''ਜਿੰਦਰ ਤੇਰੀ ਚਿੱਠੀ...।'' ਘਰੋਂ ਬਾਹਰ ਨਿਕਲੇ ਜਿੰਦਰ ਨੂੰ ਡਾਕੀਏ ਨੇ ਚਿੱਠੀ ਫੜਾਉਂਦਿਆਂ ਕਿਹਾ। ''ਕਾਹਦੀ ਆ ਗਈ ਅੰਕਲ ਚਿੱਠੀ।'' ਉਹਨੇ ਪੁੱਛਿਆ ਚਾਹਿਆ। ''ਲੱਗਦੈ ਬਈ ਕਿਸੇ ਨੌਕਰੀ ਦੀ ਆ... ਕਾਲ ਲੈਟਰ ਆ ਮੈਨੂੰ ਤਾਂ ਇਵੇਂ ਲਗਦੈ... ਭਰੀ ਆ ਕੋਈ ਪੋਸਟ ਲੁਧਿਆਣੇ...।'' ''ਆਹੋ ਭਰੀ ਤਾਂ ਸੀ... ਟੈਸਟ ਵੀ ਹੋਇਐ...।'' ਜਿੰਦਰ ਬੋਲਿਆ। ''ਚਲ ਫਿਰ ਖੋਲ੍ਹ ਤੇ ਕਰਵਾ ਮੂੰਹ ਮਿੱਠਾ।'' ਡਾਕੀਆ ਖ਼ੁਸ਼ ਹੁੰਦਾ ਹੋਇਆ ਬੋਲਿਆ। ਜਿੰਦਰ ਨੇ ਚਿੱਠੀ ਖੋਲ੍ਹੀ ਤਾਂ ਉਹਨੂੰ ਬੇਹੱਦ ਖ਼ੁਸ਼ੀ ਹੋਈ... ਇਹ ਤਾਂ ਸੱਚਮੁਚ ਹੀ ਕਾਲ ਲੈਟਰ ਸੀ... ਉਹਨੂੰ ਨੌਕਰੀ ਲਈ ਇੰਟਰਵਿਊ ਦੇਣ ਲਈ ਬੁਲਾਇਆ ਜਾ ਰਿਹਾ ਸੀ।
''ਆਜੋ ਅੰਕਲ ਸੱਚਮੁਚ ਈ ਕਾਲ ਲੈਟਰ ਏ... ਇੰਟਰਵਿਊ ਏ ਇਕ ਤਰੀਕ ਨੂੰ... ਆ ਜੋ ਅੰਕਲ ਚਾਹ ਪੀ ਲੋ।'' ''ਨਹੀਂ ਜਿੰਦਰ ਮੈਂ ਚਲਦਾਂ... ਆਹ ਦੋ ਚਿੱਠੀਆਂ ਹੋਰ ਨੇ... ਨਾਲ ਵਾਲੇ ਪਿੰਡ ਦੀਆਂ... ਇਕ ਵਾਰ ਦੇ ਆਵਾਂ ਪਤਾ ਨੀਂ ਅਗਲੇ ਕਿਸੇ ਨੂੰ ਜ਼ਰੂਰੀ ਹੋਣ...।'' ਡਾਕੀਆ ਕਹਿੰਦਾ ਅੱਗੇ ਮੋਪਡ 'ਤੇ ਚਲਿਆ ਗਿਆ ਸੀ। ਜਿੰਦਰ ਨੂੰ ਅੱਜ ਸਵੇਰੇ ਹੀ ਹੀ ਖ਼ੁਸ਼ੀ ਦੀ ਖ਼ਬਰ ਹੱਥ ਲੱਗ ਗਈ ਸੀ... ਖ਼ਬਰ ਕੀ ਉਹਦੀ ਤਾਂ ਸਮਝੋ ਲਾਟਰੀ ਈ ਨਿਕਲ ਆਈ ਸੀ... ਬੀ.ਏ. ਕਰਨ ਤੋਂ ਮਗਰੋਂ ਕੰਪਿਊਟਰ ਇੰਜਨੀਅਰਿੰਗ ਦੇ ਕੀਤੇ ਕੋਰਸ ਨੂੰ ਅੱਜ ਮਾਨੋਂ ਫ਼ਲ ਲੱਗਣ ਲੱਗ ਪਿਆ ਸੀ। ਗੇਟ ਖੋਲ੍ਹ ਕੇ ਉਹਨੇ ਜਦੋਂ ਘਰ ਗੱਲ ਸੁਣਾਈ ਤਾਂ ਸਾਰੇ ਘਰ 'ਚ ਖ਼ੁਸ਼ੀ ਦਾ ਮਾਹੌਲ ਹੋ ਗਿਆ।
ਕੋਈ ਉਹਨੂੰ ਇੰਟਰਵਿਊ ਦੀ ਤਿਆਰੀ ਕਰਨ ਲਈ ਕਹਿ ਰਿਹਾ ਸੀ ਤੇ ਕੋਈ ਉਸ ਨੂੰ ਖੁਆਉਣ-ਪਿਲਾਉਣ ਦੀ ਤਿਆਰੀ ਕਰਨ 'ਚ ਜੁਟ ਗਿਆ। ਇਕ ਤਰੀਕ ਨੂੰ ਉਹ ਪਿੰਡੋਂ ਨਿਕਲਦੀ ਰੇਲ ਗੱਡੀ ਰਾਹੀਂ ਹੀ ਲੁਧਿਆਣੇ ਪਹੁੰਚ ਗਿਆ ਸੀ... ਇੰਟਰਵਿਊ ਦਾ ਟਾਈਮ ਵੀ ਤਾਂ ਸ਼ਾਮ ਦੋ ਵਜੇ ਦਾ ਹੀ ਸੀ... ਇਸ ਲਈ ਉਹਨੂੰ ਕੋਈ ਦਿੱਕਤ ਨਾ ਹੋਈ। ਕਾਲ ਲੈਟਰ 'ਤੇ ਲਿਖੇ ਪਤੇ 'ਤੇ ਜਦੋਂ ਉਹ ਇੰਟਰਵਿਊ ਦੇਣ ਲਈ ਪਹੁੰਚਿਆ ਤਾਂ ਉਹਦੇ ਸਾਹਮਣੇ ਕੰਪਨੀ ਦਾ ਨਾਮ ਵੱਡੇ ਅੱਖਰਾਂ 'ਚ ਤੀਸਰੀ ਮੰਜ਼ਿਲ 'ਤੇ ਲਿਖਿਆ ਦਿਖਾਈ ਦਿੱਤਾ। ਉਹਨੇ ਆਲੀਸ਼ਾਨ ਇਮਾਰਤ ਦੇਖੀ ਤਾਂ ਉਹ ਦੰਗ ਰਹਿ ਗਿਆ... ਫਰੰਟ 'ਤੇ ਲੱਗੇ ਸ਼ੀਸ਼ਿਆਂ ਨੇ ਉਹਦੀਆਂ ਅੱਖਾਂ ਨੂੰ ਚੁੰਧਿਆ ਦਿੱਤਾ ਸੀ...
ਪੌੜੀਆਂ 'ਤੇ ਲੱਗੇ ਮਹਿੰਗੇ ਸੰਗਮਰਮਰ ਨੇ ਉਹਦੇ ਬੂਟਾਂ ਨੂੰ ਤਿਲਕਣ ਲਾ ਦਿੱਤਾ ਸੀ... ਉਹ ਪੌੜੀਆਂ ਚੜਦਾ ਹੋਇਆ ਤੀਸਰੀ ਮੰਜ਼ਿਲ ਤਕ ਜਾ ਪਹੁੰਚਿਆ ਸੀ। ਤੀਸਰੀ ਮੰਜ਼ਿਲ ਤਕ ਪਹੁੰਚਦੇ-ਪਹੁੰਚਦੇ ਉਹਨੂੰ ਖਾਸਾ ਸਾਹ ਚੜ੍ਹ ਆਇਆ ਸੀ... ਉਹਨੇ ਦਮ ਮਾਰਿਆ ਤੇ ਸਾਹਮਣੇ ਸੁੰਦਰ ਸ਼ੀਸ਼ੇ ਦੇ ਦਰਵਾਜ਼ੇ ਨੂੰ ਪੁਸ਼ ਕੀਤਾ ਤਾਂ ਬਿਲਕੁਲ ਸਾਹਮਣੇ ਹੀ ਰਿਸੈਪਸ਼ਨ ਸੀ... ਤੇ ਰਿਸੈਪਸ਼ਨ 'ਤੇ ਬਹੁਤ ਹੀ ਸੁੰਦਰ ਤੇ ਕੋਮਲ ਜਿਹੀਆਂ ਕੁੜੀਆਂ ਬੈਠੀਆਂ ਹੋਈਆਂ ਸਨ... ਝਕਦੇ-ਝਕਦੇ ਨੇ ਜਦੋਂ ਉਹਨੂੰ ਇੰਟਰਵਿਊ ਬਾਰੇ ਪੁਛਿਆ ਤਾਂ ਉਨ੍ਹਾਂ ਵਿਚੋਂ ਇਕ ਬੜੇ ਸਲੀਕੇ ਨਾਲ ਬੋਲੀ। ''ਆਓ, ਤੁਸੀਂ ਇੱਥੇ ਬੈਠੇ ਤੁਹਾਨੂੰ ਮਿਲਾਉਂਦੇ ਹਾਂ।'' ਉਹਨੇ ਸਾਹਮਣੇ ਪਈ ਸੁੰਦਰ ਗੱਦਿਆਂ ਵਾਲੀ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕਰ ਦਿੱਤਾ।
ਜਿੰਦਰ ਨੂੰ ਉਥੇ ਬੈਠਿਆਂ ਕਰੀਬ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਪਰ ਅਜੇ ਤਾਈ ਕਿਸੇ ਨੇ ਉਸਨੂੰ ਪੁੱਛਿਆ ਤਕ ਨਹੀਂ ਸੀ... ਉਹਨੇ ਫਿਰ ਰਿਸੈਪਸ਼ਨ 'ਤੇ ਦਸਤਕ ਦਿੱਤੀ ਤੇ ਪਾਣੀ ਆਦਿ ਲਈ ਪੁੱਛਿਆ। ''ਬਿਲਕੁਲ ਅੱਗੇ ਜਾ ਕੇ ਵਾਟਰਕੂਲਰ ਹੈ... ਉਥੋਂ ਪਾਣੀ ਲੈ ਲਓ... ਬਾਕੀ ਸਰ ਹੁਣੇ ਵਿਹਲੇ ਹੁੰਦੇ ਆ ਤਾਂ ਤੁਹਾਨੂੰ ਮਿਲਾਉਂਦੇ ਹਾਂ।'' ਉਹ ਕਹਿ ਰਹੀ ਸੀ। ਪਾਣੀ ਪੀਣ ਤੋਂ ਬਾਅਦ ਉਹ ਫਿਰ ਉਸੇ ਸੀਟ 'ਤੇ ਆ ਬੈਠਿਆ ਸੀ। ਇਧਰੋਂ ਕੁਝ ਮੁੰਡੇ ਤੇ ਕੁੜੀਆਂ ਸ਼ਾਇਦ ਰੋਟੀ-ਪਾਣੀ ਖਾ ਕੇ ਸ਼ੀਸ਼ੇ ਥਾਣੀਂ ਅੰਦਰ ਆ ਵੜੇ... ਉਨ੍ਹਾਂ ਸਾਰਿਆਂ ਨੇ ਜਿੰਦਰ ਵੱਲ ਗਹੁ ਨਾਲ ਵੇਖਿਆ ਤੇ ਅੱਗੇ ਤੁਰਦੇ ਬਣੇ।
ਹੁਣ ਕਰੀਬ ਢਾਈ ਕੁ ਦਾ ਟਾਈਮ ਹੋ ਚੁੱਕਿਆ ਸੀ... ਪੌੜੀਆਂ ਤੋਂ ਕਿਸੇ ਦੇ ਜ਼ੋਰ-ਜ਼ੋਰ ਦੇ ਵੱਜਣ ਦਾ ਖੜਾਕ ਆਉਣਾ ਸ਼ੁਰੂ ਹੋ ਗਿਆ... ਜਿੰਦਰ ਉਸ ਖੜਾਕ ਨੂੰ ਸੁਣਨ ਲਈ ਉਤਾਵਲਾ ਉਸ ਵੱਲ ਕੰਨ ਕੀਤੀ ਬੈਠਾ ਰਿਹਾ। ਹੱਥਾਂ 'ਚ ਦੋ ਨਿੱਕੇ-ਨਿੱਕੇ ਟੇਬਲਾਂ ਦਾ ਸਹਾਰਾ ਲਈ... ਇਕ ਸਾਬਤ ਸੂਰਤ ਸਿੱਖ... ਭਰਵੀਂ ਦਾੜ੍ਹੀ... ਸਰੀਰ ਭਾਰਾ... ਆ ਹਾਜ਼ਰ ਹੋਇਆ। ਉਹ ਉਹਦੇ ਵੱਲ ਟਿਕਟਿਕੀ ਨਾਲ ਦੇਖ ਰਿਹਾ ਸੀ ਤੇ ਉਸ ਸਿੱਖ ਦੇ ਨਾਲ ਹੀ ਇਕ ਉਹਦੇ ਨਾਲ ਸਰੀਰਕ ਪੱਖੋਂ ਠੀਕ-ਠਾਕ ਪਰ ਉਹਨੂੰ ਸਹਾਰਾ ਦੇਣ ਜੋਗਾ ਹੋਰ ਸਿੱਖ ਖੜ੍ਹਾ ਹੋਇਆ... ਉਹਨੇ ਉਹਤੋਂ ਦੋਵੇਂ ਨਿੱਕੇ-ਨਿੱਕੇ ਟੇਬਲ ਪਕੜ ਲਏ ਤੇ ਹੱਥ ਵਾਲੀਆਂ ਹਥੌੜੀਆਂ ਉਹਨੂੰ ਪਕੜਾ ਦਿੱਤੀਆਂ...
ਹੁਣ ਉਹ ਹਥੌੜੀਆਂ ਦੇ ਸਹਾਰੇ ਜਿੰਦਰ ਕੋਲ ਆ ਬੈਠਾ ਸੀ। ਪਸੀਨਾ ਉਹਦੇ ਕਪੜਿਆਂ ਨੂੰ ਗਿੱਲਾ ਕਰ ਚੁੱਕਿਆ ਸੀ ਤੇ ਉਹ ਵਾਰ ਵਾਰ ਪਸੀਨਾ ਪੂੰਝਦਾ ਹੋਇਆ ਰੁਮਾਲ ਨੂੰ ਬੁਰੀ ਤਰ੍ਹਾਂ ਖੁਰਚ ਰਿਹਾ ਸੀ। ਜਿੰਦਰ ਉਹਦੀ ਹਰ ਹਰਕਤ ਨੂੰ ਪੂਰੀ ਸੰਜੀਦਗੀ ਨਾਲ ਬੈਠਾ ਦੇਖਦਾ ਰਿਹਾ। ਉਹਨੂੰ ਜਾਪਿਆ ਕਿ 'ਵਾਹਿਗੁਰੂ ਨੇ ਕਿੰਨਾ ਮਾੜਾ ਕੀਤੈ... ਜੇਕਰ ਦੇਣਾ ਸੀ ਤਾਂ ਪੂਰਾ ਤਾਂ ਦਿੰਦਾ ਸਰੀਰ...' ਉਹ ਉਦਾਸ ਜਿਹਾ ਹੋ ਗਿਆ। ''ਹੈਲੋ ਜਸਵਿੰਦਰ ਜੀ... ਤੁਹਾਨੂੰ ਅੰਦਰ ਬੁਲਾਇਐ... ਆਓ।'' ਇਕ ਰਿਸੈਪਸ਼ਨ ਵਾਲੀ ਕੁੜੀ ਨੇ ਆਣ ਕੇ ਕਿਹਾ ਤੇ ਉਹ ਅੰਦਰ ਨੂੰ ਚਲਾ ਗਿਆ। ''ਮੇ ਆਈ ਕਾਮਿਨ ਸਰ... '' ਕਹਿ ਕੇ ਉਹ ਦਫ਼ਤਰ ਅੰਦਰ ਵੜ ਗਿਆ।
ਉਸਨੇ ਵੱਡੀ ਸਾਰੀ ਕੁਰਸੀ 'ਤੇ ਬੈਠੇ ਅਫ਼ਸਰ ਨੂੰ ਬਾਅਦ 'ਚ 'ਸਤਿ ਸ੍ਰੀ ਅਕਾਲ ਜੀ' ਵੀ ਬੁਲਾਈ ਤੇ ਅਫ਼ਸਰ ਦਾ ਇਸ਼ਾਰਾ ਕੁਰਸੀ ਵੱਲ ਕਰਨ ਉਪਰੰਤ ਉਹ ਕੁਰਸੀ 'ਤੇ ਬੈਠ ਗਿਆ। ''ਤੁਹਾਡਾ ਨਾਮ ਜਸਵਿੰਦਰ ਸਿੰਘ ਈ ਏ ਨਾ... ਤੁਹਾਡੀ ਕਵਾਲੀਫਿਕੇਸ਼ਨ ਕਿੰਨੀ ਏ...।'' ਉਹਨੇ ਪੁੱਛਿਆ। ''ਜੀ ਸਰ... ਸਰ ਮੈਂ ਬੀ.ਏ. ਤਕ ਪੜ੍ਹਿਆ ਆਂ...।'' ਜਿੰਦਰ ਬੋਲਿਆ। ''ਸਾਨੂੰ ਇੱਥੇ ਕੰਪਿਊਟਰ ਆਪਰੇਟਰਾਂ ਦੀ ਲੋੜ ਏ... ਤੁਹਾਨੂੰ ਕਾਲ ਲੈਟਰ 'ਚ ਦੱਸਿਆ ਗਿਆ ਏ... ਹਾਂ ਤੁਸੀਂ ਦੱਸੋ ਕਿੰਨੀ ਸੈਲਰੀ ਦੀ ਆਸ ਕਰਦੇ ਹੋ...।'' ਉਹਨੇ ਫਿਰ ਪੁੱਛਿਆ। ''ਜੀ ਸਰ ਮੈਨੂੰ ਪਤੈ... ਸਰ ਮਹਿੰਗਾਈ ਦੇ ਸਮੇਂ 'ਚ ਜਿੰਨੀ ਹੋ ਸਕਦੀ ਏ...।'' ਜਿੰਦਰ ਲਹਿਜੇ ਨਾਲ ਬੋਲਿਆ।
''ਠੀਕ ਏ ਆਹ ਲਓ ਜੁਆਇੰਨਿੰਗ ਲੈਟਰ... ਤੁਸੀਂ ਦੋ ਪਾਸਪੋਰਟ ਸਾਈਜ਼ ਫ਼ੋਟੋਆਂ... ਬੀ.ਏ. ਸਰਟੀਫ਼ਿਕੇਟ ਰਿਸੈਪਸ਼ਨ 'ਤੇ ਜਮ੍ਹਾ ਕਰਵਾ ਦਿਓ... ਤੇ ਅਗਲੇ ਮਹੀਨੇ ਕੰਮ 'ਤੇ ਆ ਜਾਣਾ... ਬਾਕੀ ਤੁਸੀਂ ਰਿਸੈਪਸ਼ਨ 'ਤੇ ਹੀ ਪੁੱਛ ਲਓ... ਨਾਲੇ ਰਿਸੈਪਸ਼ਨ 'ਤੇ ਕਹਿਣਾ ਅਗਲੇ ਬੰਦੇ ਨੂੰ ਇੰਟਰਵਿਊ ਲਈ ਭੇਜ ਦੇਣ।'' ਜਿੰਦਰ ਨੇ ਤਾਂ ਸੋਚਿਆ ਸੀ ਸ਼ਾਇਦ ਉਥੇ ਪਤਾ ਨਹੀਂ ਕਿੰਨੇ ਹੀ ਬੰਦੇ ਉਹਦੇ ਕੋਲੋਂ ਸਵਾਲ-ਜਵਾਬ ਕਰਨਗੇ ਪਰ ਉਹਨੇ ਉਹਦੇ ਕੋਲੋਂ ਦੋ ਚਾਰ ਸਵਾਲ ਹੀ ਪੁੱਛੇ ਤੇ ਜੁਆਇਨਿੰਗ ਲੈਟਰ ਦੇ ਦਿੱਤਾ। ਜੁਆਇਨਿੰਗ ਲੈਟਰ ਲੈ ਕੇ ਉਹ ਫਿਰ ਵਾਪਸ ਰਿਸੈਪਸ਼ਨ 'ਤੇ ਆ ਗਿਆ ਤੇ ਉਹਨੇ ਬੌਸ ਦਾ ਮੈਸੇਜ਼ ਵੀ ਉਨ੍ਹਾਂ ਨੂੰ ਦੇ ਦਿੱਤਾ।
ਕੁਝ ਜ਼ਰੂਰੀ ਹਦਾਇਤਾਂ ਉਹਨੇ ਰਿਸੈਪਸ਼ਨ ਤੋਂ ਹਾਸਲ ਕੀਤੀਆਂ ਤੇ ਆਪਣੇ ਸਰਟੀਫ਼ਿਕੇਟ ਤੇ ਫ਼ੋਟੋਆਂ ਜਮ੍ਹਾਂ ਕਰਵਾ ਕੇ ਉਹ ਵਾਪਸ ਆਉਣ ਲਈ ਦਰਵਾਜ਼ੇ ਵੱਲ ਤੱਕਣ ਲੱਗਿਆ। ਸ਼ੀਸ਼ੇ ਦਾ ਦਰਵਾਜ਼ਾ ਉਹ ਬਾਹਰ ਨੂੰ ਧੱਕਣ ਹੀ ਲੱਗਾ ਸੀ ਕਿ ਉਹਨੇ ਦੇਖਿਆ ਕਿ ਉਹ ਸਿੱਖ ਜੋ ਹੁਣੇ ਫਹੁੜੀਆਂ 'ਤੇ ਚੱਲ ਕੇ ਆਇਆ ਸੀ... ਉਹ ਅੰਦਰ ਇੰਟਰਵਿਊ ਦੇਣ ਲਈ ਜਾ ਰਿਹਾ ਸੀ... ਉਹ ਸੋਚ ਰਿਹਾ ਸੀ ਕਿ ਇੰਨੀ ਮੁਸ਼ੱਕਤ ਨਾਲ ਕਿਵੇਂ ਤੀਸਰੀ ਮੰਜ਼ਲ ਤਕ ਪਹੁੰਚੇ ਕਰੇਗਾ ਰੋਜ਼ਾਨਾ।