ਸ੍ਰੀ ਬਾਲਾ ਸੰਧੁਰੁ ਵਾਚ॥
ਦੋਹਰਾ॥
ਕਾਰਨ ਗੁਰੁ ਅਵਤਾਰ ਕੋ ਮੈਂ ਬਰਨਯੋ ਚਿਤ ਲਾਇ। ਸੁਨਹੁ ਜਨਮ ਕੀ ਅਬ ਕਥਾ ਸ੍ਰੀ ਅੰਗਦ ਸੁਖਦਾਇ!॥੩੧॥
ਭਾਈ ਬਾਲੇ ਨੇ ਕਿਹਾ-ਗੁਰੂ ਜੀ ਦੇ ਅਵਤਾਰ ਧਾਰਮ ਦੇ ਕਾਰਨ ਨੂੰ ਮੈਂ ਮਨ ਅਤੇ ਚਿਤ ਲਾ ਕੇ ਬੜੇ ਪ੍ਰੇਮ ਨਾਲ ਵਰਣਨ ਕੀਤਾ ਹੈ। ਹੇ ਗੁਰੂ ਅੰਗਦ ਦੇਵ ਜੀ ਮਹਾਰਾਜ! ਹੁਣ ਗੁਰੂ ਜੀ ਦੇ ਜਨਮ ਦੀ ਕਥਾ ਵੀ ਸੁਣੋ।੩੧।
ਚੌਪਈ-ਬਾਰ ਦੇਸ਼ ਸਭਿ ਦੇਸ਼ ਨਰੇਸ਼ੂ। ਗ੍ਰਾਮ ਪ੍ਰਜਾ ਕੇ ਹਰਤਿ ਕਲੇਸ਼ੂ। ਐਰਾਵਤੀ ਏਕ ਦਿਸ਼ਿ ਬਾਰੀ। ਸੁੰਦਰ ਰੰਗ ਤਰੰਗ ਉਛਾਰੀ॥੩੨॥
ਬਾਰ ਦੇਸ਼ ਅਤੇ ਸਭ ਦੇਸ਼ਾਂ ਦੇ ਰਾਜੇ, ਗ੍ਰਾਮ ਰੂਪ ਪਰਜਾ ਦੇ ਸਭ ਦੁੱਖ ਦੂਰ ਕਰਦੇ ਹਨ। ਇਕ ਪਾਸੇ ਸੁੰਦਰ ਰਾਵੀ ਨਦੀ ਵੱਗ ਰਹੀ ਹੈ ਤੇ ਉਸ ਦੀਆਂ ਰੰਗੀਨ ਲਹਿਰਾਂ ਉਛਾਲੇ ਮਾਰ ਰਹੀਆਂ ਹਨ।੩੨।
ਚੌਪਈ-ਸੋ ਬਰ ਬਿਜਨ ਹੋਤਿ ਹੈ ਤਾਂਪੈ॥
ਨ੍ਰਿਪਤਾ ਕੋ ਲੱਛਨ ਛਬਿ ਥਾਪੈ। ਚੰਦ੍ਰਭਗਾ ਦਿਸ਼ਿ ਦੁਤਿਯ ਸੁਹਾਈ॥
ਮਾਲ ਤਰੰਗਨਿ ਸਵੱਛ ਉਠਾਈ॥੩੩॥
ਇੰਝ ਲੱਗ ਰਿਹਾ ਹੈ ਜਿਵੇਂ ਉਸ ਤੇ ਸੁੰਦਰ ਪੱਖਾ ਝੁਲ ਰਿਹਾ ਹੈ, ਜਿਸ ਤੋਂ ਉਸ ਦੇ ਰਾਜਪੁਣੇ ਦੇ ਸਾਰੇ ਗੁਣ ਵਿਦਮਾਣ ਹੋ ਰਹੇ ਹਨ। ਦੂਸਰੇ ਪਾਸੇ ਚਨਾਬ ਨਦੀ ਸ਼ੋਭਾ ਪਾ ਰਹੀ ਹੈ ਅਤੇ ਉਸ ਦੀਆਂ ਸਾਫ ਲਹਿਰਾਂ ਪੰਗਤੀਆਂ ਦੇ ਰੂਪ ਵਿਚ ਉੱਪਰ ਉੱਠ ਰਹੀਆਂ ਹਨ।੩੩।
ਤਾਂਪਰ ਹੋਤਿ ਚਮਰ ਛਬਿ ਭਾਰੀ। ਮਹਿਮਾਂ ਮਹਾਂ ਜਨਾਵਨ ਕਾਰੀ। ਸਦਾ ਸੁਕਾਲ ਸਸਿਨ ਕੋ ਸਾਲੀ। ਤਹਿਂ ਦੁਕਾਲ ਕੀ ਕੌਨ ਕੁਚਾਲੀ?॥੩੪॥
ਇੰਝ ਲੱਗ ਰਿਹਾ ਹੈ ਜਿਵੇਂ ਸੁੰਦਰ ਚੌਰ ਭਾਰੀ ਸ਼ੌਭਾ ਪਾ ਰਿਹਾ ਹੈ, ਉਸ ਦੀ ਮਹਾਂ ਮਹਿਮਾਂ ਵੇਖਣਯੋਗ ਭਾਵ ਮਾਨਣਯੋਗ ਹੈ। ਉਸ ਦਾ ਪਾਣੀ ਜਦ ਖੇਤਾਂ ਨੂੰ ਲਗਦਾ ਹੈ ਤਾਂ ਫਸਲ ਬਹੁਤ ਹੁੰਦੀ ਹੈ, ਭਾਵ ਇਹ ਨਦੀ ਖੇਤੀਆਂ ਦਾ ਘਰ ਹੈ। ਫਿਰ ਅਜਿਹੇ ਇਲਾਕੇ ਵਿਚ ਜਿਥੇ ਬਹੁਤ ਫਸਲ ਹੁੰਦੀ ਹੋਵੇ, ਕਾਲ ਕਿਵੇਂ ਪੈ ਸਕਦਾ ਹੈ?।੩੪।
ਸਪਤਈਤ ਕੋ ਭੀਤ ਨ ਪਾਵਾ। ਤਸਕਰ ਕੁਲ ਤਜਿ ਅਨਤ ਪਰਾਵਾ॥ ਪਥਕ ਜਾਤ ਜਹਿਂ ਮਨ ਬਿਰਮਾਵਾ। ਹੇਰਿ ਹਿਤੂ ਨਰ ਕੁਟੰਬ ਭੁਲਾਵਾ॥੩੫॥
ਖੇਤੀ ਨੂੰ ਲੱਗਣ ਵਾਲੇ ਸੱਤ ਰੋਗਾਂ, ਭਾਵ ਔੜ, ਅਧਿਕ ਬਰਖਾ, ਟਿੱਢੀ ਦਲ, ਪੰਛੀਆਂ ਦਾ ਖਾਣਾ, ਰਾਜੇ ਦੀ ਚੜ੍ਹਾਈ ਅਤੇ ਕੁੰਗੀ ਦਾ ਵੀ ਕੋਈ ਡਰ ਨਹੀਂ ਹੈ। ਚੋਰ, ਡਾਕੂ ਵੀ ਉਸ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ ਹਨ। ਜਾਂਦਿਆਂ ਰਾਹੀਆਂ ਦਾ ਵੀ ਇਸ ਇਲਾਕੇ ਨੂੰ ਵੇਖ ਕੇ ਮਨ ਮੋਹਿਤ ਹੋ ਜਾਂਦਾ ਹੈ। ਮਿੱਤਰ ਮਨੁੱਖ ਵੀ ਇਸ ਖੇਤਰ ਨੂੰ ਵੇਖ ਕੇ ਆਪਣੇ ਪਰਿਵਾਰ ਨੂੰ ਹੀ ਭੁੱਲ ਜਾਂਦੇ ਹਨ।੩੫।
ਫਲ ਫੂਲਨ ਦਲਯੁਤ ਤਰੁ ਚਾਰੂ। ਪਥਕ ਹੇਤ ਠਾਢੇ ਸੁਖਕਾਰੂ। ਬਸਹਿਂ ਲੋਕ ਜਹਿਂ ਸੁਜਨ ਸੁਚਾਲੀ। ਦਯਾ ਧਰਮ ਕੇ ਜੇ ਪ੍ਰਿਤਪਾਲੀ॥੩੬॥
ਉਥੇ ਫਲ, ਫੁੱਲ ਅਤੇ ਪੱਤਿਆਂ ਸਮੇਤ ਸੁੰਦਰ ਬ੍ਰਿੱਛ ਸ਼ੋਭਾ ਪਾ ਰਹੇ ਹਨ। ਉਹ ਜਾਂਦੇ ਰਾਹੀਆਂ ਨੂੰ ਬੜਾ ਸੁੱਖ ਦਿੰਦੇ ਹਨ ਮਾਨੋ ਉਹ ਉਥੇ ਰਾਹੀਆਂ ਵਾਸਤੇ ਹੀ ਖਿੜੇ ਹਨ। ਉਥੇ ਬੜੇ ਚੰਗੇ ਵਿਹਾਰ ਅਤੇ ਸਦਾਚਾਰ ਵਾਲੇ ਭੱਦਰਪੁਰਸ਼ ਵੱਸਦੇ ਹਨ। ਦਇਆ ਅਤੇ ਧਰਮ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ।੩੬।
ਅਥਿਤ ਸੇਵ ਮਹਿਂ ਜਿਨ ਮਨ ਰਾਤਾ। ਗੁਨ ਗ੍ਰਾਹੀ ਸਭਿ ਬਿਦਯਾ ਗਯਾਤਾ। ਉਪਜਹਿਂ ਜਹਿਂ ਤੁਰੰਗ ਬਹੁ ਸੁੰਦਰ। ਬਲੀ ਤਰਲਤਾ ਗੁਨ ਕੇ ਮੰਦਰ॥੩੭॥
ਲੋੜਵੰਦ ਅਤੇ ਗਰੀਬਾਂ ਦੀ ਸੇਵਾ ਕਰਨ ਵਿਚ ਜਿਨ੍ਹਾਂ ਮਨ ਰੰਗਿਆ ਹੋਇਆ ਹੈ, ਬਾਵ ਉਸ ਇਲਾਕੇ ਦੇ ਲੋਕ ਹਰ ਲੋੜਵੰਦ ਦੀ ਮਦਦ ਕਰਦੇ ਹਨ, ਉਹ ਗੁਣਾਂ ਦੇ ਭੰਡਾਰ ਹਨ ਅਤੇ ਵਿਦਿਆ ਦੇ ਗਿਆਤਾ ਹਨ। ਓਥੇ ਬੜੇ ਸੁੰਦਰ ਘੋੜੇ ਪੈਦਾ ਹੁੰਦੇ ਹਨ। ਉਹ ਬੜੇ ਬਲੀ, ਤਿੱਖੇ, ਤੇਜ਼ ਅਤੇ ਗੁਣਾਂ ਦਾ ਘਰ ਹੁੰਦੇ ਹਨ।੩੭।
ਔਰ ਪਸ਼ੂ ਬਹੁ ਸੁਭਗ ਸੁ ਜਾਤੀ। ਤਿਨਕੀ ਖਾਨ ਕੀਨਿ ਬਿਧਿ ਖਯਾਤੀ। ਜੋ ਅਸ ਦੇਸ਼ ਰੁਚਿਤ ਬਰ ਸਗਰਾ। ਭਰਤਖੰਭ ਮਹਿਂ ਸ਼ੁਭਤਿ ਉਜਗਰਾ॥੩੮॥
ਉਥੋਂ ਦੇ ਪਸ਼ੂ ਵੀ ਬੜੀਆਂ ਵਧੀਆ ਨਸਲਾਂ ਦੇ ਹੁੰਦੇ ਹਨ। ਵਿਧਾਤਾ ਨੇ ਨਸਲਾਂ ਨੂੰ ਆਪ ਪ੍ਰਗਟ ਕੀਤਾ ਹੈ। ਉਹ ਸਾਰਾ ਦੇਸ਼ ਹੀ ਬੜਾ ਸੁੰਦਰ ਅਤੇ ਸ੍ਰੇਸ਼ਟ ਹੈ। ਬਾਰ ਦਾ ਉਹ ਇਲਾਕਾ ਰਾਜੇ ਭਰਤ ਦੇ ਦੇਸ਼ ਵਾਂਗ ਸ਼ੋਭਾ ਪਾ ਰਿਹਾ ਹੈ, ਮਾਨੋ ਉਹ ਇਲਾਕਾ ਭਰਤ ਖੰਡ ਹੈ।੩੮।
ਚੌਪਈ- ਤਿਹ ਮਹਿਂ ਤਲਵੰਡੀ ਭਲ ਨਗਰੀ। ਚਾਰ ਬਰਨ ਕਰਿ ਪੂਰਤਿ ਸਗਰੀ। ਜਿਹ ਕੇ ਚਹੁਂਦਿਸ ਬਾਗ਼ ਸੁਹਾਵਾ। ਕੁਸਮ ਬਾਟਿਕਾ ਬਹੁ ਛਬਿ ਪਾਵਾ॥੩੯॥
ਉਸ ਦੇਸ਼ ਵਿਚ ਤਲਵੰਡੀ ਨਾਮੀਂ ਇਕ ਭਲਾ ਨਗਰ ਹੈ। ਚਾਰੇ ਵਰਨਾਂ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰਾਂ ਨਾਲ ਉਹ ਭਰੀ ਹੋਈ ਹੈ। ਉਸ ਨਗਰ ਦੇ ਚਾਰ-ਚੁਫੇਰੇ ਬਾਗ ਸ਼ੋਭਾ ਪਾ ਰਹੇ ਹਨ। ਫੁੱਲਾਂ ਦੇ ਬਗੀਚੇ ਵੀ ਬੜੇ ਸੁੰਦਰ ਲੱਗ ਰਹੇ ਹਨ।੩੯।
ਨਗਰ ਕੋਟ ਦਿਢਿ ਬਨਯੋ ਉਤੰਗਾ। ਮਤਸਰ ਧਰਤਾ ਜੋ ਗਿਰਿ ਸੰਗਾ। ਅਟਾ ਘਟਾ ਸੰਗ ਕਰਤਿ ਬਿਲਾਸਾ। ਮਨਹੁ ਨਿਰੋਧਨ ਕੀ ਹਿਯ ਆਸਾ॥੪੦॥
ਨਗਰ ਦੇ ਇਰਦ-ਗਿਰਦ ਕਿਲ੍ਹੇ ਵਾਂਗ ਇਕ ਉੱਚੀ ਦੀਵਾਰ ਬਣੀ ਹੋਈ ਹੈ, ਜਿਹੜੀ ਕਿ ਮਜ਼ਬੂਤੀ ਵਿਚ ਪਹਾੜ ਦਾ ਮੁਕਾਬਲਾ ਕਰਦੀ ਹੈ। ਨਗਰ ਵਿਚ ਬਣੀਆਂ ਅਟਾਰੀਆਂ ਬੱਦਲਾਂ ਨਾਲ ਗੱਲਾਂ ਕਰਦੀਆਂ ਹਨ, ਭਾਵ-ਬਹੁਤ ਉੱਚੀਆਂ ਹਨ। ਮਾਨੋ ਇਹ ਅਟਾਰੀਆਂ ਦਿਲਾਂ ਵਿਚ ਬੱਦਲਾਂ ਨੂੰ ਰੋਕਣ ਦੀ ਆਸ ਲਾਈ ਬੈਠੀਆਂ ਹਨ।੪੦।
ਮੰਦਿਰ ਜਹਿਂ ਸੁੰਦਰ ਛਬਿ ਪਾਈ। ਸਰਬ ਰੁਤਿਨ ਮਹਿਂ ਜੇ ਸੁਖਦਾਈ। ਅਸ਼ਟਾਪਦ ਸਮ ਬਿਪਨੀ ਭੂਰੀ। ਬਨਜ ਸੌਜ ਸੋਂ ਆਪਨ ਪੂਰੀ॥੪੧॥
ਨਗਰ ਵਿਚ ਘਰ ਵੀ ਬਹੁਤ ਸੁੰਦਰ ਬਣੇ ਹਨ, ਜਿਹੜੇ ਸਾਰੀਆਂ ਰੁੱਤਾਂ ਵਿਚ ਸੁਖਦਾਇਕ ਹਨ। ਚੌਪੜ ਵਾਂਗ ਬਣੀ ਮੰਡੀ ਹੈ, ਜਿਥੇ ਵਣਜ ਵਪਾਰ ਹੁੰਦਾ ਹੈ ਅਤੇ ਸਾਰੀਆਂ ਦੁਕਾਨਾਂ ਸੌਦੇ ਨਾਲ ਭਰੀਆਂ ਹੋਈਆ ਹਨ।੪੧।
ਸ੍ਰੀ ਨਾਨਕ ਆਗਮ ਕੇ ਹੇਤੂ। ਰਚਯੋ ਸੁਰਗ ਵਿਧਿ ਸੁਖ ਸੰਕੇਤੂ। ਸੁਰਭੀ ਖੀਰ ਪਯੁਖ ਸਮਾਨਾ। ਸੁਰਸਮ ਸੁੰਦਰ ਮਨੁਝ ਸੁਜਾਨਾ॥੪੨॥
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਵਾਸਤੇ ਵਿਧਾਤਾ ਨੇ ਸਵਰਗ ਵਰਗਾ ਸੁੱਖਾ ਦਾ ਘਰ ਬਣਾ ਦਿੱਤਾ। ਗਊਆਂ ਦਾ ਦੁੱਧ ਅੰਮ੍ਰਿਤ ਵਰਗਾ ਹੈ। ਨਗਰੀ ਦੇ ਮਨੁੱਖ ਦੇਵਤਿਆਂ ਵਰਗੇ ਸੁੰਦਰ ਅਤੇ ਚਤੁਰ ਹਨ।੪੨।
ਜਿਹ ਕੀ ਰਚਨਾ ਹੇਤਿ ਬਚਿੱਤ੍ਰਾ। ਵਿਸ਼ਕਰਮਾ ਹੋਇਓ ਚਿਤ ਚਿੱਤ੍ਰਾ। ਸਰੁਤਿ ਪਾਠੀ ਹੋਤੀ ਤਤਵੇਤੂ। ਖਟਕਰਮੀ ਕ੍ਰਿਤ ਕੈਵਲ ਹੇਤੂ॥੪੩॥
ਉਸ ਨਗਰੀ ਦੀ ਸੁੰਦਰ ਅਤੇ ਵਿਚਿੱਤਰ ਰਚਨਾ ਨੂੰ ਵੇਖ ਕੇ ਕਾਰੀਗਰੀ ਦਾ ਦੇਵਤਾ ਵਿਸ਼ਵਕਰਮਾ ਵੀ ਚਿੱਤ ਵਿਚ ਹੈਰਾਨ ਰਹਿ ਗਿਆ। ਉਸ ਨਗਰ ਵਿਚ ਵੇਦ ਪਾਠੀ, ਯੱਗ ਵਿਚ ਆਹੂਤੀ ਦੇਣ ਵਾਲੇ ਅਤੇ ਯੱਗ ਕਿਰਿਆ ਨੂੰ ਜਾਣਨ ਵਾਲੇ ਰਹਿੰਦੇ ਹਨ। ਮੁਕਤੀ ਪ੍ਰਾਪਤ ਕਰਨ ਵਾਸਤੇ ਖਟ ਕਰਮੀ ਵੀ ਵੱਸਦੇ ਹਨ।੪੩।
ਅਜ ਦਿਜਵਰ ਜਹਿਂ ਬਸੇ ਸੁਖਾਰੇ। ਛੱਤ੍ਰੀ ਧਰਮਯੁੱਧ ਹਿਤ ਧਾਰੇ। ਬਨਕ ਧਨੀ ਕ੍ਰਿਤ ਬਨਜ ਬਿਨੀਤਾ। ਬਾਤ ਕੁਸਲ ਬੇਦਨ ਪਥ ਪ੍ਰੀਤਾ॥੪੪॥
ਬ੍ਰਾਹਮਣ ਓਥੇ ਬੜੇ ਆਰਾਮ ਸੁੱਖ ਨਾਲ ਰਹਿ ਰਹੇ ਹਨ। ਖੱਤਰੀ ਧਰਮਯੁੱਧ ਨਾਲ ਪ੍ਰੇਮ ਕਰਨ ਵਾਲੇ ਹਨ। ਸਾਰੇ ਵੈਸ਼ ਨੀਤੀ ਸੰਯੁਕਤ ਵਿਹਾਰ ਨਾਲ ਵਪਾਰ ਕਰ ਰਹੇ ਹਨ। ਚਤੁਰ ਮਨੁੱਖਾਂ ਦੀ ਵੇਦ ਮਾਰਗ ਨਾਲ ਪ੍ਰੀਤ ਹੈ।੪੪।
ਚੌਪਈ- ਸ਼ੂਦ੍ਰ ਸਭਿਨਿ ਕੀ ਸੇਵ ਕਰੇਈਂ। ਨਿਪੁਨ ਕਾਰ ਨਿਜ ਨਿਜ ਮਹਿਂ ਤੇਈ। ਨਰ ਅਰੋਗਤਾ ਯੁਤਿ ਕੁਸ਼ਲਾਤਾ। ਵੈਦਕ ਪਠਹਿ ਹੇਤੁ ਸਭਿ ਗਯਾਤਾ॥੪੫॥
ਸ਼ੂਦਰ ਸਾਰਿਆਂ ਦੀ ਸੇਵਾ ਕਰ ਰਹੇ ਹਨ। ਸਾਰੇ ਹੀ ਆਪਣਾ ਆਪਣਾ ਕੰਮ ਬੜੀ ਕੁਸ਼ਲਤਾ ਨਾਲ ਕਰ ਰਹੇ ਹਨ। ਮਨੁੱਖ ਅਰੋਗਤਾ ਸਹਿਤ ਪ੍ਰਸੰਨਤਾ ਨਾਲ ਵਿਚਰ ਰਹੇ ਹਨ। ਸਭ ਨੂੰ ਗਿਆਨ ਦੇਣ ਵਾਸਤੇ ਵੇਦਾਂ ਦਾ ਉਚਾਰਨ ਹੁੰਦਾ ਹੈ।੪੫।
ਬੇਦੀ ਬੰਸ ਬਸਹਿਂ ਧਨੁਧਾਰੀ। ਯੁੱਧ ਬੇਦਕਾ ਜਿਨਹਿਂ ਸੁਧਾਰੀ। ਤੁੰਡ ਕਾਲਿਕਾ ਪਾਵਕ ਕੁੰਡਾ। ਯੱਗ ਥੰਭ ਸੇ ਸ਼ੋਭਤਿ ਝੰਡਾ॥੪੬॥
ਸ਼ਸਤਰਧਾਰੀ ਬੇਦੀ ਬੰਸ ਵੀ ਵੱਸਦੇ ਹਨ, ਜਿਨ੍ਹਾਂ ਨੇ ਯੁੱਧ ਵਿਦਿਆ ਦਾ ਸੁਧਾਰ ਕੀਤਾ ਸੀ। ਮੁੱਖ ਕਾਲਿਕਾ, ਅਗਨੀ ਕੁੰਡ ਅਤੇ ਯੱਗ ਥੰਮ੍ਹ ਨਾਲ ਝੰਡਾ ਸ਼ੋਭਿਤ ਹੋ ਰਿਹਾ ਹੈ।੪੬।
ਕਿਰਪਨ ਸਮ ਕਾਤੁਰਤਾ ਖੋਏ। ਕਰਵਾਰਨ ਕੇ ਕਨਿ ਸਰੋਏ। ਦੁਸਟਾਮਿਖ ਬਹੁ ਦੀਨ ਅਹੂਤੀ। ਜਹਿਂ ਸਰਪੀ ਸ਼੍ਰੇਣਤ ਸੰਯੂਤੀ॥੪੭॥
ਯੱਗ ਕਰਤਾ ਨੇ ਸ਼ੂਮਤਾ ਛੱਡਣੀ ਹੁੰਦੀ ਹੈ, ਏਥੇ ਯੱਗ ਕਰਤਾਵਾਂ ਨੇ ਕਾਇਰਤਾ ਛੱਡ ਦਿੱਤੀ ਹੈ। ਯੱਗ ਵਿਚ ਘਿਉ ਆਦਿ ਚਮਚਿਆਂ ਨਾਲ ਪਾਇਆ ਜਾਂਦਾ ਹੈ, ਏਥੇ ਤਲਵਾਰਾਂ ਦੇ ਚਮਚੇ ਹਨ। ਦੁਸ਼ਟ ਮਨੁੱਖਾਂ ਦਾ ਮਾਸ ਹੀ ਆਹੂਤੀ ਹੈ ਅਤੇ ਘਿਉ ਦੀ ਥਾਂ ਯੱਗ ਵਿਚ ਲਹੂ ਪਾਇਆ ਜਾਂਦਾ ਹੈ।੪੭।
ਅਸ ਬੇਦੀ ਵਾਸੀ ਤਲਵੰਡੀ। ਜਿਨਕੀ ਬਹੁਤ ਕੀਰਤਿ ਜਗਮੰਡੀ। ਚਿਰੰਕਾਲ ਤਹਿਂ ਰਹਿਤਿ ਬਿਤਾਈ। ਭਾ ਸ਼ਿਵਰਾਮ ਤਾਸੁ ਕੁਲ ਮਾਂਹੀ॥੪੮॥
ਐਸੇ ਬੇਦੀ ਖਾਨਦਾਨ ਤਲਵੰਡੀ ਦੇ ਵਾਸੀ ਹਨ, ਜਿਨ੍ਹਾਂ ਦੀ ਜਗਤ ਵਿਚ ਬੜੀ ਕੀਰਤੀ ਕਾਇਮ ਹੋ ਚੁਕੀ ਹੈ। ਉਨ੍ਹਾਂ ਨੂੰ ਓਥੇ ਰਹਿੰਦਿਆਂ ਨੂੰ ਬਹੁਤ ਸਮਾਂ ਹੋ ਗਿਆ ਹੈ। ਸ਼ਿਵ ਰਾਮ ਬਾਬੇ ਕਾਲੂ ਦੇ ਪਿਤਾ ਜੀ ਓਸੇ ਕੁਲ ਵਿਚ ਪੈਦਾ ਹੋਏ ਹਨ।੪੮।
ਬ੍ਰਿੱਤਿ ਸ਼ਾਂਤਕੀ ਜਿਨ ਮਨ ਕੀਨੀ। ਜੀਵਾ ਰਜ ਤਮ ਕੀ ਤਜਿ ਦੀਨੀ। ਹੁਇ ਅਹਿੰਸ ਆਯੁਧ ਕਰ ਛੋਰੇ। ਸ੍ਰੀਪਤਿ ਕੇ ਪਦ ਪਦਮ ਨਿਹੋਰੇ॥੪੯॥
ਜਿਨ੍ਹਾਂ ਦੀ ਬ੍ਰਿਤੀ ਬੜੀ ਸ਼ਾਂਤ ਅਤੇ ਸੂਖਮ ਹੈ, ਉਨ੍ਹਾਂ ਨੇ ਰਜੋਗੁਨੀ, ਤਮੋਗੁਨੀ ਗੁਜ਼ਰਾਨ ਛੱਡ ਦਿੱਤੀ ਹੈ। ਹਿੰਸਾ-ਰਹਿਤ ਹੋ ਕੇ ਉਨ੍ਹਾਂ ਨੇ ਸ਼ਸਤਰ ਹੱਥੋਂ ਛੱਡ ਦਿੱਤੇ ਹਨ ਅਤੇ ਮਾਇਆ ਦੇ ਮਾਲਕ ਵਾਹਿਗੁਰੂ ਦੇ ਚਰਨ ਕੰਵਲਾਂ ਦੀ ਸ਼ਰਨ ਲੈ ਲਈ ਹੈ।੪੯।
ਤਿਹ ਬਨਾਰਸੀ ਨਾਮ ਸੁ ਤੀਯਾ। ਪਤਿਬ੍ਰਤਿ ਧਰਮ ਜਾਸੁ ਦਿਢ ਕੀਆ। ਤਿਨਤੇ ਸੁਤ ਜੁਗ ਭਏ ਸੁਚਾਲੂ। ਵਡ ਕਾਲੂ ਛੋਟੇ ਸ਼ੁਭ ਲਾਲੂ॥੫੦॥
ਉਸ ਦੀ ਸ੍ਰੇਸ਼ਟ ਇਸਤਰੀ ਦਾ ਨਾਂ ਬਨਾਰਸੀ ਦੇਵੀ ਹੈ, ਜਿਸ ਨੇ ਪਤੀਬ੍ਰਤਿ ਧਰਮ ਨੂੰ ਪੱਕਾ ਅਤੇ ਦ੍ਰਿੜ੍ਹ ਕੀਤਾ ਹੈ। ਉਨ੍ਹਾਂ ਦੇ ਘਰ ਦੋ ਸਦਾਚਾਰੀ ਪੁੱਤਰਾਂ ਨੇ ਜਨਮ ਲਿਆ, ਵੱਡਾ ਦਾ ਨਾਂ ਕਾਲੂ ਹੈ ਅਤੇ ਛੋਟੇ ਦਾ ਨਾਂ ਲਾਲੂ ਹੈ।੫੦।
ਵਡਭਾਗੀ ਜੋ ਹੈ ਸ਼ੁਭ ਕਰਮੀ। ਭਗਤਿ ਪਰਾਯਨ ਨਿਸ਼ਚਲ ਧਰਮੀ। ਜਪ ਤਪ ਬ੍ਰੱਤ ਨੇਮ ਸਮੁਦਾਏ। ਕਰਤਿ ਬਹੁਤ ਜਿਹ ਜਨਮ ਬਿਤਾਏ॥੫੧॥
ਬਾਬਾ ਕਾਲੂ ਜੀ ਸ਼ੁਭ ਕਰਮਾਂ ਵਾਲਾ ਬੜਾ ਵਡਭਾਗੀ ਹੈ। ਉਹ ਭਗਤੀ ਨੂੰ ਧਾਰਨ ਵਾਲਾ ਹੈ ਅਤੇ ਆਪਣੇ ਧਰਮ ਵਿਚ ਨਿਸ਼ਚਲ ਹੈ। ਉਸ ਸਾਰੇ ਜਪ, ਤਪ, ਵਰਤ, ਨੇਮ ਆਂਦਿ ਕਈਆਂ ਜਨਮਾਂ ਵਿਚ ਕੀਤੇ ਹਨ।੫੧।