ਅਸੰਖ ਜਪ ਅਸੰਖ ਭਾਉ (ਪਾਰਟ ੨) ਅਸੰਖ ਗਰੰਥ ਮੁਖਿ ਵੇਦ ਪਾਠ॥
ਇਸੇ ਤਰ੍ਹਾਂ ਧਰਮ ਗ੍ਰੰਥ ਵੀ ਇਕ ਨਹੀਂ, ਅਨੰਤ ਹਨ। ਪ੍ਰਭੂ ਦਾ ਕਲਾਮ, ਪ੍ਰਭੂ ਦੀ ਬਾਣੀ ਜੁਗਾਂ ਜੁਗਾਂ ਤੋਂ ਭਗਤਾਂ ਦੇ ਹਿਰਦੇ ਵਿਚ ਪ੍ਰਗਟ ਹੁੰਦੀ ਆ ਰਹੀ ਹੈ। ਇਹ ਕਲਾਮ ਅਨੰਤ ਕਾਲ ਤੋਂ ਭਗਤਾਂ ਦੇ ਅੰਤਰ-ਆਤਮੇ ਵਿਚੋਂ ਬਾਹਰ ਆਉਂਦਾ ਰਿਹਾ ਹੈ। ਇਸ ਲਈ ਸਾਹਿਬ ਕਹਿੰਦੇ ਹਨ-ਇਕ ਗ੍ਰੰਥ ਨਹੀਂ, ਅਨੰਤ ਗ੍ਰੰਥ ਹਨ, ਬੇਸ਼ੁਮਾਰ ਗ੍ਰੰਥ ਹਨ। ਜੇ ਅਸੀ ਸਿਰਫ ਇਸ ਪ੍ਰਿਥਵੀ ਨੂੰ ਹੀ ਲਈਏ, ਇੱਥੇ ਸਤਾਈ ਸਿਮਰਤੀਆਂ ਹਨ, ਅਠਾਰਾਂ ਪੁਰਾਣ ਹਨ, ਛੇ ਸ਼ਾਸਤਰ ਹਨ, ਚਾਰ ਵੇਦ ਹਨ, ਇਕ ਸੌ ਅੱਠ ਉਪਨਿਸ਼ਦਾਂ ਹਨ। ਇਸੇ ਪ੍ਰਿਥਵੀ ਵਿਚ ਤੌਰੇਤ ਹੈ, ਅੰਜੀਲ ਹੈ, ਕੁਰਾਨ ਹੈ ਅਤੇ ਗ੍ਰੰਥ ਸਿਰਮੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਫਿਰ ਇਨ੍ਹਾਂ ਗ੍ਰੰਥਾਂ ਉੱਤੇ ਲਿਖੇ ਹੋਏ ਟੀਕੇ ਹਨ। ਭਗਤਾਂ ਦੀ ਬਾਣੀ ਹੈ, ਭਗਤਾਂ ਦੇ ਆਪਣੇ ਬੋਲ ਹਨ, ਛੋਟੇ ਛੋਟੇ ਗੁਟਕੇ ਹਨ। ਜੇ ਗਿਣਨ ਲੱਗੀਏ ਤਾਂ ਇਸ ਪ੍ਰਿਥਵੀ ਦਾ ਪਸਾਰਾ ਵੀ ਅਨੰਤ ਬਣ ਜਾਂਦਾ ਹੈ। "ਅਸੰਖ ਗਰੰਥ"- ਭਾਵ ਬੇਸ਼ੁਮਾਰ ਗ੍ਰੰਥ ਹਨ ਜੋ ਗਿਣੇ ਨਹੀਂ ਜਾ ਸਕਦੇ, "ਮੁਖਿ ਵੇਦ ਪਾਠ"- ਅਸੰਖਾਂ ਹੀ ਐਸੇ ਮੁਖ ਹਨ ਜਿਨ੍ਹਾਂ ਦੀ ਰਸਤਾ ਤੋਂ ਗਿਆਨ, ਵਿਦਿਆ ਤੇ ਵੇਦਾਂ ਦਾ ਪਾਠ ਜਾਰੀ ਹੈ। ਜੋ ਗਿਆਨ ਦੀ ਚਰਚ ਕਰ ਰਹੇ ਹਨ, ਜੋ ਪ੍ਰਭੂ ਦੀ ਚਰਚਾ ਕਰ ਰਹੇ ਹਨ: ਅਸੰਖ ਜੋਗ ਮਨਿ ਰਹਹਿ ਉਦਾਸ॥
ਅਨੰਤ ਹਨ ਉਹ ਜੋ ਯੋਗ ਸਾਧਨਾ ਭਾਵ ਪ੍ਰਭੂ ਨਾਲ ਜੁੜਨ ਦੀ ਸਾਧਨਾ ਕਰ ਰਹੇ ਹਨ। ਐਸੇ ਅਤੇ ਅਨੰਤ ਹੀ ਉਹ ਹਨ "ਜੋਗ ਮਨਿ ਰਹਹਿ ਉਦਾਸ"- ਜਿਨ੍ਹਾਂ ਦਾ ਮਨ ਉਪਰਾਮ ਰਹਿੰਦਾ ਹੈ, ਉਦਾਸ ਰਹਿੰਦਾ ਹੈ। ਦਰਅਸਲ ਜੋਗ ਦਾ ਜਨਮ ਹੀ ਉਦਾਸੀ ਤੋਂ ਹੋਇਆ ਹੈ। ਧਰਮ ਦਾ ਜਨਮ ਵੀ ਉਦਾਸੀ ਤੋਂ ਹੀ ਹੈ। ਪਰਮਾਤਮਾ ਨੂੰ ਮਿਲਣ ਦੀ ਸਿੱਕ ਵੀ ਉਦਾਸੀ ਤੋਂ ਹੀ ਜਨਮੀ ਹੈ। ਜੋ ਸੰਸਾਰ ਤੋਂ ਉਦਾਸ ਨਹੀਂ ਹੋਇਆ, ਉਹ ਪਰਮਾਤਮਾ ਨੂੰ ਮਿਲਣ ਦੀ ਆਸ ਵੀ ਨਹੀਂ ਕਰ ਸਕਦਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਹ ਪ੍ਰਭੂ ਦੀ ਲਗਨ ਬਾਰੇ ਚਰਚਾ ਵੀ ਨਹੀਂ ਕਰ ਸਕਦਾ। ਜਪ ਵੀ ਨਹੀਂ ਸਕਦਾ। ਧਰਮ ਦੀ ਸਾਧਨਾ, ਸਤਿਸੰਗ ਆਦਿ ਇਸ ਵਾਸਤੇ ਹਨ ਕਿ ਸੰਸਾਰ ਵਿਚ ਰਹਿੰਦਿਆਂ ਹੋਇਆਂ ਮਨੁੱਖ ਸੰਸਾਰ ਤੋਂ ਉੱਚਾ ਉੱਠੇ। ਉਸਦੇ ਸਾਹਮਣੇ ਪਰਮਾਤਮਾ ਦੀ ਇਤਨੀ ਵੱਡੀ ਮਹਿਮਾ ਰੱਖੀ ਜਾਏ ਕਿ ਸੰਸਾਰ ਤੁਛ ਜਾਪੇ। ਸੰਸਾਰ ਛੋਟਾ ਛੋਟਾ ਲੱਗੇ ਤੇ ਇਸ ਸੰਸਾਰ ਤੋਂ ਉਦਾਸੀਨਤਾ ਮਹਿਸੂਸ ਕਰੇ, ਉਪਰਾਮ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਧਰਤੀ 'ਤੇ ਬਾਕਾਇਦਾ ਇਕ ਪੰਥ ਚਲਾਇਆ। ਇਸ ਪੰਥ ਦਾ ਨਾਂ 'ਉਦਾਸੀ ਸੰਪਰਦਾ' ਪੈ ਗਿਆ। ਉਦਾਸੀਨ ਮਹਾਤਮਾ ਅੱਜ ਵੀ ਸਾਡੇ ਦੇਸ਼ ਵਿਚ ਥਾਂ ਥਾਂ 'ਤੇ ਰਮਨ ਕਰਦੇ ਮਿਲਦੇ ਹਨ। ਇਸ ਪੰਥ ਦੇ ਜਨਮਦਾਤੇ ਹਨ-ਬਾਬਾ ਸ੍ਰੀ ਚੰਦ ਜੀ। ਜੰਗਲ ਵਿਚ ਰੁੱਖ ਥੱਲੇ ਬੈਠੇ ਰਹਿਣਾ, ਗ੍ਰਿਹਸਤ ਅਤੇ ਸੰਸਾਰ ਤੋਂ ਕਿਨਾਰਾਕਸ਼ੀ ਹੀ ਬਾਬਾ ਸ੍ਰੀ ਚੰਦ ਜੀ ਦਾ ਮੁੱਖ ਭਾਉ ਸੀ। ਲੇਕਿਨ ਭਗਤ ਕਬੀਰ ਕਹਿੰਦੇ ਹਨ-ਜੋ ਗ੍ਰਹਿਸਤੀ ਵੀ ਹੈ, ਬਾਲ ਬੱਚੇ ਵੀ ਹਨ, ਕ੍ਰਿਤ ਵੀ ਕਰਦਾ ਹੈ, ਸਾਰਾ ਦਿਨ ਧੰਦਾ ਵੀ ਕਰਦਾ ਹੈ, ਉਦਾਸ ਹੈ, ਉਪਰਾਮ ਹੈ; ਕਬੀਰ ਕਹਿੰਦੇ ਹਨ-ਐਸੇ ਉਦਾਸੀ ਦਾ ਮੈਂ ਚੇਲਾ ਹਾਂ। ਮੈਂ ਉਸਦਾ ਦਾਸ ਹਾਂ, ਮੈਂ ਉਸਦਾ ਨਿਮਾਣਾ ਸੇਵਾਦਾਰ ਹਾਂ: ਮਾਇਆ ਮਹਿ ਜਿਸੁ ਰਖੈ ਉਦਾਸੁ॥
ਕਹਿ ਕਬੀਰ ਹਉ ਤਾ ਕੋ ਵਾਸੁ॥
{ਅੰਗ ੧੧੫੭} ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੁਰਮਾਨ ਹੈ ਕਿ ਅਨੰਤ ਹਨ ਉਹ ਪੁਰਸ਼ ਜੋ ਮਨ ਵਿਚ ਉਪਰਾਮ ਰਹਿੰਦੇ ਹਨ, ਉਦਾਸ ਰਹਿੰਦੇ ਹਨ। ਧਰਮ ਵੱਲ ਪਹਿਲਾ ਕਦਮ ਹੀ ਸੰਸਾਰ ਤੋਂ ਉਦਾਸ ਰਹਿਣ ਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ-"ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ॥" "ਆਸਾ ਮਾਹਿ ਨਿਰਾਸੋ"- ਪੁੱਤਰ ਦੀ ਆਸ ਹੈ, ਪ੍ਰਾਪਤ ਹੋ ਜਾਏ। ਨਾ ਹੋਵੇ ਤਾਂ ਕੋਈ ਬਹੁਤੀ ਤੜਪ ਵੀ ਨਹੀਂ। ਧਨ ਦੀ ਆਸ ਹੈ, ਮਿਲ ਗਿਆ ਤਾਂ ਪ੍ਰਭੂ ਦਾ ਧੰਨਵਾਦ, ਨਹੀਂ ਮਿਲਿਆ ਤਾਂ ਵੀ ਸ਼ੁਕਰਾਨਾ। ਮਾਣ ਪ੍ਰਤਿਸ਼ਠਾ ਮਿਲ ਗਈ, ਚਲੋ ਠੀਕ ਹੈ। ਨਹੀਂ ਮਿਲੀ ਤਾਂ ਵੀ ਠੀਕ ਹੈ। ਇਸ ਅਵਸਥਾ ਨੂੰ ਆਸ਼ਾ ਦੇ ਵਿਚ ਵੀ ਨਿਰਾਸ ਰਹਿਣਾ ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ: ਰੇ ਮਨ ਐਸੋ ਕਰ ਸੰਨਿਆਸਾ॥
ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ॥
{ਸ਼ਬਦ ਹਜ਼ਾਰੇ, ਪਾਤਸ਼ਾਹੀ ੧੦} ਜੰਗਲ ਵਿਚ ਰਹਿ ਕੇ ਵੀ ਅਗਰ ਕੋਈ ਮਨੁੱਖ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਦਾਸੀ ਵਿਚ ਨਹੀਂ ਹੈ, ਪਰ ਘਰ ਰਹਿੰਦਿਆਂ ਹੋਇਆਂ ਅਗਰ ਕੋਈ ਘਰ ਅਤੇ ਸੰਸਾਰ ਤੋਂ ਉਦਾਸ ਹੈ, ਉਪਰਾਮ ਹੋ ਗਿਆ ਹੈ ਤਾਂ ਉਹ ਸਹੀ ਅਰਥਾਂ ਵਿਚ ਉਪਰਾਮ ਹੋਇਆ ਹੈ। ਮਹਾਰਾਜ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਉਪਰਾਮ ਅਤੇ ਉਦਾਸ ਰਹਿਣ ਵਾਲੇ ਅਨੰਤ ਹਨ, ਬੇਸ਼ੁਮਾਰ ਹਨ, ਗਿਣਤੀ ਤੋਂ ਪਰੇ ਹਨ। ਅਸੰਖ ਭਗਤ ਗੁਣ ਗਿਆਨ ਵੀਚਾਰ॥
ਭਗਤ ਵੀ ਇਕ ਨਹੀਂ ਹਨ, ਭਗਤ ਤਾਂ ਹਰ ਦੇਸ਼ ਵਿਚ ਪੈਦਾ ਹੋਏ, ਹਰ ਕੁਲ, ਹਰ ਮਜ਼੍ਹਬ ਵਿਚ ਪੈਦਾ ਹੋਏ ਹਨ ਅਤੇ ਹਰ ਥਾਂ 'ਤੇ ਪੈਦਾ ਹੋਏ ਹਨ। ਗੰਨੇ ਦਾ ਪਉਦ ਕਿਸੇ ਵੀ ਦੇਸ਼ ਦੀ ਜ਼ਮੀਨ 'ਤੇ ਲਾਈਏ, ਉਹ ਧਰਤੀ ਵਿਚੋਂ ਮਿਠਾਸ ਕੱਢਦਾ ਹੈ। ਦੇਸ਼ ਬਦਲਣ ਨਾਲ ਉਸਦੀ ਮਿਠਾਸ ਦੇ ਗੁਣ ਵਿਚ ਘਾਟ ਨਹੀਂ ਆਉਂਦੀ। ਉਸ ਦੇਸ਼ ਦੀ ਜ਼ਮੀਨ ਵਿਚੋਂ ਵੀ ਮਿਠਾਸ ਕੱਢ ਲੈਂਦਾ ਹੈ। ਪ੍ਰਿਥਵੀ ਦੇ ਕਿਸੇ ਵੀ ਹਿੱਸੇ ਜਾਂ ਦੇਸ਼ ਵਿਚ ਬੈਠ ਕੇ ਮਨੁੱਖ ਪ੍ਰਭੂ ਦਾ ਨਾਮ ਜਪ ਸਕਦਾ ਹੈ ਤੇ ਜੀਵਨ ਦੀ ਮਿਠਾਸ ਦਾ ਅਨੰਦ ਮਾਣ ਸਕਦਾ ਹੈ। ਰੱਬੀ ਨਾਮ ਦਾ ਸਵਾਦ ਮਾਣ ਸਕਦਾ ਹੈ। ਇਸ ਵਾਸਤੇ ਹਰ ਸਮੇਂ, ਹਰ ਦੇਸ਼ ਤੇ ਹਰ ਕੁਲ ਵਿਚ ਭਗਤ ਹੋਏ ਹਨ। "ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥" ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ ਕਿ ਮੈਂ ਭਗਤਾਂ ਦੀ ਗਿਣਤੀ ਨਹੀਂ ਕਰ ਸਕਦਾ, ਬੇਸ਼ੁਮਾਰ ਹਨ। "ਅਸੰਖ ਭਗਤ ਗੁਣ ਗਿਆਨ ਵੀਚਾਰ॥" ਐਸੇ ਅਨੰਤ ਹਨ ਜੋ ਪ੍ਰਭੂ ਦੇ ਗੁਣਾਂ ਦਾ ਵੀਚਾਰ ਕਰਦੇ ਹਨ। ਗਿਆਨੀ ਹਨ, ਦਾਰਸ਼ਨਿਕ ਹਨ, ਫਿਲਾਸਫਰ ਹਨ, ਗਹਿਰੀ ਦ੍ਰਿਸ਼ਟੀ ਰੱਖਦੇ ਹਨ। ਜੀਵਨ ਦੀ ਗਹਿਰਾਈ ਤਕ ਵੇਖਦੇ ਹਨ। ਸੰਸਾਰ ਨੂੰ ਗਹਿਰਾਈ ਨਾਲ ਵੇਖਦੇ ਹਨ ਅਤੇ ਫਿਰ ਨਿਰੰਕਾਰ ਦਾ ਚਿੰਤਨ ਕਰਦੇ ਹਨ। ਸਾਹਿਬ ਕਹਿੰਦੇ ਹਨ-ਇਸ ਤਰ੍ਹਾਂ ਦੇ ਦਾਰਸ਼ਨਿਕ ਗਿਆਨੀ ਵੀ ਅਨੰਤ ਹਨ, ਬੇਸ਼ੁਮਾਰ ਹਨ, ਜੋ ਹਰ ਵਕਤ ਪ੍ਰਭੂ ਦੇ ਗੁਣਾਂ ਦੀ ਵੀਚਾਰ ਕਰਦੇ ਰਹਿੰਦੇ ਹਨ। ਏਸੇ ਵੀਚਾਰ ਤੋਂ ਪਰਮਾਤਮਾ ਦੇ ਗੁਣਾਂ ਦਾ ਪਤਾ ਚਲਿਆ ਹੈ ਕਿ ਉਹ ਗੋਪਾਲ ਹੈ। ਸ੍ਰਿਸ਼ਟੀ ਦਾ ਪਾਲਣਹਾਰ ਹੈ। ਏਸੇ ਵੀਚਾਰ ਤੋਂ ਪਤਾ ਚਲਿਆ ਹੈ ਕਿ ਉਹ ਰਹਿਮ ਦਿਲ ਹੈ, ਦਿਆਲੂ ਹੈ, ਬਖਸ਼ਿੰਦ ਹੈ। ਵੀਚਾਰ ਕਰਦਿਆਂ ਕਰਦਿਆਂ ਪਤਾ ਚਲਿਆ ਕਿ ਉਹ ਰਮਿਆ ਹੋਇਆ ਰਾਮ ਹੈ। ਵੀਚਾਰ ਕਰਦਿਆਂ ਕਰਦਿਆਂ ਹੀ ਪਤਾ ਚਲਿਆ ਕਿ ਉਹ ਮਦਸੂਦਨ ਹੈ। ਉਹ ਸਤਿ ਹੈ। ਉਹ ਸਿਵਮੰ ਹੈ। ਉਹ ਸੁੰਦਰਮੰ ਹੈ। ਅਤਿਅੰਤ ਸੁੰਦਰ ਹੈ। "ਸਤਿ ਸੁਹਾਣੁ ਸਦਾ ਮਨਿ ਚਾਉ॥" ਵੀਚਾਰ ਕਰਦਿਆਂ ਕਰਦਿਆਂ ਹੀ ਪ੍ਰਭੂ ਦੇ ਗੁਣ ਸਾਹਮਣੇ ਆਏ। ਸਤਿਗੁਰੂ ਜੀ ਮਹਾਰਾਜ ਦਾ ਫੁਰਮਾਨ-ਅਨੰਤ ਉਹ ਗੁਣੀ ਹਨ ਜੋ ਗਿਆਨ ਦੁਆਰਾ ਪਰਮਾਤਮਾ ਦੇ ਗੁਣਾਂ ਦੀ ਵੀਚਾਰ ਕਰਦੇ ਹਨ।
ਅਸੰਖ ਜਪ ਅਸੰਖ ਭਾਉ (ਪਾਰਟ ੨)
Giani Sant Singh ji Maskeen · ਕਥਾ ਅਤੇ ਲੈਕਚਰ · ੧੦੮ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ