ਮੰਗਾਂ ਦੇ ਤਿਨ ਕੇਂਦਰ (ਪਾਰਟ -੨)

Giani Sant Singh ji Maskeen · ਕਥਾ ਅਤੇ ਲੈਕਚਰ · ੧੧੧ / ੩੧੨

ਮੰਗਾ ਦੇ ਤਿਨ ਕੇਂਦਰ (ਪਾਰਟ -੨) ਹਜ਼ਾਰੋ ਖਾਹਿਸ਼ੇ ਸਾਥ ਲੇ ਕਰ ਦਮ ਨਿਕਲਤਾ ਹੈ। ਬਲਕਿ ਇਕ ਉਰਦੂ ਦਾ ਮਾਇਆ ਨਾਜ਼ ਸ਼ਾਇਰ ਇਹ ਕਹਿੰਦਾ ਹੈ, ਕੋਈ ਇਕ ਮੰਗ, ਦਮ ਜਿਹੜਾ ਆਖਰੀ ਨਿਕਲਿਆ ਹੈ, ਸਰੀਰ ਦਾ ਅੰਤ ਹੋਇਆ ਹੈ। ਉਸ ਆਖਰੀ ਦਮ ਦੇ ਉਤੇ ਪਤਾ ਨਹੀਂ ਕਿਤਨੀਆ ਮੰਗਾਂ ਅਸਵਾਰ ਸਨ, ਨਿਕਲ ਗਈਆਂ। ਕਿਉਂਕਿ ਸਵਾਸਾਂ ਦੇ ਆਸਰੇ ਤੇ ਮੰਗ ਨੇ ਰਹਿਣਾ ਸੀ। ਸਵਾਸ ਹੀ ਚਲੇ ਗਏ ਉਨ੍ਹਾਂ ਨਾਲ ਮੰਗਾਂ ਵੀ ਚਲੀਆਂ ਗਈਆਂ। ਇਕ ਮੁਰਦੇ ਦੇ ਵਿਚ ਕੋਈ ਮੰਗ ਨਹੀਂ ਹੁੰਦੀ। ਜੀਂਵਦਾ ਜਾਗਦਾ ਮਨੁਖ ਅਮੰਗ ਨਹੀਂ ਹੁੰਦਾ। ਭਾਈ ਗੁਰਦਾਸ ਸ਼ਾਇਦ ਇਸੇ ਹੀ ਆਧਾਰ ਤੇ ਕਹਿੰਦੇ ਨੇ:- ਮੁਰਦੇ ਵਾਂਗ ਮੁਰੀਦ ਹੋਇ॥
ਮੁਰੀਦ ਬਣਨਾ ਈ, ਗੁਰੂ ਦਾ ਸਿੱਖ ਬਣਨਾ ਈ, ਮੁਰਦੇ ਦੀ ਤਰ੍ਹਾਂ ਬਣ ਜਾ। ਮੁਰਦੇ ਤਰ੍ਹਾਂ, ਆਤਮ ਹਤਿਆ ਕਰ ਲਈਏ। ਜ਼ਹਿਰ ਖਾ ਲਈਏ, ਨਹੀਂ ਗੁਰਬਾਣੀ ਖੋਲ੍ਹਦੀ ਹੈ:- ਜੀਵਤੁ ਮਰੈ ਮਰੈ ਫੁਨਿ ਜੀਵੈ....॥
{ਅੰਗ ੩੩੨} ਰਹੇ ਤੇ ਜ਼ਿੰਦਾ, ਮੰਗਾ ਨੂੰ ਮਾਰ ਕੇ ਜੀਵੇ, ਫਿਰ ਜੀਵੇ। ਖੁਦ ਤੇ ਜੀਵੇ, ਮਾਰ ਦੇਵੇ ਮੰਗਾਂ ਨੂੰ:- ਜੀਵਤੁ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ॥੧॥

ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ॥੧॥

ਮੇਰੇ ਰਾਮ ਐਸਾ ਖੀਰੁ ਬਿਲੋਈਐ॥
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ॥੧॥

ਰਹਾਉ॥
{ਅੰਗ ੩੩੨} ਭਗਤ ਕਬੀਰ ਜੀ ਦਾ ਇਹ ਬੜਾ ਕੀਮਤੀ ਵਾਕ। ਸਵਾਸਾਂ ਵਿਚ ਮੰਗ ਨਾ ਹੋਵੈ ਫਿਰ ਕੀ ਕਰੀਏ:- .... ਐਸੇ ਸੁੰਨਿ ਸਮਾਇਆ॥
ਮੁਰਦਾ ਸੁੰਨ ਹੋ ਗਿਆ ਹੈ। ਸਵਾਸ ਖਤਮ ਨੇ। ਤੂੰ ਸਵਾਸਾਂ ਦੇ ਹੁੰਦਿਆਂ ਹੋਇਆ ਸੁੰਨ ਹੋ ਜਾ। ਬਿਲਕੁਲ ਸੁੰਨ ਹੋ ਜਾ। ਸੁੰਨ ਦਾ ਮਤਲਬ ਕੁਛ ਵੀ ਨਹੀਂ। ਕੁਛ ਵੀ ਨਹੀਂ। ਅਸੀਂ ਕਹਿ ਦਿੰਦੇ ਹਾਂ, ਉਥੇ ਤੇ ਸੁੰਨ-ਸਨਾਟਾ ਹੈ, ਕੁਛ ਵੀ ਨਹੀਂ। ਮੁਰਦਾ ਸੁੰਨ ਹੋ ਗਿਆ ਹੈ। ਕੋਈ ਖਾਹਿਸ਼ ਨਹੀਂ, ਕੋਈ ਕਾਮਨਾ ਨਹੀਂ ਕੁਛ ਵੀ ਨਹੀਂ। ਸੁੰਨ ਹੋ ਗਿਆ। ਉਹ ਮਰ ਕੇ ਸੁੰਨ ਹੋਇਆ ਹੈ, ਤੂੰ ਜੀਂਵਦਿਆਂ ਜੀ ਸੁੰਨ ਹੋ ਜਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ:- ਸੁੰਨ ਸਮਾਧਿ ਅਨਹਤ ਤਹ ਨਾਦ॥
ਕਹਨੁ ਨ ਜਾਈ ਅਚਰਜ ਬਿਸਮਾਦ॥
{ਅੰਗ ੨੯੩} ਮੁਰਦੇ ਵਾਂਗ ਮੁਰੀਦ ਹੋਇ। ਇਸ ਮੁਰਦੇ ਨੂੰ ਕਹਿ ਦੇਈਏ ਤੇਰੀ ਦੁਕਾਨ ਤੋਂ ਤੈਨੂੰ ਦਸ ਲਖ ਦਾ ਨਫਾ ਹੋ ਗਿਆ ਹੈ, ਕੋਈ ਨੱਚਣ ਨਹੀਂ ਲਗ ਪੈਂਦਾ। ਇਸ ਨੂੰ ਹੁਣ ਆਖ ਦੇਈਏ ਤੇਰੀ ਦੁਕਾਨ ਨੂੰ ਅੱਗ ਲਗ ਗਈ ਏ, ਸਭ ਕੁਛ ਜਲਦਾ ਜਾ ਰਿਹਾ ਹੈ। ਇਹ ਕੋਈ ਰੋਣ ਪਿੱਟਣ ਨਹੀਂ ਲਗਦਾ। ਸੁੰਨ ਹੋ ਗਿਆ ਹੈ, ਨਾ ਦੁਖ ਨਾ ਸੁਖ। ਚਾਰ ਬੰਦੇ ਖੜੇ ਹੋ ਕੇ ਉਪਮਾ ਕਰਨ। ਮਰਿਯਾਦਾ ਹੈ ਸੰਸਾਰ ਦੀ। ਬੁਰੇ ਤੋਂ ਬੁਰਾ ਮਨੁੱਖ ਵੀ ਜਦ ਮਰ ਜਾਏ ਉਸ ਦੇ ਭੋਗ ਤੇ ਸ਼ਰਧਾਂਜਲੀ ਦੇਣੀ ਪਵੇ ਤੇ ਕੁਛ ਉਸ ਦੀਆ ਖੂਬੀਆਂ ਦਾ ਜ਼ਿਕਰ ਕਰਨਾ ਹੀ ਪੈਂਦਾ ਹੈ। ਸ਼ੇਖ ਸਾਅਦੀ ਨੇ ਤੇ ਇਕ ਕਹਾਣੀ ਲਿਖੀ ਹੈ। ਕਹਿੰਦੇ ਨੇ ਸ਼ਹਿਰ ਦਾ ਇਕ ਗੁੰਡਾ, ਦੁਸ਼ਟ, ਮਹਾਂ ਦੁਰਾਚਾਰੀ ਤੇ ਮਹਾਨ ਜ਼ਾਲਮ ਮਰਿਆ। ਹੁਣ ਕੁਦਰਤੀ ਗਲ ਹੈ ਮਹੱਲੇ ਦੇ ਲੋਕਾਂ ਨੇ ਤੇ ਉਸਦੇ ਭੋਗ ਤੇ ਜਾਣਾ ਸੀ। ਸ਼ੇਖ ਸਾਅਦੀ ਕਹਿੰਦੇ ਨੇ ਮੈਂ ਵੀ ਉਸ ਮਹੱਲੇ ਵਿਚ ਰਹਿੰਦਾ ਸੀ ਮੈਨੂੰ ਵੀ ਜਾਣਾ ਪਿਆ। ਉਸ ਅੰਤਮ ਸਮਾਰੋਹ ਵਿਚ ਜੋ ਮਰੇ ਹੋਏ ਦੇ ਨਮਿਤ ਹੋ ਰਿਹਾ ਸੀ। ਸਾਰਿਆਂ ਨੇ ਮੈਨੂੰ ਹੀ ਕਿਹਾ ਕਿ ਜੋ ਗੁਜ਼ਰ ਗਿਆ ਹੈ ਉਸਦੇ ਸੰਬੰਧ ਵਿਚ ਤੁਸੀਂ ਕੁਝ ਚੰਦ ਲਫ਼ਜ਼ ਕਹੋ। ਇਹ ਫਕੀਰ ਕਹਿੰਦਾ ਹੈ, ਮੈਂ ਬੜਾ ਦੁਬਿਧਾ ਵਿਚ ਪੈ ਗਿਆ। ਇਹ ਫਕੀਰ ਆਪਣੀ ਬੀਤੀ ਲਿਖਦਾ ਹੈ। ਇਹ ਤੇ ਸ਼ਹਿਰ ਦਾ ਦੁਸ਼ਟ ਬੰਦਾ, ਮਹਾਨ ਹਿੰਸਕ ਬ੍ਰਿਤੀ ਦਾ ਬੰਦਾ, ਤੇ ਹੁਣ ਮੈਨੂੰ ਕਹਿੰਦੇ ਨੇ। ਆਖਰ ਮਰੇ ਹੋਏ ਬੰਦੇ ਦੇ ਪਿਛੇ ਕੁਝ ਚੰਦ ਸ਼ਬਦ ਆਖਣੇ ਹੀ ਪੈਂਦੇ ਨੇ। ਫਕੀਰ ਹੈ, ਝੂਠ ਬੋਲ ਨਹੀਂ ਸਕਦਾ। ਸਚ ਆਖੇ ਕਿਸੇ ਮਰੇ ਹੋਏ ਦੇ ਨਮਿਤ। ਇਹ ਹੀ ਦੁਬਿਧਾ ਵਿਚ ਪਇਆ ਹੈ, ਏਨੀ ਦੁਨੀਆਂ ਬੈਠੀ ਹੈ, ਉਸਦੇ ਰਿਸ਼ਤੇਦਾਰ ਵੀ ਨੇ। ਉਸਦਾ ਕੁਟੰਬ ਵੀ ਹੈ। ਫਿਰ ਵੀ ਜਿਹੜੇ ਫਕੀਰ ਹੁੰਦੇ ਨੇ ਨਾ, ਉਹ ਯੁਕਤੀ ਕਢ ਲੈਂਦੇ ਨੇ। ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ, ਇਸ ਦੀ ਮੌਤ ਤੇ ਮੈਨੂੰ ਅਫਸੋਸ ਬੜਾ ਹੈ ਕਿਉਂਕਿ ਇਸ ਵਿਚ ਇਤਨੀ ਖੂਬੀ ਸੀ ਕਿ ਬਾਕੀ ਜਿਹੜੇ ਇਸਦੇ ਚਾਰ ਭਰਾ ਨੇ ਨਾ, ਉਨ੍ਹਾਂ ਨਾਲੋਂ ਚੰਗਾ ਸੀ। ਚਾਰ ਭਰਾ ਉਸਦੇ ਨਾਲੋਂ ਵੀ ਦੁਸ਼ਟ ਸਨ। ਉਸ ਨਾਲੋਂ ਵੀ ਜ਼ਿਆਦਾ ਜ਼ਾਲਮ ਸਨ। ਐਹ ਦੋ ਲਫਜ਼ ਕਹਿ ਕੇ ਸ਼ੇਖ ਸਾਅਦੀ ਨੇ ਆਪਣੀ ਜਾਨ ਛਡਾਈ। "ਦੋਸਤੋ ਮਿੱਤਰੋ ਇਹਦੇ ਵਿਚ ਬੜੀਆਂ ਖੂਬੀਆਂ ਸਨ ਆਪਣੇ ਬਾਕੀ ਚਾਰ ਭਰਾਵਾਂ ਨਾਲੋਂ ਚੰਗਾ ਸੀ।" ਇਸਦਾ ਮਤਲਬ ਇਹ ਹੈ ਕਿ ਜਿਤਨਾ ਉਹ ਜ਼ਾਲਮ ਸੀ ਉਹ ਚਾਰੋਂ ਇਸ ਤੋਂ ਜ਼ਿਆਦਾ ਜ਼ਾਲਮ ਨੇ। ਜਿਤਨਾ ਇਹ ਦੁਸ਼ਟ ਸੀ ਇਹ ਚਾਰ ਉਸ ਤੋਂ ਜ਼ਿਆਦਾ ਦੁਸ਼ਟ ਨੇ। ਮਰੇ ਹੋਏ ਦੇ ਨਵਿਤ ਕੁਛ ਨਾ ਕੁਛ ਤੇ ਕਹਿਣਾ ਹੀ ਪਵੇਗਾ। ਮੁਰਦਾ ਪਇਆ ਹੈ, ਹੁਣ ਚਾਰ ਬੰਦੇ ਉਸਦੀ ਉਪਮਾ ਪਏ ਕਰਦੇ ਨੇ। ਉਹ ਕੋਈ ਗੁਬਾਰੇ ਦੀ ਤਰ੍ਹਾਂ ਫੁਲ ਨਹੀਂ ਜਾਂਦਾ। ਜੇ ਚਾਰ ਬੰਦੇ ਨਿੰਦਾ ਕਰਨ ਲਗ ਪੈਣ ਉਸਦੇ ਸਾਹਮਣੇ ਹੀ, ਚੰਗਾ ਹੋਇਆ ਹੈ, ਮਰ ਗਿਆ ਹੈ, ਵਖਤ ਪਾਇਆ ਹੋਇਆ ਸੀ। ਇਸ ਨਿੰਦਾ ਨਾਲ ਉਹ ਕੋਈ ਦੁਖੀ ਨਹੀਂ ਹੁੰਦਾ। ਹਾਣ ਲਾਭ, ਨਿੰਦਾ ਉਸਤਤ। ਜੀਵਨ ਵਿਚ ਐਸਾ ਕਰਨਾ ਬੜਾ ਔਖਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ:- ਉਸਤਿਤ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥੨॥

{ਅੰਗ ੨੧੯} ਬੜਾ ਕਠਿਨ ਖੇਲ ਹੈ। ਮਨੁੱਖ ਉਸਤਤ ਵੀ ਨਾ ਕਰੇ, ਨਿੰਦਾ ਵੀ ਨਾ ਕਰੇ, ਪਰ ਕਰਦਾ ਹੈ। ਮਨੁੱਖ ਉਸਤਤ ਵੀ ਸੁਣਨਾ ਚਾਹੁੰਦਾ ਹੈ, ਨਿੰਦਾ ਵੀ ਸੁਣਨਾ ਚਾਹੁੰਦਾ ਹੈ। ਕਰਨਾ ਵੀ ਚਾਹੁੰਦਾ ਹੈ। ਧਾਰਮਿਕ ਮਨੋ-ਵਿਗਿਆਨ ਇਹ ਕਹਿ ਰਿਹਾ ਹੈ ਕਿ ਮਨੁੱਖ ਉਸਤਤ ਵੀ ਸੁਣਨਾ ਚਾਹੁੰਦਾ ਹੈ ਬ-ਸ਼ਰਤ ਹੈ ਆਪਣੀ ਹੋਵੇ। ਫਿਰ ਰਸ ਆਉਂਦਾ ਹੈ। ਮਨੁੱਖ ਨਿੰਦਾ ਵੀ ਸੁਣਨਾ ਚਾਹੁੰਦਾ ਹੈ ਬਸ਼ਰਤ ਹੈ ਪੜੌਸੀ ਦੀ ਹੋਵੇ, ਸ਼ਰੀਕ ਦੀ ਹੋਵੇ, ਫਿਰ ਬੜਾ ਰਸ ਆਉਂਦਾ ਹੈ। ਉਦੋਂ ਦੁਖ ਬਣ ਜਾਂਦਾ ਹੈ, ਕਦੋਂ? ਜਦੋਂ ਨਿੰਦਾ ਆਪਣੀ ਹੋਵੇ ਤੇ ਉਸਤਤ ਪੜੌਸੀ ਦੀ ਹੋਵੇ। ਫਿਰ ਦੁਖੀ ਹੋ ਜਾਂਦਾ ਹੈ। ਨਿੰਦਾ ਸੁਣ ਕੇ ਖੁਸ਼ੀ ਵੀ ਮਿਲਦੀ ਹੈ ਬ-ਸ਼ਰਤ ਹੈ ਦੂਸਰੇ ਦੀ ਹੋਵੇ। ਉਸਤਤ ਸੁਣ ਕੇ ਖੁਸ਼ੀ ਵੀ ਮਿਲਦੀ ਹੈ ਬ-ਸ਼ਰਤ ਏ ਆਪਣੀ ਹੋਵੇ। ਉਸਤਤ ਸੁਣ ਕੇ ਬੜਾ ਭਾਰੀ ਦੁਖ ਹੋ ਜਾਂਦਾ ਹੈ, ਸ਼ਰੀਕ ਦੀ ਹੋਵੇ, ਪੜੌਸੀ ਦੀ ਹੋਵੇ। ਨਿੰਦਾ ਸੁਣ ਕੇ ਵੀ ਬੜਾ ਦੁਖ ਮਿਲਦਾ ਹੈ ਜਦ ਆਪਣੀ ਹੋਵੇ। ਮੁਰਦੇ ਦੀ ਉਸਤਤ ਕਰੋ ਭਾਵੇਂ ਨਿੰਦਾ ਕਰੋ। ਉਹ ਇਸ ਤੋਂ ਪਰੇ ਚਲਾ ਗਿਆ ਹੈ। ਹਾਣ ਲਾਭ ਤੋਂ ਪਰੇ ਚਲਾ ਗਿਆ ਹੈ। ਦੁਖ ਸੁਖ ਤੋਂ ਪਰੇ ਚਲਾ ਗਿਆ ਹੈ। ਨਫੇ ਨੁਕਸਾਨ ਤੋਂ ਪਰੇ ਚਲਾ ਗਿਆ ਹੈ। ਮੁਰਦਾ ਸੁੰਨ ਹੈ ਕਿਉਂਕਿ ਉਸਦੇ ਵਿਚ ਕੁਝ ਰਿਹਾ ਨਹੀਂ। ਜ਼ਿੰਦਗੀ ਰਹੀ ਨਹੀਂ, ਤੂੰ ਜ਼ਿੰਦਾ ਹੁੰਦਿਆਂ ਹੁੰਦਿਆਂ ਸੁੰਨ ਹੋ ਜਾ:- ਜੀਵਤ ਮਰੈ ਮਰੈ ਫੁਨਿ ਜੀਵੈ...॥
{ਅੰਗ ੩੩੨} ਇਹ ਧਰਮ ਨੂੰ ਬਚਿਆਂ ਦੀ ਖੇਡ ਨਾ ਸਮਝ ਲੈਣਾ। ਲੋਗਨ ਰਾਮੁ ਖਿਲਉਨਾ ਜਾਨਾਂ॥੧॥

{ਅੰਗ ੧੧੫੮} ਏਹ ਤੇ:- ਮੁਰਦੇ ਵਾਂਗ ਮੁਰੀਦ ਹੋਵੇ। ਏਹ ਤੇ:- ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ॥

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ