ਜੰਗਲ ਦਾ ਰਾਜਾ ਸ਼ੇਰ ਹੁਣ ਬੁੱਢਾ ਹੋ ਗਿਆ ਸੀ ਪਰ ਉਸ ਦੀ ਦਹਿਸ਼ਤ ਤੇ ਦਬਦਬਾ ਅਜੇ ਵੀ ਕਾਇਮ ਸੀ | ਉਸ ਨੇ ਹੁਣ ਬੇਸ਼ੱਕ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਸੀ ਪਰ ਉਸ ਨੇ ਜੰਗਲ ਦੇ ਜੀਵਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਰੋਜ਼ਾਨਾ ਉਸ ਨੂੰ ਭੋਜਨ ਵਿਚ ਤਾਜ਼ਾ ਮਾਸ ਚਾਹੀਦਾ ਹੈ | ਇਸ ਲਈ ਕਿਸੇ ਇਕ ਪ੍ਰਾਣੀ ਨੂੰ ਆਪ ਹੀ ਉਸ ਦੀ ਗੁਫਾ ਵਿਚ ਭੋਜਨ ਬਣਨ ਲਈ ਆਉਣਾ ਪਵੇਗਾ | ਜੇ ਕਿਸੇ ਨੇ ਹੁਕਮ ਦੀ ਉਲੰਘਣਾ ਕੀਤੀ ਤਾਂ ਉਸ ਨੂੰ ਝਟਕੇ ਨਾਲ ਮਾਰਨ ਦੀ ਜਗ੍ਹਾ ਤੜਫਾ-ਤੜਫਾ ਕੇ ਮਾਰਿਆ ਜਾਵੇਗਾ | ਹੁਣ ਹਰ ਸਵੇਰ ਜਿਸ ਕਿਸੇ ਜਾਨਵਰ ਜਾਂ ਪਸ਼ੂ ਦਾ ਨਾਂਅ ਐਲਾਨਿਆ ਜਾਂਦਾ, ਉਹ ਡਰਦੇ-ਡਰਦੇ ਸ਼ੇਰ ਦਾ ਸ਼ਿਕਾਰ ਬਣਨ ਲਈ ਥਰ-ਥਰ ਕੰਬਦਾ ਹੋਇਆ ਉਸ ਦੀ ਗੁਫਾ ਵਿਚ ਪਹੁੰਚ ਜਾਂਦਾ | ਇਕ ਦਿਨ ਸ਼ੇਰ ਨੇ ਭੋਜਨ ਵਿਚ ਖਰਗੋਸ਼ ਦਾ ਮਾਸ ਮੰਗਿਆ | ਖਰਗੋਸ਼ ਨੂੰ ਸੁਨੇਹਾ ਮਿਲ ਗਿਆ ਸੀ | ਸ਼ੇਰ ਉਸ ਦੇ ਇੰਤਜ਼ਾਰ ਵਿਚ ਸੀ | ਪਰ ਖਰਗੋਸ਼ ਸਮੇਂ ਸਿਰ ਨਾ ਪਹੁੰਚਿਆ ਤੇ ਜਦੋਂ ਪਹੁੰਚਿਆ ਤਾਂ ਸ਼ੇਰ ਨੇ ਗੁੱਸੇ ਵਿਚ ਦੇਰੀ ਦਾ ਕਾਰਨ ਪੁੱਛਿਆ | ਖਰਗੋਸ਼ ਹੱਥ ਜੋੜ ਕੇ ਕਹਿਣ ਲੱਗਾ, 'ਮਹਾਰਾਜ, ਅਸਲ ਵਿਚ ਮੇਰੀ ਦੇਰੀ ਦਾ ਕਾਰਨ ਮੇਰੀ ਲਾਇਲਾਜ ਬਿਮਾਰੀ ਹੈ |' 'ਬਿਮਾਰੀ...?' ਸ਼ੇਰ ਨੇ ਥੋੜ੍ਹੀ ਹੈਰਾਨੀ ਜਿਹੀ ਨਾਲ ਕਿਹਾ | 'ਜੀ ਹਾਂ...
ਮੈਂ ਤਾਂ ਦੱਸਣਾ ਹੀ ਭੁੱਲ ਗਿਆ ਸੀ, ਮੈਨੂੰ ਛੂਤ ਦੀ ਬਿਮਾਰੀ ਹੈ | ਥੋੜ੍ਹਾ ਜਿਹਾ ਵੀ ਚਲਦਾ ਹਾਂ ਤਾਂ ਸਾਹ ਫੁੱਲ ਜਾਂਦਾ ਹੈ | ਫੇਫੜੇ ਫੁੱਲ ਜਾਂਦੇ ਹਨ | ਪੇਟ ਫੁੱਲ ਜਾਂਦਾ ਹੈ | ਇਸੇ ਲਈ ਤਾਂ ਰੁਕ-ਰੁਕ ਕੇ ਤੁਹਾਡੇ ਕੋਲ ਪਹੁੰਚਿਆ ਹਾਂ |' ਕਹਿੰਦੇ ਹੀ ਖਰਗੋਸ਼ ਨੇ ਆਪਣਾ ਢਿੱਡ ਵੀ ਥੋੜ੍ਹਾ ਫੁਲਾ ਲਿਆ ਸੀ | 'ਖੈਰ ਛੱਡੋ, ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ |' ਕਹਿ ਕੇ ਖਰਗੋਸ਼ ਨੇ ਸਿਰ ਝੁਕਾ ਲਿਆ ਤੇ ਰੋਣ ਲੱਗਾ | 'ਲਗਦੈ ਤੰੂ ਆਪਣੀ ਮੌਤ ਤੋਂ ਜ਼ਿਆਦਾ ਹੀ ਘਬਰਾ ਗਿਆ...', ਸ਼ੇਰ ਨੇ ਕਿਹਾ | 'ਨਹੀਂ ਮਹਾਰਾਜ... ਮੈਂ ਆਪਣੀ ਮੌਤ ਤੋਂ ਨਹੀਂ, ਤੁਹਾਡੀ ਮੌਤ...
|' 'ਮੇਰੀ ਮੌਤ?... ਕੀ ਬਕਵਾਸ ਕਰ ਰਿਹੈਂ... ਸਾਫ-ਸਾਫ ਦੱਸ |' 'ਮਹਾਰਾਜ, ਮੇਰੇ ਜੀਵਨ ਦੀ ਲੀਲਾ ਤਾਂ ਸਮਾਪਤ ਹੀ ਹੋ ਰਹੀ ਹੈ ਪਰ ਮੇਰੀ ਮੌਤ ਨਾਲ ਹੀ ਤੁਹਾਡੇ ਵੀ ਪ੍ਰਾਣ ਉਡ ਜਾਣਗੇ | ਇਹੋ ਸੋਚ ਕੇ ਰੋਣਾ ਆ ਗਿਆ | ਜਿਸ ਬਿਮਾਰੀ ਦੀ ਗੱਲ ਮੈਂ ਕਰ ਰਿਹਾ ਹਾਂ, ਮੈਨੂੰ ਖਾਣ ਮਗਰੋਂ ਉਹ ਤੁਹਾਡੇ ਅੰਦਰ ਆ ਜਾਵੇਗੀ ਤੇ ਫਿਰ... |' ਖਰਗੋਸ਼ ਨੇ ਆਪਣੇ ਹੰਝੂ ਪੂੰਝਦਿਆਂ ਕਿਹਾ | 'ਓਹ, ਇਹ ਤਾਂ ਮੈਂ ਸੋਚਿਆ ਹੀ ਨਹੀਂ | ਸ਼ੇਰ ਖਰਗੋਸ਼ ਦੀ ਗੱਲ ਸੁਣ ਕੇ ਘਬਰਾ ਗਿਆ ਸੀ | ਫਿਰ ਕਹਿਣ ਲੱਗਾ, 'ਤੰੂ ਆਪਣੇ ਰਾਜੇ ਪ੍ਰਤੀ ਵਫਾਦਾਰੀ ਨਿਭਾਈ ਹੈ | ਜੇ ਮੈਂ ਤੈਨੂੰ ਕਾਹਲੀ ਵਿਚ ਖਾ ਜਾਂਦਾ ਤਾਂ ਮੇਰੇ ਵੀ ਪ੍ਰਾਣ ਉਡ ਜਾਂਦੇ | ਕਹਿੰਦੇ ਨੇ ਕਿ ਮਰਨ ਵੇਲੇ ਕੋਈ ਝੂਠ ਨਹੀਂ ਬੋਲਦਾ | ਸ਼ਾਇਦ ਤੰੂ ਸੱਚ ਹੀ ਕਹਿ ਰਿਹਾ ਹੈਂ | ਤੰੂ ਮੇਰੀ ਜਾਨ ਬਚਾਈ, ਇਸ ਲਈ ਜਾਹ ਤੇਰੇ ਪ੍ਰਾਣ ਵੀ ਬਖਸ਼ੇ |' ਸ਼ੇਰ ਨੇ ਖਰਗੋਸ਼ 'ਤੇ ਜਿਵੇਂ ਅਹਿਸਾਨ ਜਤਾਉਣ ਦਾ ਦਿਖਾਵਾ ਕੀਤਾ | ਉਹ ਉਸ ਦੀ ਬਿਮਾਰੀ ਤੋਂ ਡਰਦਾ ਪਹਿਲਾਂ ਹੀ ਉਸ ਨੂੰ ਖਾਣ ਦਾ ਇਰਾਦਾ ਤਿਆਗ ਚੁੱਕਾ ਸੀ | ਖਰਗੋਸ਼ ਨੇ ਹਨੇਰੇ ਵਿਚ ਤੀਰ ਚਲਾਇਆ ਸੀ, ਜੋ ਨਿਸ਼ਾਨੇ 'ਤੇ ਲੱਗਾ | ਉਸ ਨੇ ਚਲਾਕੀ ਨਾਲ ਆਪਣੇ ਪ੍ਰਾਣ ਬਚਾਅ ਲਏ ਸੀ ਤੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਸੀ ਕਿ ਤਾਕਤ ਨਾਲੋਂ ਬੁੱਧੀ ਵੱਡੀ ਹੁੰਦੀ ਹੈ |