ਦਿੱਲੀ ਵਿੱਚ ਮਾਈਆਂ ਪਾਸ ਜਾਂ ਖ਼ਬਰ ਹੋਈ ਕਿ ਗੁਰੂ ਸਾਹਿਬ ਸਾਬੋ ਕੀ ਤਲਵੰਡੀ ਮਾਲਵੇ ਦੇਸ ਵਿੱਚ ਠਹਿਰੇ ਹੋਏ ਹਨ। ਮਾਤਾ ਸੁੰਦਰੀ ਤੇ ਸਾਹਿਬ ਦੇਵਾਂ ਰਥ ਭਾੜੇ ਕਰ ਕੇ ਭਾਈ ਮਨੀ ਸਿੰਘ ਤੇ ਮਾਮੇ ਕ੍ਰਿਪਾਲ ਚੰਦ ਸਮੇਤ (ਜੋ ਓਨ੍ਹਾਂ ਦੀ ਸੇਵਾ ਸਹਾਯਤਾ ਵਿੱਚ ਓਨ੍ਹਾਂ ਦੇ ਪਾਸ ਦਿੱਲੀ ਵਿੱਚ ਸੇ) ਦਿੱਲੀਓਂ ਚੱਲ ਕੇ ਗੁਰੂ ਜੀ ਪਾਸ ਆਏ। ਜਾਂ ਏਥੇ ਆ ਕੇ ਸਾਹਿਬਜ਼ਾਦਯਾਂ ਦਾ ਤੇ ਮਾਤਾ ਗੁਜਰੀ ਜੀ ਦਾ ਹਾਲ ਸੁਣਿਆ ਤਾਂ ਇਕੋ ਵਾਰੀ ਅੰਧੇਰ ਛਾ ਗਿਆ। ਅਤਯੰਤ ਸ਼ੋਕ ਦੇ ਸਮੰੁਦ੍ਰ ਵਿੱਚ ਗੋਤਾ ਖਾ ਕੇ ਬੇਹੋਸ਼ ਹੋ, ਧਰਤੀ ਤੇ ਡਿੱਗ ਪਏ। ਸੋਝੀ ਆਈ ਤੋਂ ਮਾਈਆਂ ਨੇ ਅਜੇਹਾ ਰੁਦਨ ਕੀਤਾ ਜੋ ਸਾਰੇ ਸਿੱਖ ਸ਼ੋਕ ਦਾ ਸਰੂਪ ਹੋ ਗਏ। ਆਦਮੀ ਦੀ ਕੀ ਵਟਤ ਸੀ? ਪਸ਼ੂ ਪੰਛੀਆਂ ਦੇ ਨੇਤ੍ਰ ਵਹਿ ਗਏ। ਹੁਬਕੀ ਹੁਬਕੀ ਰੋਣ ਲੱਗ ਪਏ। ਮਾਈਆਂ ਦੇ ਕੀਰਨੇ ਸੁਣ ਸੁਣ ਸਭ ਦੀ ਹਿਜਕੀ ਬੱਝ ਗਈ। ਗਯਾਨੀ, ਅਗਯਾਨੀ ਇੱਕ ਵਾਰੀ ਤਾਂ ਕਰੁਣਾ ਰਸ ਦੇ ਦਰਿਆ ਅੱਗੇ ਵਹਿ ਤੁਰੇ। ਓੜਕ ਗੁਰੂ ਸਾਹਿਬ ਜੀ ਨੇ ਧੀਰਜ ਸਭਨਾਂ ਨੂੰ ਗਯਾਨ ਦੇ ਬਚਨ ਸੁਣਾ ਕੇ ਮਾਈਆਂ ਨੂੰ ਆਖਯਾਤੁਸਾਂ ਕਿਉਂ ਐਨਾ ਵੈਰਾਗ ਤੇ ਸ਼ੋਕ ਕਰ ਕੇ ਚਿਲ ਚਿਲਾਂਦੀਆਂ ਹੋ? ਤੁਹਾਡੇ ਪੁੱਤ੍ਰ ਸ਼ੋਕ ਕਰਨ ਯੋਗ ਨਹੀਂ ਹੋਏ, ਜਿਨ੍ਹਾਂ ਨੇ ਛੱਤ੍ਰੀ ਧਰਮ ਨੂੰ ਸੂਰਜ ਵਾਂਙੂ ਪ੍ਰਕਾਸ਼ਤ ਕਰ ਦਿਖਾਯਾ ਹੈ। ਓਹ ਮੋਏ ਨਹੀਂ, ਸਦਾ ਹੀ ਅਮਰ ਹਨ। ਇਸ ਲੋਕ ਵਿੱਚ ਜਸ
ਭਰ ਗਏ। ਪਰਲੋਕ ਸੱਚਖੰਡ ਵਿੱਚ ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਦੇ ਪਾਸ ਹਮੇਸ਼ਾ ਦਿਬਯ ਭੋਗ ਭੋਗਦੇ ਸਦਾ ਹੀ ਅਮਰ ਹਨ। ਓਨ੍ਹਾਂ ਸੂਰਮਿਆਂ ਨੇ ਓਹ ਪਦਵੀ ਪਾਈ ਹੈ ਜਿਸ ਵਾਸਤੇ ਜੋਗੀਸ੍ਵਰ ਮੁਨੀਸ਼੍ਵਰ ਜਤਨ ਕਰਦੇ ਹਨ। ਇਜੇਹੇ ਪੁਤ੍ਰਾਂ ਦੇ ਮਾਤਾ ਪਿਤਾ ਨੂੰ ਕਦੇ ਵੀ ਸ਼ੋਕ ਨਹੀਂ ਕਰਨਾ ਚਾਹੀਦਾ। ਸ਼ੋਕ ਓਨ੍ਹਾਂ ਦਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਮਨ
, ਬੁਧ, ਭਗਤੀ ਭਾਵ ਵਿੱਚ ਨਹੀਂ ਰੰਗੇ ਅਤੇ ਮਾਤਾ ਪਿਤਾ ਦੀ ਸੇਵਾ ਨਹੀਂ ਕੀਤੀ, ਨਿਗੁਰੇ ਰਹੇ ਹਨ। ਜਿਨ੍ਹਾਂ ਨੇ ਰਣ ਵਿੱਚ ਸ਼ਤ੍ਰੂ ਨੂੰ ਪਿੱਠ ਦਿਖਾਈ ਹੋਵੇ। ਬਚਨ ਕਰ ਕੇ ਪਾਲਯਾ ਨਹੀਂ। ਮਿਤ੍ਰ ਦ੍ਰੋਹੀ, ਵਿਸ਼੍ਵਾਸ ਘਾਤ, ਪਰ ਧਨ, ਪਰ ਇਸਤ੍ਰੀ ਵਿੱਚ ਲੰਪਟ ਹੋ ਕੇ ਇੱਕ ਅਕਾਲ ਪੁਰਖ ਨੂੰ ਛੱਡ, ਹੋਰ ਮੜੀ, ਮਸਾਣੀ, ਦੇਵੀ ਦੇਵਤਾ ਦੀ ਸ਼ਰਨ ਤਕਾਈ ਹੋਵੇ, ਏਹੋ ਜੇਹੋ ਜੇਹੇ ਪੁਰਖਾਂ ਦਾ ਸ਼ੋਕ ਕਰਨਾ ਚਾਹੀਏ। ਬਾਕੀ ਜਿਨ੍ਹਾਂ ਨੇ ਵੈਰੀਆਂ ਦੇ ਸਾਹਮਣੇ ਜੰਗ ਭੂਮੀ ਵਿੱਚ ਸ਼ਸਤ੍ਰ ਨਾਲ ਧਰਮ ਰੱਖਯਾ ਪ੍ਰਾਣ ਦਿੱਤੇ ਹੋਣ ਓਹ ਪੁਰਖ ਸੋਚਣ ਦੇ ਯੋਗ ਨਹੀਂ ਹੁੰਦੇ। ਓਹ ਆਪ ਭੀ ਤਰ ਜਾਂਦੇ ਹਨ ਤੇ ਸਬੰਧੀਆਂ ਨੂੰ ਇੱਕੀ ਪੀਹੜੀਆਂ ਤੱਕ ਤਾਰ ਲੈਂਦੇ ਹਨ। ਅਜੇਹੇ ਪੁਰਖਾਂ ਦੇ ਮਾਤਾ ਪਿਤਾ ਭੀ ਧੰਨਤਾ ਦੇ ਯੋਗ ਹੁੰਦੇ ਹਨ। ਹੁਣ ਤੁਸੀਂ ਸੋਚੋ ਨਾ। ਅਕਾਲ ਪੁਰਖ ਦਾ ਭਾਣਾ ਮੰਨ ਕੇ ਵਾਹਿਗੁਰੂ ਦਾ ਭਜਨ ਕਰੋ। ਬੀਤ ਗਈ ਬਾਤ ਦੀ ਚਿੰਤਾ ਨਹੀਂ ਕਰਨੀ ਲੋੜਦੀ। ਕਾਲ ਅੱਗੇ ਬਾਲਕ ਬਿਰਧ ਸਭ ਇਕੋ ਜੇਹੇ ਹਨ। ਜੰਮਣਾ ਮਰਨਾ ਦੁਨੀਆਂ ਦੀ ਕਾਰ ਹੈ। ਜੋ ਸ਼ੁਭ ਕੰਮਾਂ ਵਿੱਚ ਆਪਣੇ ਸਰੀਰ ਦੀ ਉਮਰ ਖ਼ਰਚ ਕਰਦੇ ਹਨ, ਓਨ੍ਹਾਂ ਦਾ ਜਨਮ
ਸੁਫਲਾ ਹੁੰਦਾ ਹੈ। ਦੇਖੋ ਲਛਮਨ ਜੀ ਕੇਵਲ ਇੱਕ ਆਪਣੇ ਭਾਈ ਰਾਮਚੰਦ੍ਰ ਜੀ ਦੇ ਵਾਸਤੇ ਜ਼ਖ਼ਮੀ ਹੋਏ ਸੇ ਤਾਂ ਉਨ੍ਹਾਂ ਦੀ ਮਾਤਾ ਨੇ ਆਖਿਆਹੌ ਤੌ ਆਜ ਸਪੂਤੀ ਭਈ। ਲਛਮਨ ਦੇਹਿ ਰਾਮ ਹਿਤ ਗਈ।ਹੇ ਧਰਮਾਤਮਾ ਸੁਪਤਨੀ! ਤੇਰੇ ਪੁੱਤ੍ਰ ਤਾਂ ਕੇਵਲ ਸਿੱਖ ਧਰਮ ਪੁਰ ਹੀ ਕੁਰਬਾਨ ਨਹੀਂ ਹੋਏ ਸਗੋਂ ਆਰਯ ਕੌਮ ਦੇ ਵਾਸਤੇ ਸ਼ਹੀਦ ਹੋਏ ਹਨ। ਸੋ ਤੁਹਾਡਾ ਰੋਣਾ ਤੇ ਸ਼ੋਕ ਕਰਨਾ ਸਰਬਥਾ ਅਯੋਗ ਹੈ ਅਰ ਪਰਮੇਸ਼੍ਵਰ ਦੇ ਭਾਣੇ ਵਿੱਚ ਪ੍ਰਸੰਨ ਰਹਿਣਾ ਯੋਗ ਹੈ। ਮਹਾਰਾਜ ਜੀ ਦਾ ਉਪਦੇਸ਼ ਮੰਨ ਕੇ ਜਦ
ਮਾਈਆਂ ਨੇ ਰੁਦਨ ਛੱਡ ਦਿੱਤਾ ਤਾਂ ਗੁਰੂ ਜੀ ਨੇ ਇਸ ਦਿਨ ਤੋਂ ਅਨੰਦਪੁਰੋਂ ਚੱਲੇ ਸਾਰਾ ਬ੍ਰਿਤਾਂਤ ਰਸਤੇ ਦਾ ਸੁਣਾਇਆ ਤਾਂ ਓਹ ਅਚਰਜ ਮੰਨ ਗਈਆਂ। ਫੇਰ ਆਰਯ ਲਫ਼ਜ਼ ਤੋਂ ਅੱਜ ਕੱਲ੍ਹ ਦੇ ਦਯਾਨੰਦੀਏ (ਜੋ ਆਪਣੇ ਆਪ ਨੂੰ ਆਰਯੇ ਕਹਾਂਦੇ ਹਨ) ਨਹੀਂ ਸਮਝਣੇ। ਜੋ ਭਾਰਤ ਵਰਸ਼ ਦੇ ਬਾਸ਼ਿੰਦੇ ਸਨ ਓਹ ਸਭ ਆਰਯ ਕਰ ਕੇ ਪਹਿਲੇ ਪੁਕਾਰੇ ਜਾਂਦੇ ਸੇ। ਸੋ ਏਥੇ ਭਾਰਤ ਨਿਵਾਸੀ ਸਭ ਆਰਯ ਜਾਨਣੇ।
( ਮਹਾਰਾਜ ਜੀ ਨੇ ਓਨ੍ਹਾਂ ਦੀ ਸਾਰੀ ਕਥਾ ਸੁਣੀ। ਫੇਰ ਭਾਈ ਮਨੀ ਸਿੰਘ ਦੀ ਸੇਵਾ ਤੇ ਸਿਦਕ ਦਾ ਹਾਲ ਸੁਣ ਕੇ ਉਸ ਨੂੰ ਸਿੱਖੀ ਦਾਨ ਦਾ ਵਰ ਦਿੱਤਾ। ਤਦੋਂ ਨੂੰ ਸਰਦਾਰ ਡੱਲੇ ਨੇ ਆ ਕੇ ਮਾਈਆਂ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਮਾਈ ਜੀ! ਤੁਸੀਂ ਕਿਲ੍ਹੇ ਵਿੱਚ ਚੱਲ ਰਹੋ। ਓਥੇ ਤੀਵੀਆਂ ਨਾਲ ਪਰਚਾ ਬਣਿਆ ਰਹੇਗਾ। ਮਾਈਆਂ ਨੇ ਅੰਦਰ ਜਾਣ ਤੋਂ ਜਵਾਬ ਦੇ ਕੇ ਆਖਿਆਭਾਈ ਡੱਲਿਆ ਸਾਨੂੰ ਏਹਨਾਂ ਦੇ ਚਰਨਾਂ ਪਾਸ ਰਹਿਣਾ ਹੀ ਸ਼ੀਸ਼ ਮਹਿਲ ਤੇ ਜ਼ਮੀਨ ਪੁਰ ਪੈਣਾ ਹੀ ਨਵਾਰੀ ਪਲੰਘ ਹੈ।ਇਹ ਬਚਨ ਸੁਣ, ਸੱਚੇ ਮੰਨ ਕੇ ਡੱਲੇ ਨੇ ਓਸ ਥਾਂ ਇੱਕ ਵੱਖਰਾ ਤੰਬੂ ਮਾਈਆਂ ਲਈ ਲਗਵਾ ਦਿੱਤਾ ਤੇ ਸੇਵਾ ਵਾਸਤੇ ਟਹਿਲਣ ਰੱਖ ਦਿੱਤੀ। ਖਾਨ ਪਾਨ ਦੀ ਸੇਵਾ ਆਪ ਕਰਦਾ ਕਰਾਉਂਦਾ ਰਿਹਾ। ਭਾਵੇਂ ਦੇਗ ਦਾ ਖ਼ਰਚ ਬਾਹਰ ਓਸੇ ਵੱਲੋਂ ਹੁੰਦਾ ਸੀ, ਪੰ੍ਰਤੂ ਫੇਰ ਭੀ ਕਈ ਵਾਰੀ ਸਾਰੀ ਫੌਜ ਤੇ ਸੰਗਤ ਅਰ ਮਾਈਆਂ ਸਮੇਤ ਡੱਲਾ ਆਪਣੇ ਘਰ ਲੈ ਜਾ ਕੇ ਸਭ ਨੂੰ ਪ੍ਰਸ਼ਾਦ ਛਕਾਉਂਦਾ ਤੇ ਯਥਾ ਯੋਗ ਨਜ਼ਰ ਭੇਟਾ ਦੇਂਦਾ ਰਿਹਾ। ਹੁਣ ਮਾਈਆਂ ਨੂੰ ਭੀ ਆਪਣੇ ਘਰ ਬੜੇ ਅਦਬ ਨਾਲ ਲੈ ਜਾ ਕੇ ਪ੍ਰਸ਼ਾਦ ਛਕਾਏ ਅਤੇ ਜ਼ੇਵਰ ਤੇਵਰ ਅਰਪਣ ਕੀਤੇ।