੨੩ ਅੱਸੂ ਸੰਮਤ ੧੭੪੪ ਬਿਕ੍ਰਮੀ ਨੂੰ ਤਿੰਨ ਬਰਸ ਪਿੱਛੋਂ ਜੰਗ ਜਿੱਤ ਕੇ ਪਾਉਂਟੇ ਤੋਂ ਗੁਰੂ ਸਾਹਿਬ ਜੀ ਦਾ ਆਗਮਨ ਸੁਣ ਕੇ ਦੇਸ਼ ਦੇਸ਼ਾਂਤ੍ਰਾਂ ਤੋਂ ਬੜੇ ਉਤਸ਼ਾਹ ਨਾਲ ਟੋਲਯਾਂ ਦੇ ਟੋਲੇ ਸੰਗਤਾਂ ਆਵਣ ਲੱਗ ਪਈਆਂ। ਜਿਉਂ ਜਿਉਂ ਦੀਪਮਾਲਾ ਦਾ ਮੇਲਾ ਨੇੜੇ ਆਵੇ ਤਿਉਂ ਤਿਉਂ ਸੰਗਤ ਕੱਠੀ ਹੁੰਦੀ ਜਾਵੇ। ਬੜਾ ਭਾਰੀ ਮੇਲਾ ਭਰ ਗਿਆ। ਗੁਰੂ ਜੀ ਦੇ ਦਰਬਾਰ ਅੱਗੇ ਹਰ ਵੇਲੇ ਭੀੜ ਬਣੀ ਰਹੇ। ਦਸਵੰਧ ਤੇ ਕਾਰ ਭੇਟ ਦੀ ਏਨੀ ਮਾਯਾ ਸਿੱਖਾਂ ਨੇ ਚੜ੍ਹਾਈ ਕਿ ਖ਼ਜ਼ਾਨਾ ਭਰ ਗਿਆ ਤੇ ਗੁਰੂ ਸਾਹਿਬ ਜੀ ਨੇ ਭੀ ਕੜਾਹ ਪ੍ਰਸ਼ਾਦ ਹੋਣ ਦਾ ਹੁਕਮ ਦੇ ਛੱਡਿਆ। ਸਾਹਿਬਜ਼ਾਦੇ ਅਜੀਤ ਸਿੰਘ ਦੇ ਦਾਸ ਦਾਸੀਆਂ ਨੂੰ ਭੀ ਸਿਰਵਾਰਨੇ ਕਰ ਕਰ ਸਿੱਖਾਂ ਨੇ ਮਾਲਾ ਮਾਲ ਕਰ ਘਤਿਆ। ਸੰਗਤਾਂ ਹਰ ਵੇਲੇ ਆਉਣ, ਦੌਲਤ ਅਨੇਕ ਪ੍ਰਕਾਰ ਦੀ ਚੜ੍ਹਾਉਣ, ਦਰਸ਼ਨ ਪਾਉਣ, ਕਥਾ ਕੀਰਤਨ ਗੁਰੂ ਜੀ ਦੇ ਬਚਨ ਸੁਣ ਸੁਣ ਨਿਹਾਲ ਹੋਵਣ। ਜੇਹੀ ਕਾਮਨਾ ਕਰ ਕੇ ਕੋਈ ਆਵੇ, ਓਹੋ ਫ਼ਲ ਪ੍ਰਤੱਖ ਪਾ ਲਵੇ। ਭਾਵੇਂ ਖ਼ੁਸ਼ੀ ਤਾਂ ਗੁਰੂ ਜੀ ਦੀ ਸਭ ਪੁਰ ਸੀ, ਪਰ ਜੋ ਕੋਈ ਚੰਗਾ ਘੋੜਾ ਸ਼ਸਤ੍ਰ ਲਿਆ ਕੇ ਭੇਟ ਕਰਦਾ, ਉਸ ਉੱਤੇ ਵਧੇਰੇ ਖ਼ੁਸ਼ ਹੁੰਦੇ ਸਨ। ਦੋ ਵੇਲੇ ਦਰਬਾਰ ਵਿੱਚ ਸਿੰਘਾਸਨ ਉੱਤੇ ਬੈਠ ਕੇ ਗੁਰੂ ਜੀ ਦਰਸ਼ਨ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ। ਕਦੇ ਕਦੇ ਰਣਜੀਤ ਨਗਾਰਾ ਵਜਵਾ ਸ਼ਿਕਾਰ ਖੇਲਣ ਭੀ ਜਾਯਾ ਕਰਦੇ। ਘੋੜੇ ਫਿਰਾਵਣ ਨਿਸ਼ਾਨੇ ਲਗਾਵਣ ਦਾ ਬਹੁਤ ਸ਼ੁਗਲ ਰੱਖਣ ਲੱਗੇ। ਉਸ ਵੇਲੇ ਅਨੰਦਪੁਰ ਦੇ ਆਸ ਪਾਸ ਤੇ ਗੁਰੂ ਜੀ ਦੇ ਦੁਆਰੇ ਪਰ ਸ਼ਹਿਨਸ਼ਾਹਾਂ ਜੇਹੀ ਰੌਣਕ ਹੋ ਰਹੀ ਸੀ। ਸੰ: ੧੭੪੫ ਬਿਕ੍ਰਮੀ ਨੂੰ ਗੁਰੂ ਜੀ ਨੇ ਬੜੇ ਬੜੇ ਸ਼ਹਿਰਾਂ ਵਿੱਚੋਂ ਆਦਰ ਮਾਨ ਦੇ ਕੇ ਕਾਰੀਗਰਾਂ ਨੂੰ ਬੁਲਾ ਬੁਲਾ ਅਨੰਦਪੁਰ ਵਸਾਇਆ ਤੇ ਕਾਰਖਾਨੇ ਜਾਰੀ ਕਰਾ ਦਿੱਤੇ। ਸਭ ਤਰ੍ਹਾਂ ਦੇ ਸ਼ਸਤ੍ਰ ਤਿਆਰ ਹੋਣ ਲਗੇ। ਸਿਕਲੀਗਰ, ਬਾਢ ਤੇ ਸਾਣ ਚੜ੍ਹਾ ਚੜ੍ਹਾ ਜਮ੍ਹਾਂ ਕਰਨ ਲੱਗ ਪਏ। ਗੋਲੀਆਂ, ਗੋਲੇ, ਬਰੂਦ ਬਹੁਤ ਤਿਆਰ ਹੋ ਗਿਆ। ਤੋਪਾਂ ਭੀ ਅਨੇਕ ਢਲਵਾਈਆਂ, ਜਿਨ੍ਹਾਂ ਵਿੱਚੋਂ ਤੋਪਾਂ ਸੰਮਤ ੧੭੪੫ ਬਿਕ੍ਰਮੀ ਦੀਆਂ ਢਲੀਆਂ ਹੋਈਆਂ ਲਾਹੌਰ ਦੇ ਅਜਾਇਬ ਘਰ ਵਿੱਚ ਅਜੇ ਤੱਕ ਹਨ। ਏਸੇ ਸਾਲ ਮਾਤਾ ਨਾਨਕੀ ਜੀ ਪ੍ਰਲੋਕ ਗਮਨ ਮਾਤਾ ਨਾਨਕੀ ਜੀ (ਜੋ ਪੜੋਤ੍ਰੇ ਖਿਡਾਵਣ ਲਈ ਅਜੇ ਤੱਕ ਬੈਠੀ ਸੀ ਹੁਣ ਅਜੀਤ ਸਿੰਘ ਜੀ ਨੂੰ ਖਿਡਾ ਕੇ) ਸੱਚਖੰਡ ਵਿੱਚ ਜਾ ਵਸੀ। ਉਸ ਦੀ ਮ੍ਰਿਤ ਕ੍ਰਿਆ ਸਭ ਗੁਰਮਤ ਅਨੁਸਾਰ ਕਰ ਕੇ ਪਿੱਛੋਂ ਇੱਕ ਭਾਰੀ ਜੱਗਯ ਕੀਤਾ, ਜਿਸ ਵਿੱਚ ਬੇਦੀ, ਤੇਹਣ, ਭੱਲੇ, ਸੋਢੀ ਸਾਕ ਸੰਬੰਧ ਸਭ ਨੇ ਆ ਕੇ ਗੁਰੂ ਜੀ ਨੂੰ ਪੱਗਾਂ ਦੁਸ਼ਾਲੇ ਦੇ ਕੇ ਵਿਦਾਈ ਪਾਈ, ਗ਼ਰੀਬਾਂ ਨੂੰ ਬਹੁਤ ਗੱਫੇ ਮਿਲੇ। ਸ੍ਰੀ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਦਸਵੇਂ ਗੁਰੂ ਜੀ ਪ੍ਰਯੰਤ ਗੁਰੂ ਜੀ ਦੇ ਘਰ ਦੀ ਏਹ ਮ੍ਰਯਾਦਾ ਵਧ ਬਣੀ ਰਹੀ, ਸੌ ਸੌ, ਦੋ ਦੋ ਸੌ ਸਿੱਖ ਸਿੱਖਣੀਆਂ ਗੁਰੂ ਜੀ ਦੇ ਘਰ ਦੀ ਟਹਿਲ ਸੇਵਾ ਕਰਦੇ ਰਹਿੰਦੇ। ਸਿਦਕ, ਭਰੋਸਾ, ਭੈ, ਐਡਾ ਡਾਢਾ ਰੱਖਦੇ ਸਨ ਕਿ ਜਿੰਨਾ ਚਿਰ ਗੁਰੂ ਜੀ ਆਗਯਾ ਨਾ ਦੇਵਨ (ਭਾਵੇਂ ਓਨ੍ਹਾਂ ਦੇ ਘਰ ਦਾ ਕਿੰਨਾਂ ਹੀ ਹਰਜ ਕਿਉਂ ਨਾ ਹੋ ਜਾਵੇ ਪਰ) ਆਪੇ ਘਰ ਨੂੰ ਨਾ ਜਾਂਦੇ। ਟਹਿਲ ਭੀ ਘਰ ਨਾਲੋਂ ਵੱਧ ਪਏ ਕਰਦੇ। ਸਗੋਂ ਲੜਾਈ ਵੇਲੇ ਆਪਣੇ ਆਪਣੇ ਘਰਾਂ ਤੋਂ ਖ਼ਰਚ ਸ਼ਸਤ੍ਰ ਬੰਨ੍ਹ ਕੇ ਸ਼ਹੀਦ ਹੋਣ ਦੀ ਖ਼ੁਸ਼ੀ ਵਿੱਚ ਵੈਰੀ ਦੇ ਸਾਹਮਣੇ ਮਾਰਦੇ ਚਲੇ ਜਾਂਦੇ। ਮਰਨ ਦਾ ਡਰ ਤਾਂ ਓਨ੍ਹਾਂ ਦੀ ਖਲੜੀ ਵਿੱਚ ਕਦੇ ਆਯਾ ਹੀ ਨਹੀਂ ਸੀ। ਤਾਂ ਹੀ ਫ਼ਤੇ ਪਾਉਂਦੇ ਤੇ ਗੁਰੂ ਜੀ ਦੇ ਪਾਸ ਹਰ ਵੇਲੇ ਰੌਣਕ ਬਣੀ ਰਹਿੰਦੀ। ਏਹੋ ਚਾਲ ਬੰਦਈ ਸਿੱਖਾਂ ਵਿੱਚ ਹੁਣ ਤੱਕ ਹੈ। ਪਹਿਲੇ ਜੋ ਤੁਰਕਾਂ ਦੇ ਜ਼ੁਲਮ ਦੀ ਅੱਗ ਦੇ ਭਾਂਬੜ ਹਰ ਪਾਸਿਓਂ ਹਿੰਦਵਾਇਣ ਨੂੰ ਝੁਲਸ ਰਹੇ ਸਨ
, ਭਾਵੇਂ ਓਹ ਨੌਵੇਂ ਗੁਰੂ ਜੀ ਕੁਰਬਾਨੀ ਨਾਲ ਮੰਦ ਭੀ ਹੋ ਗਏ ਸਨ , ਪਰ ਅਜੇ ਚਿੰਗਾੜੇ ਸਾੜੀ ਜਾਂਦੇ ਸਨ। ਹੁਣ ਓਨ੍ਹਾਂ ਨੂੰ ਉੱਕਾ ਹੀ ਬੁਝਾਵਣ ਵਾਸਤੇ ਦਸਮ ਪਾਤਸ਼ਾਹ ਜੀ ਨੇ ਉਪਦੇਸ਼ ਦੇ ਸੋਮੇਂ ਥਾਂ ਪਰ ਥਾਂ ਅਜੇਹੇ ਢੰਗ ਨਾਲ ਚਲਾਏ ਕਿ ਜਿਨ੍ਹਾਂ ਦੇ ਪ੍ਰਤਾਪ ਤੋਂ ਥੋੜੇ ਹੀ ਚਿਰ ਵਿੱਚ
( ਭਾਂਬੜ ਤੇ ਚਿੰਗਾੜੇ ਬੁਝੇ ਹੋਏ ਖਾਰੇ ਸਮੰੁਦਰ ਵਿੱਚ ਜਾ ਪਏ। ਗੁਰੂ ਜੀ ਨੇ ਆਪਣੇ ਅਤਿ ਉੱਤਮ ਬਚਨ ਸੁਣਾ ਕੇ ਸਭ ਹਿੰਦੂਆਂ ਨੂੰ ਇਹ ਨਿਸਚੇ ਕਰਾ ਦਿੱਤਾ ਕਿ ਜਿਉਂ ਹਾੜੇ ਕੱਢਿਆਂ ਬਣੀਆਂ ਗੁੜ ਨਹੀਂ ਦਿੰਦਾ, ਤਿਉਂ ਜਦੋਂ ਤੱਕ ਅਸੀਂ ਆਪਸ ਵਿੱਚ ਇੱਕ ਜਾਨ ਹੋ ਜ਼ਾਲਮ ਦਾ ਮੁਕਾਬਲਾ ਨਹੀਂ ਕਰਦੇ, ਤਦੋਂ ਤੱਕ ਏਹ ਜ਼ਾਲਮ ਕਮਾਦ ਨੂੰ ਕੁਤਰਨ ਵਾਲੇ ਚੂਹਿਆਂ ਵਾਂਙੂੰ ਹਿੰਦੂਆਂ ਦਾ ਸੱਤਿਯਾਨਾਸ ਕਰਨੋਂ ਕਦੇ ਨਹੀਂ ਹੱਟਦੇ। ਤਾਂ ਤੇ ਹੁਣ ਹਿੰਮਤ ਦੀ ਕਮਰ ਬੰਨ੍ਹ ਕੇ ਸ਼ਮਸ਼ੇਰ ਉਠਾਓ। ਸਰਬ ਕਾਮਨਾ ਪੂਰਨ ਕਰਨ ਵਾਲਾ ਪ੍ਰਤੱਖ ਵਾਹਿਗੁਰੂ ਹੈ। ਹੁਣ ਜਦ ਜੰਗ ਭੰਗਾਣੀ ਦਾ ਜਿੱਤ ਕੇ ਸਿੱਖਾਂ ਦੇ ਹੌਸਲੇ ਵਧੇ ਹੋਏ ਗੁਰੂ ਜੀ ਨੇ ਦੇਖੇ ਤਾਂ ਸ਼ਿਕਾਰ ਦਾ ਕਾਰ ਥੋੜ੍ਹਾ ਕਰ ਕੇ ਨਿਤ ਪ੍ਰਤੀ ਇਸ ਧਰਮ ਦਾ ਉਪਦੇਸ਼ ਕਰ ਕਰ ਓਨ੍ਹਾਂ ਦੇ ਅੰਦਰ ਅਜੇਹਾ ਆਤਮ ਗਿਆਨ ਤੇ ਬੀਰ ਰਸ ਭਰਨਾ ਅਰੰਭਿਆ ਕਿ ਜਿਸ ਕਰ ਕੇ ਇੱਕ ਤੋਂ ਇੱਕ ਵੱਧ ਹੌਸਲੇ ਵਾਲਾ ਹੋ ਗਿਆ। ਕਿਉਂਕਿ ਸੂਰਬੀਰ ਤੇ ਆਤਮ ਗਯਾਨੀ ਪੁਰਖ ਨੂੰ ਦੇਹ ਅਧਯਾਸ ਘੱਟ ਹੋਣ ਕਰ ਅਸਥੂਲ ਦੇਹ ਦੇ ਵਯੋਗ ਦਾ ਡਰ ਨਹੀਂ ਰਹਿੰਦਾ। ਆਪ ਨੂੰ ਸਦਾ ਹੀ ਅਜਰ ਅਮਰ ਦੇਹ ਤੋਂ ਵੱਖਰਾ ਮੰਨਦਾ ਹੈ। ਜਦ
ਗੁਰੂ ਜੀ ਦੇ ਸੱਚੇ ਜ਼ੋਰਾਵਰ ਉਪਦੇਸ਼ ਦਾ ਅਸਰ ਥੋੜੇ ਹੀ ਦਿਨਾਂ ਵਿੱਚ ਲੋਕਾਂ ਉੱਤੇ ਝਲਕਣ ਲੱਗ ਪਿਆ ਤਾਂ ਪਹਿਲੇ ਜੋ ਭੇਡਾਂ ਬੱਕਰੀਆਂ ਦੀ ਤਰ੍ਹਾਂ ਤੁਰਕਾਂ ਦੇ ਜ਼ੁਲਮ ਦੀ ਛੁਰੀ ਹੇਠ ਆਪਣੀ ਗਰਦਨ ਨਿਵਾ ਰੱਖੀ ਸੀ, ਹੁਣ ਮਾਰਖੁੰਢ ਬੈਲ ਵਾਂਙੂੰ ਸਿੰਗ ਮਾਰਨ; ਅਰਥਾਤ ਜੇਹੜਾ ਹਾਕਮ ਤੁਰਕ ਹਿੰਦੂਆਂ ਨੂੰ ਧੱਕੇ ਨਾਲ ਦੀਨੋਂ ਬੇਦੀਨ ਬੇਈਮਾਨ ਕਰਨ ਉੱਤੇ ਜ਼ੋਰ ਦਿੰਦਾ ਸੀ, ਉਸ ਨੂੰ ਵੇਲੇ ਕੁਲੇਵੇ ਪਾਰ ਬੁਲਾਵਣ ਲੱਗ ਪਏ, ਜਿਸ ਤੋਂ ਤੁਰਕ ਭੀ ਜ਼ੁਲਮ ਕਰਨੋਂ ਠਠੰਬਰ ਗਏ। ਸੂਰਜ ਚੰਦ੍ਰ ਦੇ ਗ੍ਰਹਿਣ ਹਟਣ ਵਾਂਙੂੰ ਮੋੜਾ ਪੈ ਗਿਆ। ਸਗੋਂ ਏਸੇ ਉਪਦੇਸ਼ ਦੀ ਨਹਿਰ ਵਿੱਚੋਂ ਸੂਏ ਦੇਸ਼ ਦੇਸ਼ਾਂਤ੍ਰਾਂ ਵਿੱਚ ਖਿੰਡ ਗਏ। ਗੱਲ ਕਾਹਦੀ, ਗੁਰੂ ਜੀ ਤੋਂ ਉਪਦੇਸ਼ ਦਾ ਢੰਗ ਸਿੱਖ ਕੇ ਬਹੁਤ ਸਿੱਖ ਨਗਰਾਂ ਵਿੱਚ ਉਪਦੇਸ਼ਟਾ ਹੋ ਫਿਰੇ, ਜਿਨ੍ਹਾਂ ਵਿੱਚੋਂ ਸਾਂਗੇਰਾਣੇ ਤੇ ਚੰਦਨ ਰਾਇ ਸਿੱਖਾਂ ਦੇ ਪ੍ਰਚਾਰ ਦਾ ਅਸਰ ਦੱਖਣੀ ਰਾਜਪੂਤਾਂ ਦੇ ਉਪਦੇਸ਼ ਸੁਣ ਕੇ ਮ੍ਰਹੱਟਿਆਂ ਦੇ ਅਜੇਹੇ ਨਿਰਭੈਤਾ ਦੇ ਭੰਡਾਰ ਖੁਲ੍ਹੇ ਜਿਸ ਤੋਂ ਬੀਰ ਰਸ ਦੇ ਅਮਲ ਵਿੱਚ ਮਸਤ
ਹੋ ਕੇ ਜ਼ਾਲਮਾਂ ਨੂੰ ਤਲਵਾਰਾਂ ਨਾਲ ਛਾਂਗਣ ਡਹਿ ਪਏ। ਓਨ੍ਹਾਂ ਦੀ ਧਾਂਕ ਸੁਣ ਸੁਣ ਮਾਲਵੇ, ਮਾਝੇ ਦੇ ਲੋਕ ਭੀ (ਜੋ ਮੁਸਲਿਆਂ ਤੋਂ ਡਰਦੇ ਹੋਏ ਛਾਪਲੇ ਪਏ ਸਨ
) ਭਾਵੇਂ ਜ਼ਰਾ ਜ਼ਰਾ ਨੇਤ੍ਰ ਟਮਕਾਉਣ ਤਾਂ ਲੱਗ ਪਏ, ਪਰ ਤੁਰਕਾਂ ਦੇ ਦਬਾਉ ਹੇਠੋਂ ਉੱਠਣ ਦੀ ਸਮਰੱਥਾ ਏਨ੍ਹਾਂ ਵਿੱਚ ਨਾ ਦੇਖ ਕੇ ਗੁਰੂ ਜੀ ਨੇ ਵੀਚਾਰ ਕੀਤਾ ਕਿ ਜਦੋਂ ਤੱਕ ਏਨ੍ਹਾਂ ਦੀ ਸ੍ਵਪਨ ਅਵਸਥਾ ਤੇ ਡਰਪੋਕ ਕਾਇਆਂ ਬਦਲਾ ਕੇ ਨਿਰਭੈ ਜਾਗ੍ਰਤ ਅਵਸਥਾ ਨਹੀਂ ਕੀਤੀ ਜਾਂਦੀ, ਤਦੋਂ ਤੱਕ ਏਹ ਉਲਝੇ ਹੋਏ ਤੁਰਕਾਂ ਦੇ ਜਾਲ ਵਿੱਚੋਂ ਨਹੀਂ ਨਿੱਕਲ ਸਕਦੇ। ਏਹ ਸੋਚ ਕੇ ਬਾਜ਼ਾਂ ਤੇ ਚਿੱਤ੍ਰਯਾਂ ਦੇ ਬੱਚਿਆਂ ਨੂੰ ਸ਼ਿਕਾਰ ਮਾਰਨ ਦੀਆਂ ਬਾਉਰਾਂ ਦੇਣ ਵਾਂਙੂੰ ਓਨ੍ਹਾਂ ਲੋਕਾਂ ਦੀ ਬਹਾਦਰੀ ਦੇ ਗੀਤ, ਢਾਢੀਆਂ, ਜੋਗੀਆਂ ਤੋਂ ਸੁਣਵਾਉਣੇ ਆਰੰਭ ਦਿੱਤੇ ਜੋ ਧਰਮ ਯੁੱਧ ਕਰ ਕਰ ਆਪਣੇ ਦੇਸ਼ ਤੇ ਧਰਮ ਨੂੰ ਵੈਰੀਆਂ ਤੋਂ ਬਚਾ ਕੇ ਧਰਤੀ ਪੁਰ ਆਪਣਾ ਸੁਜੱਸ ਅਮਰ ਅਟੱਲ ਖਿੰਡਾ ਗਏ ਸਨ। ਪਾਉਂਟਯੋਂ ਜਿਸ ਦਿਨ ਤੋਂ ਗੁਰੂ ਜੀ ਅਨੰਦਪੁਰ ਆਏ ਸਨ
, ਓਸੇ ਦਿਨ ਤੋਂ ਦੋ ਵੇਲੇ ਦੀਵਾਨ ਵਿੱਚ ਬੈਠ ਕੇ ਪੁਰਾਤਨ ਪੁਸਤਕ; ਜਿਨ੍ਹਾਂ ਵਿੱਚ ਧਰਮ ਯੁੱਧ ਤੇ ਰਾਜਨੀਤੀ ਦੇ ਪ੍ਰਸੰਗ ਭਰੇ ਹੋਏ ਸਨ , ਸੁਣਨੇ ਸ਼ੁਰੂ ਕਰ ਦਿੱਤੇ। ਜਿਸ ਕਰ ਕੇ ਜੰਗ ਦੇ ਢੰਗਾਂ ਤੇ ਨੀਤੀ ਦੇ ਅੰਗਾਂ ਵਿੱਚ ਸਿੱਖ ਚਤ੍ਰ ਹੋਣ ਲਗ ਪਏ। ਕਦੇ ਤਾਂ ਗੁਰੂ ਜੀ ਸ਼ਿਕਾਰ ਖੇਲਦੇ, ਕਦੇ ਸਤਲੁਜ ਕਿਨਾਰੇ ਮੈਦਾਨ ਵਿੱਚ ਜਾ ਕੇ ਨਿਸ਼ਾਨੇ, ਖਾਕਤੋਦੇ, ਦਸਤਰਵਾਂ, ਚਾਂਦਮਾਰੀ, ਜਲ ਕ੍ਰੀੜਾ ਕਰਦੇ ਕਰਾਂਵਦੇ। ਕਦੇ ਕਿਸ਼ਤੀ ਪਰ ਸਵਾਰ ਹੋ ਮੱਛੀ ਦਾ ਸ਼ਿਕਾਰ ਕਰਦੇ। ਏਨ੍ਹਾਂ ਹੀ ਦਿਨਾਂ ਵਿੱਚ ਸ਼ੇਰ ਦਾ ਸ਼ਿਕਾਰ ਤਲਵਾਰ ਨਾਲ ਕਰਾ ਕੇ ਸਿੱਖਾਂ ਨੂੰ ਨਿਰਭੈ ਕੀਤਾ। ਜੋ ਰਾਜੇ ਅੱਗੇ ਬਹੁਤ ਖੁਣਸਾਂਦੇ ਤੇ ਵਿਰੋਧ ਕਰਦੇ ਸਨ
, ਹੁਣ ਓਹੇ ਹੰਡੂਰੀ, ਕਹਿਲੂਰੀ ਆਦਿਕ ਭੰਗਾਣੀ ਦੇ ਜੰਗ ਵਿੱਚ ਸਿੱਖਾਂ ਦੇ ਹੱਥ ਤੇ ਗੁਰੂ ਜੀ ਦੀ
( ਸੂਰਬੀਰਤਾ ਅਰ ਦਿਨੋਂ ਦਿਨ ਦਸ ਗੁਣਾਂ ਪ੍ਰਤਾਪ ਵਧਦਾ ਵੇਖ ਕੇ ਗੁਰੂ ਜੀ ਦਾ ਦਬਾਉ ਮੰਨਣ ਲੱਗ ਪਏ। ਨਾਲੇ ਸੰਗਤਾਂ ਦੀ ਆਵਾਜਾਈ ਦੇ ਕਾਰਨ ਬਹੁਤ ਸਾਰੇ ਬਪਾਰੀ ਲੋਕ ਆਨੰਦਪੁਰ ਆ ਵੱਸੇ, ਜਿਸ ਤੋਂ ਹਰ ਪ੍ਰਕਾਰ ਦੀ ਦੁਕਾਨ ਹੋਣ ਕਰ ਕੇ ਬਹੁਤ ਰੌਣਕ ਹੋ ਗਈ। ਭੁਗਤਿ ਮੁਕਤਿ ਦੇ ਲੈਣ ਲਈ ਸੈਂਕੜੇ ਧਨੀ ਸਰਧਾਲੂ ਸਿੱਖ ਅਨੰਦਪੁਰ ਆ ਵੱਸੇ, ਜਿਸ ਤੋਂ ਹਰ ਵੇਲੇ ਗੁਰੂ ਜੀ ਦਾ ਦਰਸ਼ਨ ਤੇ ਸਤਸੰਗ ਦਾ ਲਾਭ ਸੀ। ਹੁਣ ਗੁਰੂ ਸਾਹਿਬ ਜੀ ਪਾਸ ਸੰਗਤਾਂ ਦੀ ਆਵਾਜਾਈ ਤੇ ਸੈਂਕੜੇ ਸੇਵਕਾਂ ਤੇ ਨੌਕਰਾਂ ਦੇ ਸਬੱਬ ਅਨੰਦਪੁਰ ਵਿੱਚ ਹਮੇਸ਼ ਮੇਲਾ ਲਗਾ ਰਹੇ। ਜਿਨ੍ਹਾਂ ਨੂੰ ਅਪਨੇ ਅਪਨੇ ਨਿਰਬਾਹ ਲਈ ਜੰਗਲ ਵਿੱਚੋਂ ਲਕੜੀ, ਘਾਸ ਤੇ ਦੁੱਧ, ਦਹੀਂ ਆਟਾ ਪਿੰਡਾਂ ਵਿੱਚੋਂ ਲੈਣ ਜਾਣਾ ਪੈਂਦਾ ਸੀ।