਧਨ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ॥
(ਅੰਗ ੭੩੪)
Amrit Vela (Part 1)
Giani Sant Singh ji Maskeen · ਕਥਾ ਅਤੇ ਲੈਕਚਰ · ੧੩੪ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ