ਮਨ ਰੇ ਕਿਉ ਛੂਟਹਿ ਬਿਨੁ ਪਿਆਰ (ਪਾਰਟ ੨)

Giani Sant Singh ji Maskeen · ਕਥਾ ਅਤੇ ਲੈਕਚਰ · ੧੩ / ੩੧੨

ਮਨ ਰੇ ਕਿਉ ਛੂਟਹਿ ਬਿਨੁ ਪਿਆਰ (ਪਾਰਟ ੨) ਸੁੰਦਰ ਮਕਾਨ ਦੇ ਹੁੰਦਿਆਂ, ਕਈਆਂ ਨੂੰ ਦੇਖਿਆ ਗਿਆ ਹੈ ਕਿ ਮਕਾਨ ਦੇ ਵਿਹੜੇ ਵਿਚ ਅਲੱਗ ਜਿਹੀ ਟੱਪਰੀ ਵਿਚ ਰਹਿ ਰਹੇ ਨੇ। ਪੁੱਛਣ 'ਤੇ ਪਤਾ ਚਲਦਾ ਹੈ ਕਿ ਬੱਚੇ ਮਕਾਨ ਨੂੰ ਖ਼ਰਾਬ ਕਰਦੇ ਨੇ; ਲਕੀਰਾਂ ਮਾਰ ਦਿੰਦੇ ਨੇ, ਇਸ ਵਾਸਤੇ ਇਧਰ ਹੀ ਰਹਿੰਦੇ ਹਾਂ। ਤੇ ਫਿਰ ਮਕਾਨ ਦੇ ਬਨਾਉਣ ਦਾ ਮਤਲਬ ਕੀ ਹੋਇਆ। ਜੇ ਵਸਤੂਆਂ ਨੂੰ ਵਰਤੀਏ ਹੀ ਨਾ ਤਾਂ ਸੁਖ ਹਾਸਲ ਕਰਨਾ ਕਠਿਨ ਹੈ। ਸੁਖ ਤਾਂ ਤਦ ਹੀ ਮਿਲ ਸਕਦਾ ਹੈ, ਜੇ ਧਨ ਦੀ ਵਰਤੋਂ ਕਰੀਏ, ਵਸਤੂਆਂ ਦੀ ਵਰਤੋਂ ਕਰੀਏ। ਲੇਕਿਨ ਸਿਖਰ 'ਤੇ ਪਹੁੰਚਿਆ ਹੋਇਆ ਲੋਭ ਤੇ ਵਸਤੂਆਂ ਨਾਲ ਪਿਆਰ, ਉਨ੍ਹਾਂ ਤੋਂ ਸੁਖ ਨਹੀਂ ਲੈਣ ਦਿੰਦਾ।

ਪਿਆਰ ਨਿਸਮ ਨਾਲ, ਪਤੀ ਦਾ ਪਤਨੀ ਨਾਲ, ਪਤਨੀ ਦਾ ਪਤੀ ਨਾਲ, ਇਹ ਪਿਆਰ ਕਾਮ ਕਹਿਲਾਂਦਾ ਹੈ, ਔਰ ਜਿਵੇਂ ਸਿਖਰ 'ਤੇ ਪਹੁੰਚਿਆ ਹੋਇਆ ਲੋਭੀ ਵਸਤੂਆਂ ਤੋਂ ਸੁਖ ਨਹੀਂ ਲੈਂਦਾ, ਇਸ ਤਰ੍ਹਾਂ ਸਿਖਰ 'ਤੇ ਪਹੁੰਚਿਆ ਹੋਇਆ ਕਾਮ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਹੈ। ਕਾਮ ਵਿਚ ਇਕ ਰਸ ਹੈ ਔਰ ਧਨ ਤੇ ਕਾਮ ਕਿਸੇ ਹੱਦ ਤਕ ਬਰਾਬਰੀ ਦਾ ਦਰਜਾ ਰੱਖਦੇ ਨੇ। ਧਨ ਵਧਦਾ ਹੈ, ਕਾਮ ਵਧਦਾ ਹੈ। ਕਾਮ ਵਧਦਾ ਹੈ ਤਾਂ ਕਾਮ ਦੀ ਲਾਲਸਾ ਵਧਦੀ ਹੈ। ਐਸੇ ਮਨੁੱਖਾਂ ਦਾ ਭਗਵਾਨ ਧਨ ਤੇ ਕਾਮ ਹੀ ਹੁੰਦਾ ਹੈ। ਧਨ ਚਾਹੀਦਾ ਹੈ, ਕਾਮ-ਰਸ ਵਾਸਤੇ। ਐਸੇ ਮਨੁੱਖ ਲਈ ਸਰੀਰ ਇਕ ਖਿਡਾਉਣਾ ਹੈ। ਇਤਿਹਾਸ ਦੱਸਦਾ ਹੈ ਕਿ ਕਿਸੇ ਰਾਜੇ ਦੀਆਂ ੪੦੦ ਮਹਾਰਾਣੀਆਂ ਸਨ, ਕਿਸੇ ਨਵਾਬ ਦੀਆਂ ੬੦੦ ਬੇਗਮਾਂ ਸਨ, ਕਿਸੇ ਧਨਾਢ ਦੀਆਂ ਅੱਠ ਇਸਤਰੀਆਂ ਸਨ; ਚੂੰਕਿ ਧਨ ਇਕ ਤਾਕਤ ਹੈ, ਸਮਰੱਥਾ ਹੈ ਔਰ ਇਹ ਧਨ ਦੇ ਨਾਲ ਖ਼ਰੀਦਦਾ ਰਿਹਾ ਹੈ-ਜਿਸਮ।

ਇਹ ੬੦੦ ਬੇਗਮਾਂ ਨਹੀਂ ਸਨ, ਇਹ ਧਨ ਨਾਲ ਖ਼ਰੀਦੇ ਹੋਏ ਜਿਸਮ ਸਨ। ਇਹ ੪੦੦ ਮਹਾਰਾਣੀਆਂ ਨਹੀਂ ਸਨ, ਇਹ ਧਨ ਨਾਲ ਖ਼ਰੀਦੀਆਂ ਹੋਈਆਂ ਵਸਤੂਆਂ ਸਨ। ਧਨਵਾਨ ਦੇਸ਼ ਸਿਖਰ ਦੇ ਕਾਮੀ ਹੋ ਜਾਂਦੇ ਹਨ ਔਰ ਧਨਵਾਨ ਮਨੁੱਖ ਵੀ ਸਿਖਰ ਦਾ ਕਾਮੀ ਹੁੰਦਾ ਹੈ। ਕਾਮ ਦੀ ਪੂਰਤੀ ਲਈ ਧਨ ਕਰਕੇ ਸਹੂਲਤਾਂ ਵਧ ਜਾਂਦੀਆਂ ਹਨ। ਐਸੀ ਦੁਨੀਆ ਵਿਚ ਪਤੀ-ਪਤਨੀ ਦਾ ਪਾਵਨ ਰਿਸ਼ਤਾ ਖਿਡਾਉਣਾ ਬਣ ਕੇ ਰਹਿ ਜਾਂਦਾ ਹੈ, ਜਿਵੇਂ ਗੁੱਡੀ-ਗੁੱਡੇ ਦਾ ਵਿਆਹ। ਇਵੇਂ ਹੀ ਵਿਆਹ ਦੀਆਂ ਰਸਮਾਂ ਰਹਿ ਜਾਂਦੀਆਂ ਹਨ। ਅੱਜ ਵਿਆਹ ਹੈ, ਕੱਲ ਤਲਾਕ ਹੈ। ਇਹ ਧਨਾਢ ਦੇਸ਼ਾਂ ਵਿਚ, ਧਨਾਢ ਪੁਰਸ਼ਾਂ ਵਿਚ ਆਮ ਹੈ। ਕਿਧਰੇ ਕਿਧਰੇ ਤਾਂ ਵਿਆਹ ਕੇਵਲ ਨਾਮ ਦੀ ਇਕ ਰਸਮ ਹੈ ਔਰ ਕਿਧਰੇ ਤਾਂ ਇਹ ਰਸਮ ਵੀ ਨਹੀਂ ਰਹਿ ਜਾਂਦੀ, ਸਿਰਫ਼ ਕਾਮ ਪੂਰਤੀ ਹੀ ਰਹਿ ਜਾਂਦੀ ਹੈ।

ਤੇ ਜਿਸਮ ਦੀ ਅਹਿਮੀਅਤ ਖੋ ਜਾਂਦੀ ਹੈ, ਜਿਸਮ ਦੀ ਮਹਾਨਤਾ ਖੋ ਜਾਂਦੀ ਹੈ। ਪ੍ਰਭੂ ਨੇ ਅਗਰ ਜਗਤ ਵਿਚ ਬਣਾਇਆ ਹੈ ਤੇ ਮਨੁੱਖੀ ਤਨ, ਮਹਾਨ ਤਨ ਬਣਾਇਆ ਹੈ, ਕਿਉਂਕ ਇਹ ਤਨ ਪਰਮਾਤਮਾ ਜੈਸਾ ਬਣ ਸਕਦਾ ਹੈ, ਇਤਨੀਆ ਖ਼ੂਬੀਆਂ ਨੇ ਕਿ ਇਹ ਦੇਵਤਾ ਬਣ ਸਕਦਾ ਹੈ, ਪਰਮਾਤਮਾ ਹੋ ਸਕਦਾ ਹੈ। ਲੇਕਿਨ ਕਾਮ ਵਾਸ਼ਨਾ ਇਸ ਤਨ ਨੂੰ ਸ਼ੈਤਾਨ ਦੇ ਰੂਪ ਵਿਚ ਪ੍ਰਗਟਾ ਦੇਵੇਗੀ, ਅੱਯਾਸ਼ ਬਣਾ ਦੇਵੇਗੀ, ਬਲਾਤਕਾਰੀ ਬਣਾ ਦੇਵੇਗੀ, ਦੁਰਾਚਾਰੀ ਬਣਾ ਦੇਵੇਗੀ। ਪੂਰਨ ਪਿਆਰ ਕੇਵਲ ਪੂਰਨ ਨਾਲ ਹੀ ਹੋ ਸਕਦਾ ਹੈ ਔਰ ਪੂਰਨ ਕੇਵਲ ਪਰਮਾਤਮਾ ਹੈ। ਇਸ ਵਾਸਤੇ ਪੂਰਨ ਪਿਆਰ ਪਰਮਾਤਮਾ ਨਾਲ ਹੀ ਹੋ ਸਕਦਾ ਹੈ। ਜਦ ਪਿਆਰ ਆਪਣੀ ਪੂਰਨਤਾ ਵਿਚ ਹੁੰਦਾ ਹੈ ਤਾਂ ਇਹ ਉਦੋਂ ਹੁੰਦਾ ਹੈ, ਜਦੋਂ ਮਨੁੱਖ ਅਕਲ ਦੀ ਦੁਨੀਆ ਤੋਂ ਅੱਗੇ ਨਿਕਲ ਜਾਂਦਾ ਹੈ।

ਅਕਸਰ ਐਸਾ ਹੁੰਦਾ ਹੈ ਕਿ ਜਦ ਅਕਲ ਅੱਗੇ ਹੁੰਦੀ ਹੈ, ਹਿਰਦਾ ਪਿੱਛੇ ਰਹਿੰਦਾ ਹੈ, ਤੇ ਇਹ ਪਿਆਰ, ਜਿਸ ਵਿਚ ਅਕਲ ਅੱਗੇ ਹੁੰਦੀ ਹੈ, ਹਰ ਇਕ ਨੂੰ ਵਸਤੂ ਬਣਾ ਕੇ ਰੱਖ ਦਿੰਦਾ ਹੈ। ਪਤੀ-ਪਤਨੀ ਵੀ ਵਸਤੂ ਹੋ ਜਾਂਦੇ ਨੇ ਤੇ ਵਸਤੂਆਂ ਤਾਂ ਅੱਗੇ ਹੀ ਵਸਤੂਆਂ ਨੇ। ਲੇਕਿਨ ਜਿਥੇ ਹਿਰਦਾ ਅੱਗੇ ਹੋ ਜਾਂਦੈ ਔਰ ਅਕਲ ਪਿੱਛੇ ਰਹਿ ਜਾਂਦੀ ਹੈ, ਉਥੇ ਸਭ ਕੁਛ ਪਰਮਾਤਮਾ ਹੋ ਜਾਂਦਾ ਹੈ, ਈਸ਼ਵਰ ਹੋ ਜਾਂਦਾ ਹੈ। ਪੂਰਨ ਪਿਆਰ ਹਰ ਇਕ ਲਈ ਹੈ, ਹਿਰਦੇ ਨੂੰ ਸ਼ੁੱਧ ਕਰ ਦੇਵੇਗਾ। ਅਕਲ ਤੋਂ ਅੱਗੇ ਦੀ ਦੁਨੀਆ ਲਗਭਗ: ਸਰਹਦੇ ਅਕਲ ਸੇ ਜਬ ਗੁਜ਼ਰੇ ਤਬ ਪਹੁੰਚੇ। ਅਕਲ ਦੀ ਸਰਹੱਦ ਤੋਂ ਲੰਘ ਕੇ ਹੀ ਪਰਮਾਤਮਾ ਦੇ ਵਿਚ ਪ੍ਰਵੇਸ਼ ਹੁੰਦਾ ਹੈ।

ਐਸਾ ਮਨੁੱਖ ਜਗਤ ਲਈ ਸਮਦ੍ਰਿਸ਼ਟ ਹੋ ਜਾਂਦਾ ਹੈ। ਉਸ ਤੋਂ ਕਿਸੇ ਨੂੰ ਵੀ ਚੋਟ ਨਹੀਂ ਪਹੁੰਚਦੀ। ਲਿਹਾਜ਼ਾ ਪਿਆਰ ਵਿਚ ਜਦ ਲੋਭ ਹੁੰਦਾ ਹੈ ਤਾਂ ਐਸਾ ਮਨੁੱਖ ਕੇਵਲ ਉਨ੍ਹਾਂ ਵਸਤੂਆਂ ਨੂੰ ਚੋਟ ਨਹੀਂ ਪਹੁੰਚਾਉਂਦਾ, ਜੋ ਵਸਤੂਆਂ ਉਸ ਦੀਆਂ ਆਪਣੀਆਂ ਹੁੰਦੀਆਂ ਹਨ; ਜਿਸ ਜਿਸਮ ਨਾਲ ਉਸਦਾ ਕਾਮ ਕਰਕੇ ਸੰਬੰਧ ਜੁੜਿਆ ਹੋਇਐ, ਉਸਨੂੰ ਚੋਟ ਨਹੀਂ ਪਹੁਮਚਾਏਗਾ। ਕਿਸੇ ਸ਼ੈਅ ਨੂੰ ਚੋਟ ਨਹੀਂ ਪਹੁੰਚਾਏਗਾ, ਜੋ ਉਸਦੀ ਆਪਣੀ ਹੈ। ਲੇਕਿਨ ਪਿਆਰ ਅਗਰ ਸਮੱਗਰ ਹੈ, ਸੰਪੂਰਨ ਹੈ, ਐਸਾ ਮਨੁੱਖ ਹੁਣ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁਮਚਾਏਗਾ, ਨਾ ਆਪਣੇ ਨੂੰ, ਨਾ ਪਰਾਏ ਨੂੰ। ਤੇ ਪਿਆਰ ਤੇ ਇਨਸਾਫ਼ ਇਕੱਠੇ ਹੀ ਜੁੜੇ ਹੋਏ ਨੇ, ਇਸ ਵਾਸਤੇ ਪਿਆਰ ਵਿਚ ਲੀਨ ਮਨੁੱਖ ਕਦੇ ਬੇਨਿਸਾਫ਼ੀ ਨਹੀਂ ਕਰੇਗਾ; ਕਤਈ ਅਨਿਆਇ ਨਹੀਂ ਕਰੇਗਾ।

ਸਾਰਿਆਂ ਨਾਲ ਹੀ ਪਿਆਰ ਹੈ, ਕਿਸੇ ਨਾਲ ਛਲ ਨਹੀਂ ਕਰੇਗਾ, ਧੋਖਾ ਨਹੀਂ ਕਰੇਗਾ, ਕਪਟ ਨਹੀਂ ਕਰੇਗਾ। ਲੋਭ ਕਰਕੇ, ਕਾਮ ਕਰਕੇ, ਪਿਆਰ ਜਦ ਸੀਮਾ ਵਿਚ ਹੁੰਦਾ ਹੈ, ਤਾਂ ਜਿਨ੍ਹਾਂ ਨਾਲ ਮੋਹ ਹੈ, ਜੋ ਆਪਣੇ ਨੇ, ਉਨ੍ਹਾਂ ਨੂੰ ਤਾਂ ਚੋਟ ਤੋਂ ਬਚਾਉਣ ਦਾ ਜਤਨ ਕਰੇਗਾ, ਪਰ ਬਾਕੀਆਂ ਨੂੰ ਚੋਟ ਪਹੁੰਚਾਏਗਾ। ਔਰ ਜਿਤਨਾ ਵੀ ਸ਼ਕਤੀਸ਼ਾਲੀ ਹੋਵੇਗਾ, ਉਤਨੀ ਹੀ ਜ਼ਿਆਦਾ ਚੋਟ ਪਹੁਮਚਾਏਗਾ। ਕੋਈ ਪੂਰੇ ਦੇਸ਼ ਨੂੰ ਚੋਟ ਪਹੁੰਚਾਏਗਾ, ਕੋਈ ਪੂਰੀ ਕੌਮ ਨੂੰ ਚੋਟ ਪਹੁੰਚਾਏਗਾ। ਕੋਈ ਪੂਰੇ ਪਰਿਵਾਰ ਨੂੰ ਚੋਟ ਪਹੁੰਚਾਏਗਾ, ਕੋਈ ਕਿਸੇ ਵਿਅਕਤੀ ਨੂੰ ਚੋਟ ਪਹੁੰਚਾਏਗਾ। ਸੰਸਾਰ ਵਿਚ ਵਿਅਕਤੀ ਤੋਂ ਹੀ ਵਿਅਕਤੀ ਚੋਟਾਂ ਖਾਂਦਾ ਹੈ; ਔਰ ਅਗਰ ਸਾਰੀ ਮਾਨਵਤਾ ਲਹੂ-ਲੁਹਾਨ ਹੈ ਤਾਂ ਮਨੁੱਖਾਂ ਕਰਕੇ ਹੀ ਹੈ, ਮਨੁੱਖ ਨੂੰ ਮਨੁੱਖ ਤੋਂ ਹੀ ਚੋਟ ਪੁਜਦੀ ਹੈ।

ਤਾਕਤਵਰ ਮਨੁੱਖ ਕਮਜ਼ੋਰ ਮਨੁੱਖ ਨੂੰ ਚੋਟ ਪਹੁੰਚਾਈ ਜਾ ਰਿਹਾ ਹੈ। ਲੋਭ ਕਰਕੇ, ਮੋਹ ਕਰਕੇ, ਕਾਮ ਕਰਕੇ। ਜੋ ਉਸਦਾ ਆਪਣਾ ਹੈ, ਉਸ ਨੂੰ ਚੋਟ ਨਹੀਂ ਪਹੁੰਚਾਏਗਾ, ਲੇਕਿਨ ਜੋ ਮੋਹ ਦੇ ਦਾਇਰੇ ਵਿਚ ਨਹੀਂ ਆਉਂਦਾ, ਇਹ ਉਸ ਨੂੰ ਚੋਟ ਪਹੁੰਚਾਉਂਦਾ ਹੈ। ਛਲ ਕਰਦਾ ਹੈ, ਕਪਟ ਕਰਦਾ ਹੈ। ਅਦਾਲਤਾਂ ਇਨਸਾਫ਼ ਦੇਣ ਵਿਚ ਅਸਮਰੱਥ ਨੇ। ਫ਼ੌਜ ਤੇ ਪੁਲੀਸ ਵੀ ਅਸਮਰੱਥ ਨੇ। ਐਸਾ ਕਿਹੜਾ ਦੇਸ਼ ਹੈ, ਜਿਥੇ ਚੋਰੀ ਨਹੀ; ਐਸਾ ਕਿਹੜਾ ਦੇਸ਼ ਹੈ, ਜਿਥੇ ਦੁਰਾਚਾਰ ਨਹੀਂ, ਕਿਉਂਕਿ ਲੋਭੀ ਅਤੇ ਕਾਮੀ ਹਰ ਜਗ੍ਹਾ ਮੌਜੂਦ ਨੇ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ