ਮਨਿ ਜੀਤੈ ਜਗੁ ਜੀਤੁ (ਪਾਰਟ ੧)

Giani Sant Singh ji Maskeen · ਕਥਾ ਅਤੇ ਲੈਕਚਰ · ੧੧੪ / ੩੧੨

ਮਨਿ ਜੀਤੈ ਜਗੁ ਜੀਤੁ (ਪਾਰਟ ੧) ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

ਗੁਰਮਤਿ ਦੇ ਖੋਜੀਆਂ ਦੀ ਦ੍ਰਿਸ਼ਟੀ ਵਿਚ ਸਿੱਧਾਂ ਨਾਲ ਹੋਈ ਚਰਚਾ 'ਸਿਧ ਗੋਸਟਿ' ਹੈ। ਭਾਵੇਂ ਜਪੁਜੀ ਸਾਹਿਬ ਦੀਆਂ ਅਠੱਤੀ ਪਉੜੀਆਂ ਅਤੇ ਦੋ ਸਲੋਕਾਂ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਹਮ ਗਿਆਨ, ਬ੍ਰਹਮ ਦ੍ਰਿਸ਼ਟੀ, ਬ੍ਰਹਮ ਦੀ ਸੂਝ ਸਮਝ ਜਗਤ ਦੇ ਸਾਹਮਣੇ ਰੱਖੀ ਹੈ ਇਸ ਵਿਚ ਜੋਗੀਆਂ ਦੇ ਉਸ ਵਕਤ ਚੱਲ ਰਹੇ ਇਕ ਮੁੱਖੀ ਸੰਪਰਦਾ ਨਾਲ ਹੋਈ ਚਰਚਾ, ਸਵਾਲ-ਜਵਾਬ ਦੇ ਰੂਪ 'ਚ ਬਾਕਾਇਦਾ ਮਿਲਦੀ ਹੈ। ੨੮ ਤੋਂ ੩੧ ਪਉੜੀਆਂ ਵਿਚ ਅਜੇਹੀ ਝਲਕ ਮਿਲਦੀ ਹੈ। ਇਨ੍ਹਾਂ ਚਾਰ ਪਉੜੀਆਂ ਵਿਚ ਇਕ ਮੂਲ ਪੰਕਤੀ ਚੱਲਦੀ ਹੈ-"ਆਦੇਸੁ ਤਿਸੈ ਆਦੇਸੁ॥" ਪਰੀਪੁਰਨ ਪਰਮਾਤਮਾ ਸਭ ਦਾ ਆਦਿ ਭਾਵ ਮੁੱਢ ਹੈ, ਮੂਲ ਹੈ। "ਅਨੀਲੁ", ਧੱਬਿਆਂ ਤੋਂ ਰਹਿਤ ਹੈ, ਕਾਲਖ ਤੋਂ ਰਹਿਤ ਹੈ, ਲੁਭਾਏਮਾਨ ਨਹੀਂ। "ਅਨਾਦਿ ਅਨਾਹਤਿ" ਫਿਰ ਵੀ ਅਗਰ ਕੋਈ ਉਸ ਦਾ ਆਦਿ ਲੱਭਣ ਦੀ ਕੋਸ਼ਿਸ਼ ਕਰੇ ਤਾਂ ਉਸਦਾ ਕੋਈ ਆਦਿ ਨਹੀਂ ਮਿਲੇਗਾ। ਜਗਤ ਦਾ ਮੁੱਢ ਤਾਂ ਹੈ ਪਰ ਉਸਦਾ ਆਪਣਾ ਕੋਈ ਮੁੱਢ ਨਹੀਂ। ਉਹ ਸੰਸਾਰ ਦਾ ਮੂਲ ਤਾਂ ਹੈ ਪਰ ਉਸਦਾ ਮੂਲ ਨਹੀਂ ਹੈ। ਇਸ ਵਾਸਤੇ ਕਹਿ ਦਿੱਤਾ ਹੈ "ਅਨਾਦਿ" ਭਾਵ ਜਿਸਦੀ ਅਰੰਭਤਾ ਦਾ ਕੋਈ ਸਮਾਂ ਨਹੀਂ ਹੈ। "ਅਨਾਹਤਿ" ਹੱਤਿਆ ਤੋਂ ਰਹਿਤ ਹੈ, ਭਾਵ ਨਾਸ ਹੋਣ ਤੋਂ ਰਹਿਤ ਹੈ, ਉਸਨੂੰ ਨਾਸ ਨਹੀਂ ਕੀਤਾ ਜਾ ਸਕਦਾ। "ਜੁਗੁ ਜੁਗੁ ਏਕੋ ਵੇਸੁ" ਜਿਸਦਾ ਜੁਗਾਂ ਜੁਗਾਂਤਰਾਂ ਵਿਚ ਨਿਹਚਲ ਵੇਸ ਹੈ, ਇਕ ਰੂਪ ਹੈ, ਨਿਰਾਕਾਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ-ਐ ਜੋਗੀਓ! ਅਸੀਂ ਉਸੇ ਨੂੰ ਆਦੇਸ਼ ਕਰਦੇ ਹਾਂ। "ਆਦੇਸੁ ਤਿਸੈ ਆਦੇਸੁ॥" ਉਸ ਨੂੰ ਸਜਦਾ ਹੈ, ਨਮਸਕਾਰ ਹੈ, ਜੋ ਜਗਤ ਦਾ ਮੁੱਢ ਹੈ ਤੇ ਜਿਸਦਾ ਆਪਣਾ ਕੋਈ ਮੁੱਢ ਨਹੀਂ, ਜੇ ਧੱਬਿਆਂ ਤੋਂ ਰਹਿਤ ਹੈ, ਨਾਸ ਹੋਣ ਤੋਂ ਰਹਿਤ ਹੈ ਤੇ ਜਿਸਦਾ ਜੁਗਾਂ ਜੁਗਾਂਤਰਾਂ ਤੋਂ ਇਕੋ ਵਸ ਹੈ। ਜੋਗ ਮੱਤ ਦੇ ਕੁਛ ਧਾਰਮਿਕ ਚਿੰਨ੍ਹ ਹਨ, ਤੇ ਉਹ ਧਾਰਮਿਕ ਚਿੰਨ੍ਹਾਂ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਮੰਨਦੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮਝਾਉਣ ਦਾ ਢੰਗ ਉਨ੍ਹਾਂ ਦੀ ਆਪਣੀ ਸੰਪਰਦਾ ਦੀ ਵਿਚਾਰਧਾਰਾ ਅਤੇ ਚਿੰਨ੍ਹਾਂ ਦੁਆਰਾ ਹੀ ਉਸ ਨੂੰ ਸੂਝ ਬੂਝ ਕਰਾ ਦੇਣੀ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਿਰਦੇ ਵਿਚ ਸਬ ਲਈ ਦਰਦ ਤੇ ਦਇਆ ਦਾ ਪ੍ਰਤੀਕ ਹੈ ਕਿ ਕਿਸੇ ਦਾ ਦਿਲ ਨਾ ਟੁੱਟੇ, ਕਿਸੇ ਨੂੰ ਚੋਟ ਨਾ ਪਹੁੰਚੇ। ਇੰਜ ਜਾਪਦਾ ਹੈ ਕਿ ਜੋਗੀਆਂ ਨੇ ਜਦ ਪ੍ਰਸ਼ਨ ਕੀਤਾ ਕਿ ਮਹਾਰਾਜ! ਤੁਸੀਂ ਕੌਣ ਹੋ? ਤਾਂ ਸਾਹਿਬ ਕਹਿੰਦੇ ਹਨ-ਮੈਂ ਜੋਗੀ ਹਾਂ। ਪਰ ਕੈਸੇ ਜੋਗੀ ਹੋ ਕਿ ਤੁਹਾਡੇ ਕੰਨਾਂ ਵਿਚ ਮੁੰਦਰਾਂ ਨਹੀਂ ਹਨ, ਤੁਹਾਡੇ ਹੱਥ ਵਿਚ ਖੱਪਰ ਨਹੀਂ ਹੈ ਤੁਹਾਡੇ ਕੋਲ ਝੋਲੀ ਨਹੀਂ ਹੈ, ਤੁਹਾਡੇ ਪਿੰਡੇ 'ਤੇ ਸੁਆਹ ਨਹੀਂ ਮਲੀ ਹੋਈ, ਤੁਸੀ ਖਿੰਥਾ ਨਹੀਂ ਪਹਿਨੀ, ਤੁਸੀਂ ਜੋਗੀਆ ਦੀ ਤਰ੍ਹਾਂ ਨਾ ਹੱਥ ਵਿਚ ਡੰਡਾ ਧਾਰਨ ਕੀਤਾ ਹੈ। ਤਾਂ ਫਿਰ ਕਿਸ ਤਰ੍ਹਾਂ ਮੰਨ ਲਈਏ ਕਿ ਤੁਸੀਂ ਜੋਗੀ ਹੋ? ਤੇ ਮਹਾਰਾਜ ਕਹਿੰਦੇ ਹਨ-ਸਰੀਰ ਨੇ ਤਾਂ ਇਥੇ ਨਾਸ ਹੋ ਜਾਣਾ ਹੈ, ਤਾਂ ਹੁਣ ਤੁਸੀਂ ਦੱਸੋ ਸਰੀਰ ਨੂੰ ਜੋਗੀ ਬਣਾਉਣਾ ਹੈ, ਮਨ ਨੂੰ ਜੋਗੀ ਕਿਵੇਂ ਬਣਾਉਣਾ ਹੈ। ਅਗਰ ਮਨ ਨੂੰ ਜੋਗੀ ਬਣਾਉਣਾ ਹੈ, ਤਾਂ ਮੈਂ ਮਨ ਦੇ ਸਾਰੇ ਚਿੰਨ੍ਹ ਧਾਰਨ ਕੀਤੇ ਹਨ। ਅਗਰ ਤੁਸੀਂ ਆਖੋ ਤਨ ਨੂੰ ਜੋਗੀ ਬਣਾਉਣਾ ਹੈ, ਤਾਂ ਸ਼ਾਇਦ ਇਹ ਰੂਪ ਰੇਖਾ ਨਾ ਮਿਲੇ। ਤੇ ਸਾਹਿਬ ਦੱਸਦੇ ਹਨ ਕਿ ਅਸੀਂ ਬਾਕਾਇਦਾ ਮੁੰਦਰਾਂ ਧਾਰਨ ਕੀਤੀਆਂ ਹਨ, ਅਸੀਂ ਸੰਤੋਖ ਦੀਆਂ ਮੁੰਦਰਾਂ ਪਹਿਨੀਆਂ ਹਨ। ਜਗਤ ਗੁਰੂ ਬਾਬਾ ਸੰਤੋਖ ਨੂੰ ਈਸ਼ਵਰ ਪ੍ਰਾਪਤੀ ਦਾ ਮੂਲ ਗੁਣ ਮੰਨਦੇ ਹਨ। ਜੇ ਜਗਤ ਤੋਂ ਹੀ ਨਹੀਂ ਰੱਜਿਆ, ਉਸਦੇ ਅੰਦਰ ਪ੍ਰਭੂ ਪ੍ਰਾਪਤੀ ਦੀ ਕੋਈ ਚੇਸ਼ਟਾ ਪੈਦਾ ਹੋਵੇ, ਉਮੰਗ ਪੈਦਾ ਹੋਵੇ, ਮੁਸ਼ਕਿਲ ਹੈ। ਦੇਖਣ ਵਿਚ ਆਇਆ ਹੈ ਕਿ ਜਾਂ ਤਾਂ ਪਰਮਾਤਮਾ ਨੂੰ ਉਹ ਮੰਂਨਦੇ ਹਨ, ਜਿਨ੍ਹਾਂ ਨੇ ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਕਰਨੀ ਹੋਵੇ, ਆਪਣੀਆ ਕਾਮਨਾਵਾਂ ਦੀ ਪੂਰਤੀ ਕਰਨੀ ਹੋਵੇ ਜਾਂ ਉਹ ਜੋ ਆਪਣੀਆਂ ਕਾਮਨਾਵਾਂ ਦੀ ਪੂਰਤੀ ਲਈ, ਵਾਸ਼ਨਾਵਾਂ ਦੀ ਪੂਰਤੀ ਲਈ, ਪਰਮਾਤਮਾ ਤੋਂ ਇਨਕਾਰੀ ਹਨ, ਉਹ ਸਮਝਦੇ ਹਨ ਕਿ ਪਰਮਾਤਮਾ ਬਾਧਾ ਖੜੀ ਕਰ ਦੇਵੇਗਾ। ਇਸ ਤਰ੍ਹਾਂ ਦੇ ਮਨੁੱਖ ਈਸ਼ਵਰ ਤੋਂ ਇਨਕਾਰੀ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੈ। ਅਸੀਂ ਜਗਤ ਵਿਚ ਦੋ ਤਰ੍ਹਾਂ ਦੇ ਮਨੁੱਖ ਵੇਖਦੇ ਹਾਂ। ਕਮਜ਼ੋਰ ਤਬਕਾ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਲਈ ਈਸ਼ਵਰ ਨੂੰ ਮੰਨਦਾ ਹੈ, ਤੇ ਤਾਕਤਵਰ ਤਬਕਾ ਜੋ ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਲਈ ਈਸ਼ਵਰ ਤੋਂ ਬੇਮੁੱਖ ਹੁੰਦਾ ਹੈ। ਕਮਜ਼ੋਰ ਤੋਂ ਭਾਵ ਹੈ ਜਿਸਦੇ ਕੋਲ ਧੀਆਂ ਪੁੱਤਰਾਂ ਦਾ ਕੋਈ ਆਸਰਾ ਨਹੀਂ, ਧਨ ਸੰਪਤੀ ਦਾ ਕੋਈ ਆਸਰਾ ਨਹੀਂ, ਪਦ-ਪ੍ਰਤਿਸ਼ਠਾ ਦਾ ਕੋਈ ਆਸਰਾ ਨਹੀਂ, ਉਸਦੇ ਲਈ ਆਖ਼ਰੀ ਸਹਾਰਾ ਹੈ ਈਸ਼ਵਰ। ਵਾਸ਼ਨਾ ਬੜੀ ਪ੍ਰਬਲ ਹੈ, ਤ੍ਰਿਸ਼ਨਾ ਬੜੀ ਪ੍ਰਬਲ ਹੈ, ਉਸਦੀ ਪੂਰਤੀ ਕਰਨੀ ਹੈ ਪਰ ਕਿਸ ਤਰ੍ਹਾਂ ਹੋਵੇ? ਇਸ ਲਈ ਕਮਜ਼ੋਰ ਬੰਦਾ ਈਸ਼ਵਰ ਨੂੰ ਸਾਧਨ ਬਣਾਉਂਦਾ ਹੈ। ਈਸ਼ਵਰ ਸਾਧਕ ਹੈ ਵਾਸ਼ਨਾ ਦੀ ਪੂਰਤੀ ਲਈ। ਪਰ ਜੋ ਤਾਕਤਵਰ ਬੰਦਾ ਹੈ, ਜਿਸ ਨੇ ਜਬਰ ਕਰਨਾ ਹੈ, ਲੁੱਟਣਾ ਹੈ, ਦੁਰਾਚਾਰ ਕਰਨਾ ਹੈ, ਹੁਕਮ ਚਲਾਉਣਾ ਹੈ, ਉਸ ਲਈ ਈਸ਼ਵਰ ਬਾਧਕ ਹੈ। ਉਹ ਫਿਰ ਇਨਕਾਰੀ ਹੋਵੇਗਾ। ਤਾਕਤਵਰ ਅਤੇ ਕਮਜ਼ੋਰ ਦਾ ਅਜਿਹਾ ਮੰਨਣਾ ਝੂਠ ਹੈ, ਕਿਉਂਕਿ ਦੋਹਾਂ ਦੇ ਅੰਦਰ ਪ੍ਰਬਲ ਵਾਸ਼ਨਾ ਹੀ ਹੈ। ਚੰਗੇਜ਼ ਖਾਂ, ਹਲਾਕੂ, ਹਿਟਲਰ ਜੇ ਬਸਤੀਆਂ ਦੀਆਂ ਬਸਤੀਆਂ ਉਜਾੜ ਸਕੇ ਹਨ, ਜੇ ਹਿਟਲਰ ਇਕ ਕਰੋੜ ਮਨੁੱਖਾਂ ਨੂੰ ਕਤਲ ਕਰ ਸਕਿਆ ਹੈ ਤਾਂ ਇਹ ਸਭ ਕੁਝ ਈਸ਼ਵਰ ਦੀ ਹੋਂਦ ਨੂੰ ਇਕ ਪਾਸੇ ਰੱਖ ਕੇ ਹੀ ਹੋ ਸਕਿਆ ਹੈ। ਭਾਵੇਂ ਈਸ਼ਵਰ ਨੂੰ ਇਕ ਪਾਸੇ ਰੱਖਣਾ ਬੜੀ ਔਖੀ ਗੱਲ ਹੈ, ਪਰ ਘੱਟੋ ਘੱਟ ਮਨ ਤੋਂ ਤਾਂ ਉਸਨੂੰ ਇਕ ਪਾਸੇ ਰੱਖਿਆ ਹੀ ਜਾ ਸਕਦਾ ਹੈ। ਆਪਣੀ ਸੋਚ ਸ਼ਕਤੀ ਤੋਂ ਉਸ ਨੂੰ ਇਕ ਪਾਸੇ ਰੱਖਿਆ ਜਾ ਸਕਦਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ