ਗੁਰੂ ਸਾਹਿਬ ਜੀ ਦੇ ਪਾਸ ਸਤਸੰਗ ਕਰਨ ਲਈ ਖਾਨਖਾਨੇ ਦੇ ਹਮੇਸ਼ ਆਵਣੇ ਕਰ ਹੋਰ ਭੀ ਹਿੰਦੂ ਤੁਰਕ ਕਾਜ਼ੀ ਮੁੱਲਾਂ ਪੰਡਤ ਪਾਂਧੇ ਬਹੁਤ ਆਉਣ ਲਗ ਪਏ ਜਿਸ ਕਰ ਕੇ ਹਰ ਵੇਲੇ ਗਿਆਨ ਚਰਚਾ ਦਾ ਪਰਚਾ ਰਹਿਣ ਲੱਗਾ। ਇੱਕ ਦਿਨ ਗੁਰੂ ਜੀ ਦੀ ਮਹਿਮਾ ਖਾਨ ਖਾਨੇ ਦੇ ਮੂੰਹੋਂ ਸੁਣ ਕੇ ਇੱਕ ਸੱਯਦ ਅਮੀਰ ਮੁਨੱਵਰ ਅਲੀ ਖਾਂ ਜਲ ਬਲ ਕੋਲੇ ਹੋ ਕੇ ਆਖਣ ਲੱਗਾਖਾਨ ਖਾਨਾ ਜੀ! ਮੁਹੰਮਦੀ ਸ਼ਰ੍ਹਾ ਵਿੱਚ ਲਿਖਿਆ ਹੈ ਕਿ ਜੋ ਕੋਈ ਮੁਸਲਮਾਨ ਹੋ ਕੇ ਹਿੰਦੂ ਦੀ ਤਾਰੀਫ਼ ਕਰੇ, ਓਹ ਕਤਲ ਦੇ ਜੋਗ ਹੋ ਜਾਂਦਾ ਹੈ ਬਲਕਿ ਹਿੰਦੂ ਨੂੰ ਚੰਗਾ ਆਖਣ ਵਾਲਾ ਭੀ ਗ਼ੁਨਾਹੀ ਹੁੰਦਾ ਹੈ।ਖਾਨ ਖਾਨਾ ਬੋਲਯਾਏਹ ਬਾਤ ਕੇਵਲ ਬਾਦੀ ਲੋਕ ਆਖਦੇ ਹਨ, ਸੋ ਝੂਠੇ ਹਨ। ਪਰਮੇਸ਼੍ਵਰ ਦੇ ਘਰ ਕਰਨੀ ਪ੍ਰਵਾਨ ਹੈ। ਬਾਕੀ ਸ਼ਰਾ ਦੀ ਗਲ ਰਹੀ। ਸੋ ਇਹ ਗੁਰੂ ਤੇ ਗੁਰੂ ਜੀ ਕੇ ਸਿੱਖ ਹਿੰਦੂ ਕਾਫ਼ਰ ਬੁਤਪ੍ਰਸਤ ਨਹੀਂ। ਏਹ ਹਕ ਪ੍ਰਸਤ ਹਨ। ਏਸੇ ਵਾਸਤੇ ਏਨ੍ਹਾਂ ਦੀ ਮਹਿਮਾ ਜਿਤਨੀ ਵਰਨਨ ਕੀਤੀ ਜਾਏ, ਥੋੜ੍ਹੀ ਹੈ।ਏਹ ਬਚਨ ਸੁਣ ਕੇ ਓਸ ਮਤਸਰ ਦੇ ਭਰੇ ਹੋਏ ਸੱਯਦ ਨੇ ਕਰਾਮਾਤ ਦੇਖਣ ਲਈ ਜ਼ਿਦ ਕਰਨੀ ਸੱਯਦ ਨੇ ਆਖਿਆਨਾਨਕ ਸ਼ਾਹ ਨੇ ਤਾਂ ਅਨੇਕ ਜਗਹ ਕਰਾਮਾਤਾਂ ਦਿਖਾਈਆਂ ਹਨ। ਏਸ ਗੁਰੂ ਨੇ ਭੀ ਕੋਈ ਦਿਖਾਈ ਹੈਗੁਰੂ ਜੀ ਬੋਲੇਬਡੀ ਕਰਾਮਾਤ ਹਕੂਮਤ ਹੈ, ਸੋ ਅਸੀਂ ਬਹਾਦੁਰਸ਼ਾਹ ਨੂੰ ਦੇ ਦਿੱਤੀ। ਓਹ ਕੰਗਾਲ ਨੂੰ ਅਮੀਰ ਤੇ ਅਮੀਰ ਨੂੰ ਕੰਗਾਲ ਕਰ ਸਕਦਾ ਹੈ।ਓਹ ਫੇਰ ਬੋਲਿਆਕੋਈ ਤੁਸਾਡੇ ਪਾਸ ਭੀ ਹੈਗੁਰੂ ਸਾਹਿਬ ਨੇ ਖੀਸੇ ਵਿੱਚੋਂ ਮੁਹਿਰਾਂ ਦੀ ਮੁੱਠੀ ਕੱਢ ਕੇ ਦਿਖਾ ਕਰ ਆਖਿਆ, ਦੂਜੀ ਕਰਾਮਾਤ ਏਹ ਦੌਲਤ ਹੈ। ਏਸ ਨਾਲ ਭੀ ਬਡੇ ਬਡੇ ਚਮਤਕਾਰੇ ਦਿਖਾਏ ਜਾ ਸਕਦੇ ਹਨ।ਓਹ ਬੋਲਿਆਏਹ ਕਰਾਮਾਤ ਕੇਵਲ ਤੁਸਾਂ ਪਾਸ ਹੀ ਨਹੀਂ, ਸਭਨਾਂ ਧਨੀਆਂ ਪਾਸ ਹੈ। ਤੁਸੀਂ ਕੋਈ ਖ਼ਾਸ ਆਪਣੀ ਕਰਾਮਾਤ ਦਸੋਮਹਾਰਾਜ ਨੇ ਸ਼ਮਸ਼ੇਰ ਖਿੱਚ ਕੇ ਆਖਿਆ, ਤੀਜੀ ਅਜ਼ਮਤ ਏਹ ਹੈ।ਜਦ ਫੇਰ ਭੀ ਓਹ ਮੂਰਖ ਨਾ ਚੁੱਪ ਕੀਤਾ. ਗੁਰੂ ਜੀ ਦੀ ਮਰਜ਼ੀ ਵੇਖ ਕੇ ਭਾਈ ਦੀਪ ਸਿੰਘ ਨੇ ਜੋ ਗੁਰੂ ਜੀ ਉੱਤੇ ਰੁਮਾਲ ਕਰ ਰਿਹਾ ਸੀ, ਤੇਗ ਮਾਰ ਕੇ ਓਸ ਦਾ ਸਿਰ ਘੁਮਾਰ ਦੇ ਬਧਨੇ ਵਾਂਙੂੰ ਲਾਹ ਕੇ ਪਰੇ ਸੁਟ ਘੱਤਯਾ। ਤੇ ਗੁਰੂ ਜੀ ਉੱਠ ਕੇ ਸਭ ਸਿੱਖਾਂ ਸਮੇਤ ਡੇਰੇ ਚਲੇ ਗਏ। ਖਾਨ ਖਾਨਾ ਓਸ ਸੱਯਦ ਨੂੰ ਧਿਕਾਰਦਾ ਤੇ ਗੁਰੂ ਜੀ ਦਾ ਜਸ
ਓਚਾਰਦਾ ਹੋਯਾ ਆਪਣੇ ਘਰ ਨੂੰ ਚਲਿਆ ਗਿਆ। ਦੂਜੇ ਦਿਨ ਸ਼ਾਹੀ ਕਾਜ਼ੀ ਦਾ ਖਤ ਲੈ ਕੇ ਇੱਕ ਪਠਾਣ ਗੁਰੂ ਜੀ ਪਾਸ ਓਸ ਵੇਲੇ ਆਯਾ, ਜਦ ਗੁਰੂ ਜੀ ਦਿਵਾਨ ਵਿੱਚ ਬੈਠੇ ਸੇ। ਮਹਾਰਾਜ ਨੇ ਓਹ ਰੁੱਕਾ ਜਿਸ ਵਿੱਚ ਸ਼ਰਾ ਮੁਹੰਮਦੀ ਦਾ ਹੁਕਮ ਸੀ, ਪੜ੍ਹ ਕੇ ਪਾੜ ਸਿੱਟਿਆ। ਪਠਾਣਾਂ ਨੇ ਕਾਜ਼ੀ ਨੂੰ ਜਾ ਕੇ ਦੱਸਿਆ ਤਾਂ ਓਹ ਅੱਗ ਦਾ ਭਾਂਬੜ ਹੋ ਗਿਆ ਅਤੇ ਜਲ ਬਲ ਕੇ ਬਾਦਸ਼ਾਹ ਪਾਸ ਜਾ ਪੱਗ ਮਾਰੀ ਕਿ ਹਿੰਦੂ ਦੇ ਪੀਰ ਨੇ ਸ਼ਰਾ ਦਾ ਹੁਕਮ ਨਹੀਂ ਮੰਨਿਆ, ਬਲਕਿ ਅਜੇਹੀ ਨਿਰਾਦ੍ਰੀ ਸ਼ਰਾ ਦੀ ਕੀਤੀ ਹੈ, ਜੋ ਕੋਈ ਦੂਸਰਾ ਨਹੀਂ ਕਰ ਸਕਦਾ। ਬਾਦਸ਼ਾਨੇ ਕਾਜ਼ੀ ਨੂੰ ਝਿੜਕ ਕੇ ਗ਼ੁੱਸੇ ਨਾਲ ਆਖਯਾ, ਤੈਂ ਗੁਰੂ ਪਰ ਐਲਾਨ ਕਯੋਂ ਜਾਰੀ ਕੀਤਾ ਸੀ? ਓਹ ਤਾਂ ਖ਼ੁਦਾ ਦਾ ਨੂਰ ਓਸ ਦੇ ਘਰ ਦਾ ਭੇਤੀ ਸੱਚਾ ਪੀਰ ਫ਼ਕੀਰ ਹੈ। ਤੂੰ ਸ਼ਰਾ ਦੇ ਕੂਏ ਦਾ ਡੱਡੂ ਓਸ ਰਤਨਾਕਾਰ ਦੀ ਸਾਰ ਕੀ ਜਾਣੇ? ਫੇਰ ਜਿਨ੍ਹਾਂ ਅੱਗੇ ਮੱਥਾ ਟੇਕੀਏ ਤੇ ਹੱਥ ਜੋੜੀਏ, ਓਨ੍ਹਾਂ ਉੱਤੇ ਐਲਾਨ ਭੇਜਯਾ ਜਾਂਦਾ ਹੈ? ਜਿਸ ਤੋਂ ਉਲਟਾ ਸਰਾਫ ਦੀ ਸੈਫ ਨਾਲ ਆਪ ਹੀ ਮਾਰੇ ਜਾਈਏ।ਓਸ ਵੇਲੇ ਬਾਦਸ਼ਾਹ ਦੇ ਦਰਬਾਰ ਵਿੱਚ ਰਾਜਾ ਜੈ ਸਿੰਘ ਤੇ ਅਜੀਤ ਸਿੰਘ ਬੈਠੇ ਸੇ, ਬਾਦਸ਼ਾਹ ਦੇ ਮੂੰਹੋਂ ਗੁਰੂ ਕੀ ਮਹਿਮਾ ਸੁਣ ਕੇ ਗੁਰੂ ਕੇ ਦਰਸ਼ਨ ਵਾਸਤੇ ਆਏ। ਦੋ ਘੋੜੇ ਕੁੱਝ ਨਕਦੀ ਭੇਟਾ ਕੀਤੀ, ਮੱਥਾ ਟੇਕਿਆ। ਮਰਯਾਦਾ ਨਾਲ ਬੈਠ ਕੇ ਗੁਰੂ ਜੀ ਨੇ ਓਨ੍ਹਾਂ ਨੂੰ ਕੁਸਲ ਅਨੰਦ ਪੁੱਛਯਾ। ਜਦ ਓਨ੍ਹਾਂ ਦੀ ਸਰਧਾ ਦੇਖੀ ਤਾਂ ਮਹਾਰਾਜ ਜੀ ਨੇ ਪੁੱਛਯਾਤੁਸਾਡੇ ਪਾਸ ਕਿਤਨੀ ਕੁ ਫੌਜ ਹੈ? ਉਨ੍ਹਾਂ ਨੇ ਸਵਾ ਲੱਖ ਦੇ ਲਗਭਗ ਦੱਸੀ, ਜਿਸ
( ਵਿੱਚ ਬੜੇ ਬੜੇ ਸੂਰਬੀਰ ਰਾਜਪੂਤ ਬੀ ਦੱਸੇ। ਗੁਰੂ ਸਾਹਿਬ ਜੀ ਨੇ ਆਖਯਾਹੋਰ ਤਾਂ ਤੁਸਾਡੇ ਸੱਭੇ ਗੁਣ ਤੇ ਸ਼ਕਤੀਆਂ ਹਨ, ਪੰ੍ਰਤੂ ਜੋ ਕਸਾਈ ਨੂੰ ਤੁਸੀਂ ਗਊ ਫੜਾ ਦਿੰਦੇ ਹੋ, ਏਸ ਕਰ ਕੇ ਤੁਸਾਡਾ ਤੇਜ਼ ਪ੍ਰਤਾਪ ਨਹੀਂ ਰਿਹਾ।ਓਨ ਹੱਕੇ ਬੱਕੇ ਰਹਿ ਕੇ ਜਦ ਬਚਨ ਦਾ ਅੰਤਰਾ ਪੁੱਛਯਾ ਤਾਂ ਕਲਗੀਧਰ ਜੀ ਬੋਲੇਭਾਈ! ਬੇਟੀ ਤੇ ਗਊ ਇਕੋ ਜੇਹੀ ਹੁੰਦੀ ਹੈ। ਬੇਟੀਆਂ ਜੋ ਤੁਸੀਂ ਮੁਸਲਮਾਨਾਂ ਨੂੰ ਦੇ ਦਿੰਦੇ ਹੋ ਫੇਰ ਤੇਜ਼ ਕਿੱਥੇ ਰਹੇਏਹ ਤਰਕ ਸੁਣ ਕੇ ਓਨ੍ਹਾਂ ਨੇ ਏਸ ਗੱਲ ਦੀ ਸੌਂਹ ਪਾਈ. ਅੱਗੇ ਨੂੰ ਅਸੀਂ ਤੁਰਕ ਬਾਦਸ਼ਾਹ ਨੂੰ ਨਾ ਦੇਵਾਂਗੇ। ਬਚਨ ਮੰਨ ਲੈਣੇ ਪਰ ਖ਼ੁਸ਼ੀ ਹੋ ਕੇ ਗੁਰੂ ਕਯਾਂ ਨੇ ਖੰਡਾ ਤੇ ਢਾਲ ਰਾਜੇ ਜੈ ਸਿੰਘ ਨੂੰ, ਇੱਕ ਕਮਾਨ ਤੇ ਭੱਥਾ ਰਾਜੇ ਅਜੀਤ ਸਿੰਘ ਨੂੰ ਬਖ਼ਸ਼ੇ, ਜੋ ਲੈ ਕੇ ਗੁਰੂ ਕੀ ਮਹਿਮਾ ਕਰਦੇ ਹੋਏ ਘਰਾਂ ਨੂੰ ਗਏ। ਇਕ ਦਿਨ ਗੁਰੂ ਜੀ ਦਿਵਾਨ ਵਿੱਚ ਬੈਠੇ ਸੇ। ਜਵਾਹਰ ਸਿੰਘ ਜੜੀਏ ਦੀ ਕੰਨਯਾਂ. ਜੋ ਅਤੀ ਰੂਪਵਤੀ ਮੁਟਿਆਰ ਸੀ ਦਰਸ਼ਨ ਨੂੰ ਗੁਰੂ ਜੀ ਕੇ ਪਾਸ ਆਈ। ਬਹੁਤ ਸਾਰੀ ਭੇਟਾ ਧਰ ਕੇ ਮੱਥਾ ਟੇਕਿਆ ਅਰ ਮਾਈਆਂ ਬੀਬੀਆਂ ਵਿੱਚ ਬੈਠ ਗਈ। ਕੁਦਰਤ ਨਾਲ ਓਸੇ ਘੜੀ ਬਹਾਦਰਸ਼ਾਹ ਭੀ ਗੁਰੂ ਕਾ ਦਰਸ਼ਨ ਕਰਨ ਆ ਗਿਆ। ਗੁਰੂ ਜੀ ਅੱਗੇ ਅਸ਼ਰਫੀਆਂ ਧਰ ਕੇ ਮੱਥਾ ਟੇਕਯਾ ਤੇ ਬੈਠ ਗਿਆ। ਭਾਵੇਂ ਗੱਲਾਂ ਤਾਂ ਗੁਰੂ ਕਯਾਂ ਨਾਲ ਕਰਦਾ ਰਿਹਾ, ਪਰ ਮਨ
ਤੇ ਅੱਖਾਂ ਓਸ ਦੀਆਂ ਓਸੇ ਲੜਕੀ ਵੰਨੀ ਲੱਗੇ ਰਹੇ। ਓੜਕ ਰਹਿ ਨਾ ਸਕਿਆ। ਆਖਣ ਲੱਗਾਪੀਰ ਜੀ! ਸਾਡੇ ਮਤ
ਵਿੱਚ ਤਾਂ ਕਲਮਾ ਪੜ੍ਹਨ ਵਾਲਾ ਭਾਵੇਂ ਕੋਈ ਕੰਮ ਕਰੇ ਓਹ ਦੋਜ਼ਖ ਵਿੱਚ ਨਹੀਂ ਪੈਂਦਾ ਅਤੇ ਸਕੀ ਮਾਂ ਭੈਣ ਬੇਟੀ ਧੀਆਂ ਨੂੰ ਛੱਡ ਕੇ ਹੋਰ ਸਭ ਨਾਲ ਨਕਾਹ, ਯਾਂ ਮਤਾਹ ਕਰ ਲੈਣਾ ਰਵਾ ਹੈ।ਗੁਰੂ ਜੀ ਬੋਲੇਬਹਾਦਰ ਸ਼ਾਹ! ਏਹ ਗੱਲ ਕਿਸੇ ਨੇ ਝੂਠੀ ਲਿਖੀ ਹੈ। ਆਪਣੇ ਆਪਣੇ ਕਰਮਾਂ ਦਾ ਫ਼ਲ ਜ਼ਰੂਰ ਸਭ ਨੂੰ ਭੋਗਣਾ ਪੈਂਦਾ ਹੈ। ਦੇਖ! ਜਦ
ਏਥੇ ਕਲਮਾ ਪੜ੍ਹਨ ਵਾਲੇ ਚੋਰ ਠੱਗ ਨੂੰ ਸਜ਼ਾ ਹੁੰਦੀ ਹੈ, ਤਾਂ ਪਰਲੋਕ ਵਿੱਚ ਕੈਸੇ ਛੁੱਟ ਸਕਦਾ ਹੈਪੁਨਾ, ਕਲਗੀਧਰ ਜੀ ਨੇ ਜਿਸ ਖੋਟੇ ਰੁਪਯੇ ਉੱਤੇ ਕਲਮਾ ਲਿਖਿਆ ਹੋਯਾ ਸੀ, ਬਾਦਸ਼ਾਹ ਦੇ ਮਾਤਬਰ ਨੂੰ ਦੇ ਕੇ ਬਜ਼ਾਰ ਵਿੱਚ ਭਾਨ ਲੈਣ ਵਾਸਤੇ ਭੇਜ ਦਿੱਤਾ। ਸਾਰੇ ਬਜ਼ਾਰ ਵਿੱਚ ਫਿਰਿਆ। ਕਿਸੇ ਨੇ ਭੀ ਓਹ ਰੁਪਯਾ ਨਾ ਫੜਿਆ ਤੇ ਨਾ ਓਸ ਦਾ ਕਿਸੇ ਕੁੱਝ ਦਿੱਤਾ। ਓਸ ਨੇ ਆ ਕੇ ਆਖਿਆ ਕਿ ਏਸ ਖੋਟੇ ਰੁਪਏ ਨੂੰ ਕੋਈ ਨਹੀਂ ਕਬੂਲਦਾ। ਗੁਰੂ ਜੀ ਬੋਲੇਭਾਈ! ਤੁਸਾਂ ਆਖਣਾ ਸੀ, ਇਸ ਪਰ ਕਲਮਾ ਲਿਖਯਾ ਹੋਯਾ ਹੈ। ਕਿਉਂ ਨਹੀਂ ਲਗਦਾਏਹ ਬਾਤ ਸੁਣ ਕੇ ਬਾਦਸ਼ਾਹ ਭਾਵੇਂ ਸ਼ਰਮਿੰਦਾ ਹੋਯਾ ਪਰ ਝਾਕਦਾ ਓਸ ਲੜਕੀ ਵੰਨੀ ਰਿਹਾ। ਓੜਕ ਗੁਰੂ ਜੀ ਤੋਂ ਬਿਦਾਈ ਲੈ ਕੇ ਆਪਣੇ ਡੇਰੇ ਜਾ ਕੇ ਓਸ ਲੜਕੀ ਵਾਸਤੇ ਪਾਲਕੀ ਭੇਜ ਦਿੱਤੀ, ਤਾਂ ਓਸ ਲੜਕੀ ਦੇ ਮਾਂ ਬਾਪ ਰੋਂਦੇ ਪਿਟਦੇ ਹੋਏ ਗੁਰੂ ਕਿਆਂ ਪਾਸ ਪਹੁੰਚੇ। ਗੁਰੂ ਜੀ ਨੇ ਓਨ੍ਹਾਂ ਨੂੰ ਆਖਯਾਤੁਸੀਂ ਚਿੰਤਾ ਨਾ ਕਰੋ। ਲੜਕੀ ਨੂੰ ਨਿਸ਼ੰਗ ਭੇਜ ਦੇਓ। ਅਸੀਂ ਏਸ ਵੀ ਸਹਾਯਤਾ ਕਰਾਂਗੇ।ਜਦ
ਓਹ ਲੜਕੀ ਗੁਰੂ ਕਾ ਬਚਨ ਮੰਨ ਕੇ ਬਾਦਸ਼ਾਹ ਦੇ ਰੂਬਰੋ ਗਈ, ਤਾਂ ਓਸ ਦੇ ਸੱਜੇ ਖੱਬੇ ਦੋ ਸ਼ੇਰ ਬਾਦਸ਼ਾਹ ਨੂੰ ਨਜ਼ਰ ਆਏ, ਜਿਨ੍ਹਾਂ ਨੂੰ ਦੇਖ ਕੇ ਬਾਦਸ਼ਾਹ ਕੰਬਣ ਲੱਗ ਪਿਆ ਅਰ ਜਾਣ ਲੀਤਾ ਕਿ ਇਹ ਸ਼ਕਤੀ ਸਹਾਇਤਾ ਗੁਰੂ ਜੀ ਦੀ ਹੈ। ਓਸ ਦੇ ਅੱਗੇ ਕੋਈ ਲੁਕਾਉ ਤੇ ਜ਼ੋਰ ਸਾਡਾ ਨਹੀਂ ਚੱਲ ਸਓਦਾ। ਏਹ ਸੋਚ ਕੇ ਹੁਕਮ ਦਿੱਤਾ ਕਿ ਏਸ ਦੇਵੀ ਨੂੰ ਛੇਤੀ ਏਸ ਦੇ ਘਰ ਛੱਡ ਆਓ। ਸੋ ਓਸੇ ਘੜੀ ਓਸ ਨੂੰ ਚੋਬਦਾਰ ਜਾ ਕੇ ਛੱਡ ਆਏ। ਓਨ੍ਹਾਂ ਦਿਨਾਂ ਵਿੱਚ ਹੀ ਬਹੁਤ ਸਾਰੇ ਹਿੰਦੂ ਲੋਗ ਪੁਸ਼ਕਰ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਬਾਦਸ਼ਾਹ ਤੋਂ ਛੁੱਟੀ ਲੈ ਕੇ ਚੱਲੇ ਤਾਂ ਓਸ ਨੇ ਸਹਿਜ ਭਾਵ ਖਾਨ ਖਾਨੇ ਤੋਂ ਪੁੱਛਯਾ ਕਿ ਗੁਰੂ ਜੀ ਭੀ ਪੁਸ਼ਕਰ ਨੂੰ ਤੁਰਨਗੇ? ਤੁਸੀਂ ਖ਼ਬਰ ਲਿਆਓ। ਕਿਤੇ ਚੁੱਪ ਚੁਪਾਤੇ ਨਾ ਤੁਰ ਜਾਣ। ਓਹ ਬੋਲਿਆਗੁਰੂ ਜੀ ਕਾ ਮਤ ਤਾਂ ਹਿੰਦੂਆਂ ਤੁਰਕਾਂ ਤੋਂ ਵੱਖਰਾ ਹੈ।ਓਹ ਏਹੋ ਜੇਹੀ ਲੋਕਾਚਾਰੀ ਨਾਲ ਯਾਰੀ ਨਹੀਂ ਪਾਲਣ ਵਾਲੇ।ਤਾਂ ਬੀ ਜਦ
ਓਨ ਗੁਰੂ ਜੀ ਪਾਸ ਆ ਕੇ ਏਹੋ ਬਾਤ ਨਿਰਨੇ ਕੀਤੀ, ਤਾਂ ਗੁਰੂ ਜੀ ਬੋਲੇਭਾਈ! ਓਹ ਤੀਰਥ ਹਿੰਦੂਆਂ ਦਾ ਹੈ ਸਾਡਾ ਨਹੀਂ।
( ਕਦੇ ਓਧਰ ਸੈਰ ਕਰਨ ਜਾਵਾਂਗੇ, ਤਾਂ ਦੇਖ ਲਵਾਂਗੇ।ਏਹੋ ਬਚਨ ਗੁਰੂ ਜੀ ਕੇ ਜਦ ਓਸ ਨੇ ਜਾ ਕੇ ਬਾਦਸ਼ਾਹ ਨੂੰ ਦੱਸੇ ਤਾਂ ਦੂਜੇ ਦਿਨ ਸਭਾ ਵਿੱਚ ਆਏ ਗੁਰੂ ਜੀ ਨੂੰ ਬਾਦਸ਼ਾਹ ਨੇ ਪੁੱਛਿਆ ਕਿ ਦੋ ਰਸਤੇ ਹਨ ਇੱਕ ਹਿੰਦੂਆਂ ਦਾ ਦੂਜਾ ਮੁਸਲਮਾਨਾਂ ਦਾ। ਤੁਸਾਂ ਨੂੰ ਕੇਹੜਾ ਪਸਿੰਦ ਹੈ? ਗੁਰੂ ਜੀ ਬੋਲੇ ਅਸੀਂ ਦੋਹਾਂ ਦੇ ਦ੍ਰਿਸ਼ਟੇ ਸਹਾਇਕ ਹਾਂ ਪਰ ਧਰਮ ਸਾਡਾ ਦੋਹਾਂ ਤੋਂ ਵੱਖਰਾ ਸ੍ਰੇਸ਼ਟ ਹੈ। ਕਿਉਂ ਜੋ ਹਿੰਦੂ ਪਾਣੀ ਪੱਥਰ ਦੇ ਪੂਜਕ ਬਿਪ੍ਰਾਂ ਦੇ ਚੇਲੇ ਹਨ, ਮੁਸਲਮਾਨ ਇਮਾਮਾ ਸਾਹਿਬਾਂ ਦੇ ਖਾਦਮ ਹਨ। ਨਿਤ ਪੰਜ ਵਾਰੀ ਮਸੀਤਾਂ ਵਿੱਚ ਮੱਕੇ ਵੰਨੀ ਮੂੰਹ ਕਰ ਕੇ ਅਵਾਜ਼ਾਂ ਮਾਰਦੇ ਹਨ ਤੇ ਉੱਚੇ ਨੀਵੇਂ ਹੋ ਕੇ ਕਾਬੇ ਨੂੰ ਪਏ ਸਿਜਦੇ ਕਰਦੇ ਰਹਿੰਦੇ ਹਨ। ਸਾਡੇ ਪੰਥ ਵਿੱਚ ਏਹੋ ਜੇਹਾ ਕੋਈ ਬੰਧਨ ਤੇ ਬਾਦ ਬਿਵਾਦ ਨਹੀਂ। ਅਸੀਂ ਤਾਂ ਸਾਰੇ ਇਕੋ ਪ੍ਰਮੇਸ਼੍ਵਰ ਨਿਸਚੈ ਧਾਰਨ ਕਰ ਰੱਖਿਆ ਹੈ। ਏਹ ਬਾਤ ਸੁਣ ਕੇ ਬਾਦਸ਼ਾਹ ਦੀ ਨਿਸ਼ਾ ਹੋ ਗਈ। ਇੱਕ ਅਮੀਰ ਨਬੀ ਬਖ਼ਸ਼ ਨੇ ਬੜੀ ਆਜਜ਼ੀ ਨਾਲ ਗੁਰੂ ਜੀ ਅੱਗੇ ਅਰਜ਼ ਕੀਤੀ ਕਿ ਆਪ ਨੇ (ਬੇਅਦਬੀ ਮਾਫ਼ ਕਰਨੀ) ਮੈਂ ਸੁਣਿਆ ਹੈ ਕਿ ਆਪ ਜੈਸੇ ਤੀਰ ਚਲਾਨੇ ਵਾਲਾ ਐਸ ਸਮੇਂ ਦੂਸਰਾ ਕੋਈ ਨਹੀਂ, ਮੇਰਾ ਮਨ ਦੇਖਣ ਨੂੰ ਬਹੁਤ ਚਾਹੁੰਦਾ ਹੈ। ਗੁਰੂ ਸਾਹਿਬ ਜੀ ਨੇ ਓਸੇ ਘੜੀ ਧਨਖ ਚੜ੍ਹਾਕਰ ਆਖਿਆਲਓ ਭਾਈ ਮੀਆਂ! ਦੱਸੋ ਕਿੱਥੇ ਤੀਰ ਮਾਰੀਏਓਸ ਦੂਰ ਸਾਰੇ ਇੱਕ ਬ੍ਰਿਛ ਦਾ ਡਾਲਾ ਦੱਸਿਆ। ਗੁਰੂ ਜੀ ਨੇ ਓਸ ਡਾਲੇ ਵਿੱਚੋਂ ਜਿਤਨੀ ਜਿਤਨੀ ਉਂਗਲ ਦੇ ਫ਼ਰਕ ਨਾਲ ਓਹ ਆਖਦਾ ਗਿਆ, ਪੰਜ ਛੀ ਤੀਰ ਪਾਰ ਸਾਰ ਕਰ ਦਿਖਾਏ। ਏਸ ਹੁਨਰ ਨੂੰ ਦੇਖ ਕੇ ਬਾਦਸ਼ਾਹ ਸਮੇਤ ਸਭ ਹੱਕੇ ਬੱਕੇ ਰਹਿ ਗਏ ਅਤੇ ਓਸ ਅਮੀਰ ਨੇ ਗੁਰੂ ਜੀ ਦੇ ਚਰਨ ਫੜ ਕੇ ਏਸ ਵਿੱਦਯਾ ਦੇ ਸਿੱਖਣ ਦੀ ਇਛਯਾ ਪ੍ਰਗਟ ਕੀਤੀ। ਗੁਰੂ ਮਹਾਰਾਜ ਜੀ ਨੇ ਓਸ ਸਮੇਂ ਓਸ ਨੂੰ ਗੁਰੂ ਜੀ ਨੇ ਨਬੀ ਬਖਸ਼ ਨੂੰ ਤੀਰ ਅੰਦਾਜ਼ੀ ਦਾ ਇੱਕ ਹੱਥ ਦੱਸਿਆ ਇੱਕ ਹੱਥ ਦੱਸਯਾ, ਜਿਸ ਨੂੰ ਸਿੱਖ ਕੇ ਓਹ ਨਿਹਾਲ ਹੋ ਗਿਆ ਤੇ ਬਹੁਤ ਮਹਿਮਾ ਵਰਣਨ ਕੀਤੀ। ਦੂਜੇ ਦਿਨ ਬਾਦਸ਼ਾਹ ਗੁਰੂ ਕਿਆਂ ਨੂੰ ਆਪਣੇ ਸਾਥ ਸ਼ਿਕਾਰ ਵਿੱਚ ਲੈ ਗਿਆ। ਅਨੇਕ ਮ੍ਰਿਗ, ਸਹੇ, ਪਾੜੇ, ਸੂਰ, ਚਿੱਤ੍ਰਯਾਂ, ਕੁੱਤਯਾਂ ਤੋਂ ਮਰਵਾਏ। ਤਦੋਂ ਨੂੰ ਕਿਸੇ ਨੇ ਖ਼ਬਰ ਦਿੱਤੀ ਕੇ ਏਥੇ ਇੱਕ ਬਡਾ ਭਾਰੀ ਸ਼ੇਰ ਹੈ। ਗੁਰੂ ਜੀ ਤੇ ਬਾਦਸ਼ਾਹ ਓਧਰੇ ਝੁਕ ਗਏ। ਹੁਕਮ ਸ਼ਾਹੀ ਹੋਯਾ ਏਸ ਕੇਹਰ ਨੂੰ ਜੋ ਕੋਈ ਤਲਵਾਰ ਨਾਲ ਮਾਰੇਗਾ, ਓਸ ਨੂੰ ਵਡੀ ਪਦਵੀ ਮਿਲੂ। ਏਹ ਹੁਕਮ ਸੁਣ ਕੇ ਇੱਕ ਪਠਾਣ ਪਟੇਬਾਜ਼ ਨੇ ਢਾਲ ਤਲਵਾਰ ਲੈ ਕੇ ਬਾਦਸ਼ਾਹ ਨੂੰ ਆ ਸਲਾਮ ਕੀਤਾ ਅਤੇ ਸ਼ੇਰ ਨੂੰ ਜਾ ਝਪਟਿਆ। ਭਾਵੇਂ ਤੇਗ਼ ਤਾਂ ਵਾਹੀ, ਪਰ ਮਾਰਿਆ ਗਿਆ। ਏਸੇ ਭਾਂਤ ਜਦ
ਤਿੰਨ ਆਦਮੀ ਬਹਾਦਰਸ਼ਾਹ ਦੇ ਮਾਰੇ ਗਏ, ਫੇਰ ਕੋਈ ਨਾ ਨਿਕਲਯਾ ਤਾਂ ਗੁਰੂ ਜੀ ਦੇ ਇਸ਼ਾਰੇ ਨਾਲ ਭਾਈ ਰੋਸ਼ਨ ਸਿੰਘ ਜੀ ਸ਼ੇਰ ਵਾਂਙੂੰ ਗੱਜ ਕੇ ਸ਼ੇਰ ਨੂੰ ਜਾ ਲਪਟੇ। ਸ਼ੇਰ ਨੇ ਭੀ ਭਬਕ ਕਰ ਦੋਵੇਂ ਪੈਰ ਸਿੰਘ ਦੀ ਢਾਲ ਉੱਤੇ ਆ ਰੱਖੇ। ਏਸ ਨੇ ਪੇਟ ਵਿੱਚੋਂ ਤਲਵਾਰ ਫੇਰ ਦਿੱਤੀ। ਟੁਕੜੇ ਕਰ ਕੇ ਗੁਰੂ ਜੀ ਅੱਗੇ ਜਾ ਫ਼ਤੇ ਬੁਲਾਈ। ਬਾਦਸ਼ਾਹ ਇਸ ਸਿੰਘ ਦੀ ਬਹਾਦਰੀ ਦੇਖ ਕੇ ਬਹੁਤ ਖ਼ੁਸ਼ੀ ਹੋਯਾ। ਇਨਾਮ ਦੇਣ ਲਗਾ ਤਾਂ ਸਿੰਘ ਨੇ ਆਖਯਾਸਤਗੁਰਾਂ ਨੇ ਮੈਨੂੰ ਕੋਈ ਪਰਵਾਹ ਨਹੀਂ ਛੱਡੀ।ਏਹ ਬਾਤ ਸੁਣ ਕੇ ਬਾਦਸ਼ਾਹ ਹੋਰ ਬੀ ਖ਼ੁਸ਼ੀ ਹੋਯਾ। ਡੇਰੇ ਨੂੰ ਚਲੇ ਆਏ। ਦੂਜੇ ਦਿਨ ਬਾਦਸ਼ਾਹ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਆਪ ਕ੍ਰਿਪਾ ਕਰ ਕੇ ਹੁਣ ਸਾਡੇ ਸਾਥ ਦੱਖਣ ਦੇਸ ਦਾ ਸੈਲ ਕਰੋ, ਜਿਸ ਕਰ ਕੇ ਤੁਸਾਡੀ ਸਹਾਇਤਾ ਨਾਲ ਮੇਰੇ ਸਾਰੇ ਕਾਰਜ ਸੌਰ ਜਾਣਗੇ। ਗੁਰੂ ਜੀ ਨੇ ਤਾਂ ਓਧਰ ਜਾਣਾ ਹੀ ਸੀ। ਬਹਾਦਰ ਸ਼ਾਹ ਦੀ ਬੇਨਤੀ ਮੰਨ ਕੇ ਦੂਜੇ ਦਿਨ ਆਗਰੇ ਤੋਂ ਚੜ੍ਹ ਕੇ ਲਸ਼ਕਰ ਸਮੇਤ ਰਾਜੇ ਦੇ ਤਾਲ ਜਾ ਉੱਤਰੇ ਜਿਸ ਤੋਂ ਸਾਰੇ ਰਾਜਪੂਤਾਨੇ ਵਿੱਚ ਹਲਚਲੀ ਮਚ ਗਈ। ਸਭ ਰਾਜੇ ਡਰ ਗਏ ਤੇ ਬਰਣੀਆਂ ਬੈਠਾ ਦਿੱਤੀਆਂ। ਬਾਦਸ਼ਾਹ ਪਾਸ ਸਭ ਦੇ ਮਾਤਬਰ ਆ ਪਹੁੰਚੇ। ਜਯੋਂ ਜਯੋਂ ਰਾਜਾ ਅੱਗੋਂ ਆ ਕਰ ਬਾਦਸ਼ਾਹ ਨੂੰ ਮਿਲਦਾ ਰਿਹਾ, ਤਿਉਂ ਤਿਉਂ ਉਹ ਸਭ ਤੋਂ ਗੁਰੂ ਜੀ ਨੂੰ ਭੀ ਜਥਾ ਜੋਗ ਨਜ਼ਰ ਭੇਟਾ ਦਿਵਾਉਂਦਾ ਰਿਹਾ। ਓੜਕ ਚਿਤੌੜਗੜ੍ਹ ਪਾਸ ਜਿਸ ਦਿਨ ਜਾ ਕੇ ਉੱਤਰੇ। ਉਹੋ ਸਿੰਘ ਘਾਹ ਲੈਣ ਗਏ, ਜੇਹੜਾ ਘਾਹ ਰਾਜੇ
( ਚਿਤੌੜ ਵਾਲੇ ਘੋੜਿਆਂ ਵਾਸਤੇ ਰੱਖਯਾ ਹੋਯਾ ਸੀ। ਰਾਜੇ ਦੇ ਆਦਮੀਆਂ ਨੇ ਸਿੰਘਾਂ ਨੂੰ ਰੋਕਿਆ ਤਾਂ ਆਪਸ ਵਿੱਚ ਲੜਾਈ ਹੋ ਪਈ। ਜਦ ਕਾੜਕਾੜ ਦੋਹਾਂ ਪਾਸਿਆਂ ਤੋਂ ਬੰਦੂਕਾਂ ਚੱਲੀਆਂ, ਤਾਂ ਹੋਰ ਰਾਜਪੂਤ ਹੱਲਾ ਕਰ ਕੇ ਸਿੰਘਾਂ ਉੱਤੇ ਜਾ ਪਏ। ਏਹ ਰੌਲਾ ਸੁਣ ਕੇ ਗੁਰੂ ਜੀ ਨੇ ਬੀ ਹੋਰ ਸਿੰਘ ਭੇਜ ਦਿੱਤੇ, ਜੋ ਰਾਜਪੂਤਾਂ ਨੂੰ ਭਜਾ ਕੇ ਘਾਸ ਲੈ ਆਏ। ਓਸ ਲੜਾਈ ਵਿੱਚ ਕਈ ਰਾਜਪੂਤ ਹਿੰਦੂ ਮਾਰੇ ਗਏ। ਫੇਰ ਨਰਬਦਾ ਕਿਨਾਰੇ ਜਾ ਉੱਤਰੇ। ਫੇਰ ਬੀ ਜੇੜ੍ਹੇ ਸਿੰਘ ਪਿੱਛੇ ਆਉਂਦੇ ਸੇ, ਓਨ੍ਹਾਂ ਨੂੰ ਰਾਜਪੂਤਾਂ ਤੇ ਤੁਰਕਾਂ ਨੇ ਹੱਲਾ ਕਰ ਕੇ ਘੇਰ ਲੀਤਾ। ਬੰਦੂਕਾਂ ਦੋਹਾਂ ਪਾਸਿਆਂ ਤੋਂ ਚੱਲੀਆਂ ਗੁਰੂ ਜੀ ਨੇ ਏਸ ਕਲੇਸ਼ ਨੂੰ ਮੇਟਨ ਵਾਸਤੇ ਭਾਈ ਮਾਨ ਸਿੰਘ ਜੀ ਨੂੰ ਭੇਜਿਆ। ਲੜਾਈ ਤਾਂ ਓਸ ਨੇ ਕਹਿ ਸੁਣ ਕੇ ਬੰਦ ਕਰਾ ਦਿੱਤੀ ਪਰ ਇੱਕ ਤੁਰਕ ਨੇ ਧੋਖੇ ਨਾਲ ਭਾਈ ਮਾਨ ਸਿੰਘ ਨੂੰ ਗੋਲੀ ਮਾਰੀ, ਜਿਸ ਕਰ ਕੇ ਓਸ ਉਸੇ ਥਾਂ ਸ਼ਹੀਦ ਹੋ ਗਿਆ, ਜਿਸ ਤੋਂ ਸਿੰਘਾਂ ਨੂੰ ਫੇਬ ਕ੍ਰੋਧ ਜਾਗ ਉੱਠਿਆ। ਮਾਨ ਸਿੰਘ ਨੂੰ ਮਾਰਨ ਵਾਲੇ ਅਨੇਕ ਤੁਰਕਾਂ ਨੂੰ ਤੇਗ ਦੀ ਧਾਰਾ ਥਾਈਂ ਕੱਢ ਛੱਡਯਾ। ਜਦ
ਏਹ ਖ਼ਬਰ ਬਹਾਦੁਰ ਸ਼ਾਹ ਨੂੰ ਪਹੁੰਚੀ, ਤਾਂ ਓਸ ਨੇ ਆਪਣੀ ਅੜਦਲ ਦੀ ਫੌਜ ਭੇਜ ਕੇ ਛੇਤੀ ਨਾਲ ਲੜਾਈ ਬੰਦ ਕਰਾਈ ਤੇ ਦੰਗਾ ਕਰਨ ਵਾਲੇ ਦੋ ਕੁ ਸੌ ਆਪਣੇ ਆਦਮੀ ਕੈਦ ਕਰ ਕੇ ਗੁਰੂ ਕਿਆਂ ਪਾਸ ਭੇਜ ਕਰ ਕਹਿ ਭੇਜਯਾ, ਏਹ ਆਪ ਦੇ ਗ਼ੁਨਾਹੀ ਹਨ। ਜਿਸ ਤਰ੍ਹਾਂ ਦੀ ਸਜ਼ਾ ਆਪ ਦੇਣੀ ਚਾਹੋ, ਨਿਸੰਗ ਦਿਓ। ਮੈਂ ਏਨ੍ਹਾਂ ਦਾ ਹਾਮੀ ਨਹੀਂ। ਬਾਦਸ਼ਾਹ ਦੀ ਐਡੀ ਹਲੇਮੀ ਦੇਖ ਕੇ ਫੇਰ ਤਾਂ ਗੁਰੂ ਸਾਹਿਬ ਜੀ ਨੇ ਭੀ ਬਾਦਸ਼ਾਹ ਨੂੰ ਕਹਿਆ ਭੇਜਯਾ ਕਿ ਏਨ੍ਹਾਂ ਨੂੰ ਤੁਸੀਂ ਮੇਹਰਬਾਨੀ ਕਰ ਕੇ ਛੱਡ ਦੇਹ। ਏਸ ਖ਼ਿਮਾਂ ਕਰਨ ਤੋਂ ਗੁਰੂ ਕਾ ਜਸ
ਸਾਰੇ ਲਸ਼ਕਰ ਵਿੱਚ ਫੈਲ ਗਿਆ ਅਤੇ ਬਾਦਸ਼ਾਹ ਭੀ ਖ਼ੁਸ਼ੀ ਹੋ ਕੇ ਅਗਲੀ ਭਲਕ ਆਪ ਗੁਰੂ ਕਿਆਂ ਪਾਸ ਆਇਆ ਤੇ ਆਪਣਾ ਗ਼ੁਨਾਹ ਮਾਫ਼ ਕਰਾਯਾ। ਅਗਲੇ ਦਿਨ ਓਥੋਂ ਕੂਚ ਕਰ ਕੇ ਗੁਰੂ ਕਯਾਂ ਸਮੇਤ ਅਨੇਕ ਰਾਜਯਾਂ ਤੋਂ ਦੰਡ ਲੈਂਦਾ ਹੋਯਾ ਓਜੈਨ ਜਾ ਕੇ ਉੱਤਰਿਆ, ਤਾਂ ਮਾਲਵੇ ਦੇ ਸਭ ਰਾਜੇ ਆ ਮਿਲੇ। ਅਜਮੇਰ ਵਿੱਚ ਇੱਕ ਬਡਾ ਭਾਰੀ ਦਰਬਾਰ ਹੋਯਾ ਜਿਸ ਵਿੱਚ ਓਸ ਦੇਸ ਦੇ ਸਾਰੇ ਰਾਜਯਾਂ ਤੇ ਨਵਾਬਾਂ ਨੇ ਨਜ਼ਰ ਨੇ ਦੇ ਕਰ ਖਿੱਲਤਾਂ, ਇੱਜ਼ਤਾਂ ਪਾਈਆਂ ਤੇ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਦੀ ਮਹਿਮਾ ਸੁਨ ਕੇ ਸਭ ਤੋਂ ਭੇਟਾਂ ਦਿਵਾਈ, ਬਲਕਿ ਅਨੇਕ ਰਾਜੇ ਗੁਰੂ ਕੇ ਡੇਰੇ ਆ ਕੇ ਮਿਲੇ ਤੇ ਬਾਦਸ਼ਾਹ ਪਾਸ ਸਫਾਰਸ਼ ਕਰਾਉਣੀ ਚਾਹੀ। ਦੂਜੇ ਦਿਨ ਸਾਰੇ ਰਾਜਯਾਂ ਸਮੇਤ ਬਾਦਸ਼ਾਹ ਸ਼ਿਕਾਰ ਚੜ੍ਹਿਆ। ਜਦ ਬਡੇ ਭਾਰੇ ਗਹਿਰੇ ਜੰਗਲ ਵਿੱਚ ਗਏ, ਅਨੇਕ ਜਾਨਵਰ ਮਾਰੇ, ਫੇਰ ਸੁਣਿਆ ਏਥੇ ਇੱਕ ਸ਼ੀਹਣੀ ਤੇ ਸ਼ੇਰ ਦੋ ਬੱਚਯਾਂ ਵਾਲੇ ਹਨ। ਬਾਦਸ਼ਾਹ ਨੇ ਓਹੋ ਚਾਰੇ ਵਿਚਾਰੇ ਫੌਜ ਦੇ ਘੇਰੇ ਵਿੱਚ ਜਾ ਲਏ ਤੇ ਹੁਕਮ ਹੋਯਾ ਸ਼ੀਹਣੀ ਤੇ ਸ਼ੇਰ ਨੂੰ ਤੇਗ ਨਾਲ ਕੋਈ ਸੂਰਮਾ ਮਾਰੇ ਅਰ ਸ਼ੇਰ ਦੇ ਬੱਚੇ ਫੜੇ ਜਾਣ। ਏਹ ਹੁਕਮ ਸੁਣ ਕੇ ਅਨੇਕ ਰਾਜਪੂਤ ਮੁਗਲ ਪਠਾਨ ਬਹਾਦੁਰ ਸ਼ਾਹ ਦੇ ਸਾਮ੍ਹਣੇ ਗਏ। ਕਈ ਮਾਰੇ ਕਈ ਜ਼ਖ਼ਮੀ ਹੋਏ। ਓੜਕ ਓਸ ਸ਼ੇਰ ਨੂੰ ਭਾਈ ਰੋਸ਼ਨ ਸਿੰਘ ਨੇ ਤਲਵਾਰ ਨਾਲ ਸ਼ੇਰ ਮਾਰਨਾ ਭਾਈ ਰੋਸ਼ਨ ਸਿੰਘ ਨੇ ਮਾਰਿਆ। ਫੇਰ ਬੰਦੂਕਾਂ ਦੇ ਤੜਾਕੇ ਚਲਵਾਏ। ਸ਼ੀਹਣੀ ਭੀ ਬੱਚਯਾਂ ਸਮੇਤ ਘਬਰਾ ਕੇ ਘੇਰੇ ਵਿੱਚੋਂ ਨਿੱਕਲ ਆਈ। ਓਸ ਨੇ ਬੀ ਪੰਜ ਸੱਤ ਘੋੜੇ ਆਦਮੀ ਫਾੜੇ, ਤਾਂ ਗੁਰੂ ਜੀ ਨੇ ਨਾਹਰ ਸਿੰਘ ਨੂੰ ਓਸ ਦੇ ਸਾਮ੍ਹਣੇ ਭੇਜਯਾ। ਓਸ ਜੱਟ ਸਿੱਖ ਨੇ ਐਸੀ ਜੱਟ ਵਿੱਦਯਾ ਕੀਤੀ ਕਿ ਜਿਸ ਭੂਰੇ ਦੀ ਗ਼ਿਲਤੀ ਓਹ ਹਮੇਸ਼ ਰੱਖਦਾ ਹੁੰਦਾ ਸੀ, ਓਸ ਦੀ ਦੁਹਰ ਵਿੱਚ ਲਾਠੀ ਪਾ ਕੇ ਖੱਬੇ ਹੱਥ ਫੜ
ਲੀਤੀ, ਹੇਠੋਂ ਦੋਹਾਂ ਪੈਰਾਂ ਹੇਠ ਦੋਵੇਂ ਲੜ ਦੱਬ ਕੇ ਖੜਾ ਹੋ ਰਿਹਾ। ਸ਼ੀਹਣੀਂ ਲਲਕਾਰੀ ਹੋਈ ਨੇ ਪੰਜੇ ਓਸ ਦੇ ਭੂਰੇ ਉਸ ਆ ਰੱਖੇ ਨੌਂਹ ਫਸ ਗਏ ਸੱਜੇ ਹੱਥੋਂ ਤਲਵਾਰ ਮਾਰ ਕੇ ਖੁੱਚ ਬੱਢੀ ਤਾਂ ਡਿੱਗ ਪਈ। ਭੂਰੇ ਵਿੱਚ ਲਪੇਟ ਕੇ ਬਾਦਸ਼ਾਹ ਦੇ ਸਾਹਮਣੇ ਲਿਆ ਸੱਟੀ। ਸਿੰਘ ਦੀ ਏਹ ਸੱਚੀ ਬਹਾਦੁਰੀ ਤੇ ਬਿੱਦਯਾ ਨੂੰ ਦੇਖ ਕੇ ਸਭ ਹੱਕੇ ਬੱਕੇ ਰਹਿ ਗਏ ਤੇ ਵਾਹ! ਵਾਹ! ਦੀ ਆਵਾਜ਼ ਭਰ ਗਈ। ਬਾਦਸ਼ਾਹ ਨੇ ਇਨਾਮ ਦੇਣਾ ਚਾਹਿਆ, ਪਰ ਸਿੰਘ ਨੇ ਏਹੋ ਜਵਾਬ ਦਿੱਤਾ ਕੇ ਗੁਰੂ ਕਿਆਂ ਨੇ ਮੈਨੂੰ ਕੋਈ ਕਮੀ ਨਹੀਂ ਛੱਡੀ। ਫੇਰ ਤਾਂ ਸ਼ੇਰ ਦੇ
( ਜਾਲ ਵਿੱਚ ਫਸਾ ਕੇ ਸ਼ੇਰ ਦੇ ਬੱਚੇ ਭੀ ਫੜਾ ਲੀਤੇ। ਏਹ ਦੋਹਾਂ ਸਿੰਘਾਂ ਦੇ ਹੱਥ ਅਰ ਹੋਸਲੇ ਦੇਖ ਕੇ ਸਭ ਦੇ ਦਿਲ ਉੱਤੇ ਸਿੰਘਾਂ ਦੀ ਬਹਾਦਰੀ ਲਿਖੀ ਗਈ। ਏਸੇ ਭਾਂਤ ਇੱਕ ਦਿਨ ਸਪਰਾ ਗੰਗਾ ਕਿਨਾਰੇ (ਜੋ ਉਜੈਨ ਦੇ ਪਾਸ ਚਲਦੀ ਹੈ) ਬਾਦਸ਼ਾਹ ਨੇ ਨਿਸ਼ਾਨੇ ਗਡਵਾ ਕੇ ਤੀਰੰਦਾਜ਼ੀ ਕਰਵਾਈ। ਓਸ ਸਮੇਂ ਬਡੇ ਬਡੇ ਮਸ਼ਹੂਰ ਤੀਰਾਂ ਦੇ ਚਲਾਉਣ ਵਾਲੇ ਬਹੁਤ ਰਾਜਪੂਤ, ਮੁਗਲ ਪਠਾਣ ਓਥੇ ਸੇ। ਸਭ ਨੇ ਵਧ ਵਧ ਕੇ ਤੀਰ ਚਲਾਏ, ਪਰ ਜਿੱਥੋਂ ਤਾਈਂ ਗੁਰੂ ਸਾਹਿਬ ਜੀ ਦੇ ਤੀਰਾਂ ਨੇ ਜਾ ਕੇ ਨਿਸ਼ਾਨਾਂ ਬੇਧਿਆ, ਓਥੋਂ ਤੱਕ ਕਿਸੇ ਦਾ ਤੀਰ ਪਹੁੰਚਿਆ ਭੀ ਨਾ। ਏਸੇ ਭਾਂਤ ਹੋਰ ਅਨੇਕ ਭਾਂਤ ਦੀ ਵਿੱਦਯਾ ਦੇ ਚਮਤਕਾਰੇ ਗੁਰੂ ਵੱਲੋਂ ਵੇਖ ਕੇ ਸਭ ਰਾਜੇ ਬਹੁਤ ਖ਼ੁਸ਼ੀ ਹੋਏ, ਬਲਕਿ ਅਨੇਕਾਂ ਨੇ ਆਪਣੇ ਮਾਤਬਰ ਗੁਰੂ ਜੀ ਪਾਸ ਭੇਜ ਕੇ ਵਿੱਦਯਾ ਸਿੱਖਣ ਵਾਸਤੇ ਬੇਨਤੀ ਕੀਤੀ ਕਿ ਚਾਰ ਮਹੀਨੇ ਸਾਡੀ ਰਾਜਧਾਨੀ ਨੂੰ ਪਵਿੱਤ੍ਰ ਕਰੋ ਪਰ ਗੁਰੂ ਸਾਹਿਬ ਜੀ ਕਿਸੇ ਦੇ ਘਰ ਨਾ ਗਏ। ਓਥੋਂ ਤੁਰ ਕੇ ਬਾਦਸ਼ਾਹ ਜਦ
ਬਰਹਾਨ ਪੁਰ ਵੰਨੀ ਚੱਲਿਆ, ਰਸਤੇ ਵਿੱਚ ਸਿੰਘਾਂ ਤੇ ਮੁਸਲਮਾਨਾਂ ਦੀ ਟੋਕਾ ਟਾਕੀ ਤਾਂ ਭਾਵੇਂ ਹਮੇਸ਼ ਰਹਿੰਦੀ ਸੀ। ਓੜਕ ਇੱਕ ਦਿਨ ਸੂਰ ਦੇ ਸ਼ਿਕਾਰ ਉੱਤੇ ਲੜਾਈ ਹੋ ਪਈ, ਜਿਸ ਵਿੱਚ ਚਾਰ ਸਿੰਘ ਤੇ ਬਾਰਾਂ ਚੌਦਾਂ ਮੁਸਲਮਾਨ ਮਾਰੇ ਗਏ। ਏਸੇ ਭਾਂਤ ਇੱਕ ਦਿਨ ਫੇਰ ਸਿੰਘਾਂ ਦੇ ਡੇਰੇ ਪਾਸ ਤੁਰਕਾਂ ਨੇ ਗਊਆਂ ਮਾਰੀਆਂ, ਤਾਂ ਸਿੰਘ ਰਹਿ ਨਾ ਸਕੇ। ਤਲਵਾਰਾਂ ਸੂਤ ਕੇ ਜਾ ਪਏ। ਓਸ ਦਿਨ ਬਹੁਤ ਕਟਾਕੱਢ ਹੋਣੀ ਸੀ, ਪਰ ਬਾਦਸ਼ਾਹ ਨੇ ਵਜ਼ੀਰ ਨੂੰ ਭੇਜ ਕੇ ਲੜਾਈ ਬੰਦ ਕਰਾਈ ਤੇ ਗੋ ਬਧ ਕਰਨ ਵਾਲੇ ਮੁਸਲਮਾਨਾਂ ਨੂੰ ਸਜ਼ਾ ਦੇ ਕੇ ਏਸ ਗ਼ੁਨਾਹ ਦੀ ਗੁਰੂ ਜੀ ਤੋਂ ਮਾਫ਼ੀ ਮੰਗੀ। ਨਜ਼ਰ ਨਿਆਜ਼ ਦਿੱਤੀ। ਤਾਂ ਬੀ ਗੁਰੂ ਸਾਹਿਬ ਜੀ ਨੇ ਓਸ ਦਿਨ ਤੋਂ ਆਪਣਾ ਡੇਰਾ ਸ਼ਾਹੀ ਲਸ਼ਕਰ ਤੋਂ ਵੱਖਰਾ ਕਰ ਲੀਤਾ। ਅੱਗੇ ਪਿੱਛੇ ਚੱਲਦੇ ਰਹੇ। ਜਾਂ ਕ੍ਰਿਸ਼ਨਾਂ ਆਦਿਕ ਨਦੀਆਂ ਨੂੰ ਲੰਘ ਕੇ ਤਾਪੀ ਨਦੀ ਕਿਨਾਰੇ ਬੁਰਹਾਨਪੁਰ ਸ਼ਹਿਰ ਜਾ ਕੇ ਗੁਰੂ ਜੀ ਉੱਤਰੇ, ਤਾਂ ਓਥੋਂ ਦੀ ਸੰਗਤ ਨੇ ਬਹੁਤ ਪ੍ਰੇਮ ਪ੍ਰਗਟ ਕਰ ਕੇ ਗੁਰੂ ਜੀ ਨੂੰ ਅਟਕਾ ਲੀਤਾ। ਬਲਕਿ ਓਨ੍ਹਾਂ ਨੇ ਪਹਿਲੇ ਹੀ ਜੋ ਧਰਮਸਾਲਾ ਬਨਾ ਰੱਖੀ ਸੀ (ਜੋ ਹੁਣ ਹਠੀ ਸਿੰਘ ਦਾ ਮੰਦਰ ਮਸ਼ਹੂਰ ਹੈ) ਓਸ ਵਿੱਚ ਜਾਂ ਉਤਾਰੇ ਅਰ ਬਾਦਸ਼ਾਹ ਓਥੋਂ ਨਾਗਪੁਰ ਵੰਨੀ ਚਲਾ ਗਿਆ, ਕਿਉਂਕਿ ਓਸ ਨੇ ਗੋਲ ਕੰਡੇ ਨੂੰ ਜਿੱਥੇ ਬਹੁਤ ਚਿਰ ਤੋਂ ਜੰਗ ਲੱਗ ਰਿਹਾ ਸੀ, ਫਤੇ ਕਰਨ ਜਾਣਾ ਸੀ।