ਮਨੁੱਖੀ ਭਵਿੱਸ਼

Giani Sant Singh ji Maskeen · ਕਥਾ ਅਤੇ ਲੈਕਚਰ · ੧੨੫ / ੩੧੨

ਮਨੁੱਖੀ ਭਵਿੱਸ਼ ਫਰਵਰੀ ਦੇ ਮਹੀਨੇ ਮੈਂ ਕਾਨਪੁਰ ਸੀ। ਹਰ ਸਾਲ ਉਥੇ ਕਥਾ ਹੁੰਦੀ ਹੈ। ਇਕ ਸੱਜਣ ਨੇ ਮੈਨੂੰ ਦਿੱਲੀ ਤੋਂ ਫੋਨ ਕੀਤਾ ਅਤੇ ਕੀਤਾ ਵੀ ਅੰਮ੍ਰਿਤ ਵੇਲੇ। ਅੱਜ ਤਾਂ ਜੀਵਨ ਵਿੱਚੋਂ ਅੰਮ੍ਰਿਤ ਵੇਲੇ ਖਿੰਡ ਗਏ ਨੇ। ਉਹੋ ਸਮਾਂ ਬੰਦਗੀ ਕਰਨ ਦਾ ਹੁੰਦੈ, ਉਹੋ ਸਮਾਂ ਬੰਦਾ ਨਿਕੰਮੇ ਜਿਹੇ ਕੰਮਾਂ ਵਿਚ ਗੁਆ ਛੱਡਦੈ। ਅੰਮ੍ਰਿਤ ਵੇਲੇ ਮੈਨੂੰ ਫੋਨ ਕਰ ਕੇ ਕਹਿੰਦਾ-ਮਸਕੀਨ ਜੀ! ਮੈਂ ਸੁਣਿਐ, ਤੁਸੀਂ ਭਵਿੱਸ਼ ਵਕਤਾ ਹੋ। ਹਰ ਇਕ ਦਾ ਭਵਿੱਸ਼ ਵੀ ਜਾਣਦੇ ਹੋ। ਮੈਂ ਕਿਹਾ-ਹਾਂ ਜਾਣਦਾ ਹਾਂ। ਭਵਿੱਸ਼ ਵੀ ਜਾਣਦਾਂ। ਕਹਿੰਦਾ ਕੀ ਅੱਛਾ! ਐਤਕੀਂ ਹੁਣ ਤੁਸੀਂ ਦਿੱਲੀ ਕਦੋਂ ਆਉਂਗੇ। ਮੈਂ ਕਿਹਾ ਕਿ ਮੇਰਾ ਅਗਲੇ ਮਹੀਨੇ ਦਿੱਲੀ ਪ੍ਰੋਗਰਾਮ ਹੈ।

ਕਹਿੰਦਾ-ਫਿਰ ਅਸੀਂ ਤੁਹਾਡੇ ਕੋਲ ਆਵਾਂਗੇ। ਅਸੀਂ ਤੁਹਾਡੇ ਕੋਲੋਂ ਆਪਣਾ ਭਵਿੱਸ਼ ਪੁੱਛਣੈ। ਮੈਂ ਕਿਹਾ-ਉਦੋਂ ਤਕ ਤਾਂ ਬੜੇ ਦਿਨ ਪਏ ਨੇ। ਮੈਂ ਤੈਨੂੰ ਹੁਣੇ ਭਵਿੱਸ਼ ਦੱਸ ਦੇਨਾਂ। ਕਹਿੰਦਾ-ਟੈਲੀਫੋਨ 'ਤੇ ਹੀ ਦੱਸ ਦਿਉਗੇ? ਮੈਂ ਕਿਹਾ-ਹਾਂ, ਟੈਲੀਫੋਨ 'ਤੇ ਦੱਸ ਦਿਆਂਗੇ। ਤੇ ਕਹਿਣ ਲੱਗਾ-ਫਿਰ ਦੱਸੋ, ਮੇਰਾ ਭਵਿੱਸ਼ ਕੀ ਹੈ? ਮੈਂ ਕਿਹਾ-ਨਿਰਾ ਤੇਰਾ ਹੀ ਨਹੀਂ, ਸਾਰੀ ਦੁਨੀਆ ਦੇ ਮਨੁੱਖਾ ਦਾ ਭਵਿੱਸ਼ ਹੈ-ਪਰਮਾਤਮਾ ਹੋਣਾ। ਸਾਰੀ ਦੁਨੀਆ ਦੀ ਬਨਸਪਤੀ ਦਾ ਭਵਿੱਸ਼ ਹੈ-ਪਰਮਾਤਮਾ ਹੋਣਾ। ਸਾਰੇ ਪੱਥਰਾਂ ਦਾ ਭਵਿੱਸ਼ ਹੈ-ਪਰਮਾਤਮਾ ਹੋਣਾ। ਜਿਤਨੇ ਚਿਰ ਤਕ ਨਹੀਂ ਹੋ ਜਾਂਦੇ, ਇਹ ਬਣਦੇ ਰਹਿਣਗੇ, ਮਿੱਟਦੇ ਰਹਿਣਗੇ।

ਜੰਮਦੇ ਰਹਿਣਗੇ, ਮਰਦੇ ਰਹਿਣਗੇ। ਸਾਰੀ ਕਾਇਨਾਤ ਦਾ ਭਵਿੱਸ਼ ਹੈ-ਪਰਮਾਤਮਾ ਹੋਣਾ। ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਏ, ਜਿੱਥੋਂ ਸਫ਼ਰ ਸ਼ੁਰੂ ਹੋਇਆ ਹੈ, ਮੁੱਕਣਾ ਵੀ ਉਥੇ ਆ ਕੇ ਹੈ। ਰੱਬ ਤੋਂ ਹਰੇਕ ਜੀਵ ਦੀ ਯਾਤਰਾ ਆਰੰਭ ਹੋਈ ਹੈ ਔਰ ਰੱਬ ਵਿਚ ਅਭੇਦ ਹੋ ਕੇ ਹੀ ਇਹ ਯਾਤਰਾ ਪੂਰੀ ਹੋਣੀ ਹੈ। ਇਸ ਲਈ ਕਿਸੇ ਨੂੰ ਕੋਈ ਮੁਗ਼ਾਲਤਾ ਨਾ ਰਹੇ, ਸਭ ਦਾ ਭਵਿੱਸ਼ ਪਰਮਾਤਮਾ ਹੋਣਾ ਹੈ। ਇਸ ਵਾਸਤੇ ਜਿਤਨਾ ਕੋਈ ਜਲਦੀ ਸਿਮਰਨ ਕਰਨਾ ਸ਼ੁਰੂ ਕਰ ਦੇਵੇਗਾ, ਉਤਨਾ ਹੀ ਜਲਦੀ ਪਰਮਾਤਮਾ ਵਿਚ ਲੀਨ ਹੋ ਜਾਵੇਗਾ। ਇਹੋ ਹੀ ਮਨੁੱਖ ਦਾ ਭਵਿੱਸ਼ ਹੈ। ਮੈਥੋਂ ਇਹ ਸੁਣ ਕੇ ਉਹ ਕਹਿਣ ਲੱਗਾ ਕਿ ਇਹ ਤਾਂ ਗੱਲ ਹੀ ਹੋਰ ਨਿਕਲੀ ਐ। ਮੈਂ ਕਿਹਾ-ਕਿਹੜੇ ਚੱਕਰਾਂ ਵਿਚ ਪਏ ਫਿਰਦੇ ਹੋ। ਆਪਣਾ ਵਰਤਮਾਨ ਸੁਆਰੋ, ਭਵਿੱਸ਼ ਆਪੇ ਸੰਵਰ ਜਾਏਗਾ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ